ਅੰਮ੍ਰਿਤਸਰ ਬੰਬ ਧਮਾਕੇ ''ਚ ਗ੍ਰਿਫਤਾਰ ਨੌਜਵਾਨ ਨੂੰ ਮਾਨ ਨੇ ਦੱਸਿਆ ਨਿਰਦੋਸ਼
Friday, Nov 23, 2018 - 02:37 PM (IST)

ਬਰਨਾਲਾ(ਪੁਨੀਤ)— ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਚ ਸਥਿਤ ਨਿਰੰਕਾਰੀ ਭਵਨ ਵਿਚ ਬੀਤੇ ਦਿਨੀਂ ਹੋਏ ਬੰਬ ਧਮਾਕੇ ਨੂੰ ਲੈ ਕੇ ਚੱਲ ਰਹੀ ਜਾਂਚ 'ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਸਵਾਲ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਸਿਮਰਜੀਤ ਸਿੰਘ ਮਾਨ ਅੱਜ ਬਰਨਾਲਾ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਅਤੇ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਜਾਂਚ 'ਤੇ ਸਾਨੂੰ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇੰਟਰਨੈਸ਼ਨਲ ਪੱਧਰ ਦੀ ਏਜੰਸੀ ਹੀ ਇਸ ਮਾਮਲੇ ਦੀ ਜਾਂਚ ਕਰੇ ਤਾਂ ਕਿ ਪਤਾ ਲੱਗ ਸਕੇ ਕਿ ਆਖੀਰ ਇਹ ਹਮਲਾ ਕੀਤਾ ਕਿਸ ਨੇ ਹੈ।
ਮਾਨ ਨੇ ਕਿਹਾ ਕਿ ਆਈ.ਐੱਸ.ਆਈ. ਅਤੇ ਸਿੱਖ ਨੌਜਵਾਨਾਂ ਸਿਰ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਮੜ੍ਹੇ ਦੋਸ਼ਾਂ ਨੂੰ ਅਸੀਂ ਸਿਰੇ ਤੋਂ ਰੱਦ ਕਰਦੇ ਹਾਂ ਅਤੇ ਗ੍ਰਿਫਤਾਰ ਕੀਤਾ ਗਿਆ ਸਿੱਖ ਨੌਜਵਾਨ ਨਿਰਦੋਸ਼ ਹੈ। ਜੇਕਰ ਆਈ.ਐੱਸ.ਆਈ. ਅਤੇ ਖਾਲਿਸਤਾਨੀਆਂ ਨੇ ਇਹ ਹਮਲਾ ਕੀਤਾ ਹੁੰਦਾ ਤਾਂ ਅੰਮ੍ਰਿਤਸਰ ਏਅਰਪੋਰਟ ਜਾਂ ਕਿਸੇ ਹੋਰ ਜਗ੍ਹਾ 'ਤੇ ਕਰਦੇ, ਜਿਸ ਦਾ ਇੰਟਰਨੈਸ਼ਨਲ ਪੱਧਰ 'ਤੇ ਉਨ੍ਹਾਂ ਨੂੰ ਲਾਭ ਮਿਲਦਾ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਸੰਗਰੂਰ ਹਲਕੇ ਤੋਂ ਲੜਨਗੇ।