ਅੰਮ੍ਰਿਤਸਰ ਹਮਲੇ ਲਈ ਕੈਪਟਨ ਅਮਰਿੰਦਰ ਜ਼ਿੰਮੇਵਾਰ: ਸੁਖਬੀਰ

11/20/2018 9:27:28 AM

ਚੰਡੀਗੜ੍ਹ (ਅਸ਼ਵਨੀ)— ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਸਰ ਵਿਚ ਗ੍ਰਨੇਡ ਦੇ ਹਮਲੇ ਲਈ ਪੂਰੀ ਤਰ੍ਹਾਂ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਦੇ ਹੱਥ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਉਨ੍ਹਾਂ ਗ੍ਰਨੇਡ ਹਮਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਸ ਗ੍ਰਨੇਡ ਹਮਲੇ ਨੇ 25 ਸਾਲ ਪੁਰਾਣੀ ਯਾਦ ਤਾਜ਼ਾ ਕਰ ਦਿੱਤੀ। ਉਦੋਂ ਕਾਲਜ ਤੇ ਯੂਨੀਵਰਸਿਟੀ ਦੇ ਹੋਸਟਲਾਂ 'ਚ ਏ. ਕੇ. 47 ਮਿਲਦੀ ਸੀ, ਗ੍ਰਨੇਡ ਦੀ ਵਰਤੋਂ ਹੁੰਦੀ ਸੀ। ਹੁਣ ਉਹੀ ਦੌਰ ਦੁਬਾਰਾ ਪੰਜਾਬ 'ਚ ਲਿਆਂਦਾ ਜਾ ਰਿਹਾ ਹੈ ਅਤੇ ਇਹ ਸਭ ਕਾਂਗਰਸ ਕਰ ਰਹੀ ਹੈ। ਉਦੋਂ ਵੀ ਕਿਹਾ ਗਿਆ ਸੀ, ਅੱਗ ਲਾਉਣੀ ਬੰਦ ਕਰੋ ਪਰ ਕਾਂਗਰਸ ਨੇ ਨਹੀਂ ਸੁਣਿਆ ਅਤੇ ਪੰਜਾਬ ਇਸ ਦਾ ਖਮਿਆਜ਼ਾ ਅੱਜ ਤੱਕ ਭੋਗ ਰਿਹਾ ਹੈ। ਪਿਛਲੇ ਡੇਢ ਸਾਲ ਤੋਂ ਕੈਪਟਨ ਅਮਰਿੰਦਰ ਸਿੰਘ ਉਹੀ 25 ਸਾਲ ਪੁਰਾਣੀ ਨੀਤੀ ਅਪਣਾ ਰਿਹਾ ਹੈ, ਜੋ ਗਾਂਧੀ ਪਰਿਵਾਰ ਨੇ ਅਪਣਾਈ ਸੀ। ਨਤੀਜਾ, ਅੱਜ ਪੰਜਾਬ ਨੂੰ ਉਸੇ ਦੌਰ 'ਚ ਸੁੱਟਿਆ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਇਹ ਸਭ ਹੋ ਰਿਹਾ ਹੈ।

ਬਾਦਲ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰ : ਸੁਖਬੀਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੰਜਾਬ ਦੇ ਵਿਗੜਦੇ ਹਾਲਾਤ ਸਬੰਧੀ ਪੱਤਰ ਲਿਖਿਆ ਹੈ। ਸੁਖਬੀਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਸੋਮਵਾਰ ਨੂੰ ਪੁਲਸ ਹੈੱਡਕੁਆਰਟਰ ਗਏ ਸਨ ਅਤੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਤੋਂ ਪੁੱਛਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ 'ਚ ਕਾਨੂੰਨ-ਵਿਵਸਥਾ ਨੂੰ ਲੈ ਕੇ ਕਿੰਨੀ ਵਾਰ ਬੈਠਕ ਕੀਤੀ ਹੈ। ਇਕ ਵੀ ਪੁਲਸ ਅਧਿਕਾਰੀ ਕੋਈ ਜਵਾਬ ਨਹੀਂ ਦੇ ਸਕਿਆ।

ਸੰਸਦ ਮੈਂਬਰ ਰਵਨੀਤ ਬਿੱਟੂ ਦੇ ਸਵਾਲ ਦਾ ਜਵਾਬ ਦੇਵੇ ਪੰਜਾਬ ਸਰਕਾਰ : ਸੁਖਬੀਰ ਨੇ ਕਿਹਾ ਕਿ ਅੱਜ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਤ ਦਾਦੂਵਾਲ 'ਤੇ ਸਵਾਲ ਚੁੱਕਿਆ ਹੈ। ਰਵਨੀਤ ਬਿੱਟੂ ਨੇ ਦਾਦੂਵਾਲ ਦੇ ਖਾਤੇ 'ਚ ਆਏ 20 ਕਰੋੜ ਰੁਪਏ 'ਤੇ ਸਵਾਲ ਪੁੱਛਿਆ ਹੈ ਅਤੇ ਕਿਹਾ ਹੈ ਕਿ ਪੰਜਾਬ ਦੇ ਵਿਗੜਦੇ ਹਾਲਾਤ ਦਾ ਕਾਰਨ ਬਰਗਾੜੀ 'ਚ ਬੈਠੇ ਲੋਕ ਹਨ। ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਨੇ ਵਿਧਾਨਸਭਾ 'ਚ ਵੀ ਇਹੀ ਕਿਹਾ ਸੀ ਕਿ ਦਾਦੂਵਾਲ ਨੇ ਰਾਤ ਨੂੰ ਪੰਜਾਬ ਦੇ ਮੰਤਰੀਆਂ ਨਾਲ ਬੈਠਕ ਕੀਤੀ। ਦਾਦੂਵਾਲ ਦੇ ਖਾਤੇ 'ਚ ਪੈਸੇ ਆਏ ਪਰ ਉਦੋਂ ਪੰਜਾਬ ਸਰਕਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇਤਾ ਝੂਠ ਬੋਲ ਰਹੇ ਹਨ। ਹੁਣ ਜਦੋਂ ਉਨ੍ਹਾਂ ਦਾ ਆਪਣਾ ਸੰਸਦ ਮੈਂਬਰ ਸਵਾਲ ਪੁੱਛ ਰਿਹਾ ਹੈ ਤਾਂ ਪੰਜਾਬ ਸਰਕਾਰ ਇਸ ਦਾ ਜਵਾਬ ਦੇਵੇ।


cherry

Content Editor

Related News