ਭਾਈ ਚਤਰ ਸਿੰਘ ਜੀਵਨ ਸਿੰਘ ਫਰਮ ਨੇ 'ਸੁਖਮਨਾ ਸਾਹਿਬ' ਬਾਰੇ ਸਪੱਸ਼ਟੀਕਰਨ ਦਿੱਤਾ

07/20/2020 6:44:25 PM

ਅੰਮ੍ਰਿਤਸਰ (ਅਨਜਾਣ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਸਕੱਤਰੇਤ 'ਤੇ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਵਲੋਂ ਦਿੱਤੀ ਸ਼ਿਕਾਇਤ 'ਤੇ ਭਾਈ ਚਤਰ ਸਿੰਘ ਜੀਵਨ ਸਿੰਘ ਵਲੋਂ ਬੁਲਾਈ ਗਈ ਪ੍ਰੈਸ ਕਾਨਫਰੰਸ 'ਚ ਫਰਮ ਦੇ ਮਾਲਕ ਹਰਭਜਨ ਸਿੰਘ ਤੇ ਪ੍ਰਭਦੀਪ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਖੁਲਾਸਾ ਕੀਤਾ ਕਿ ਸਭਾ ਵਲੋਂ ਸਕੱਤਰੇਤ 'ਤੇ ਕੀਤੀ ਸ਼ਿਕਾਇਤ ਬਿਲਕੁਲ ਬੇ-ਬੁਨਿਆਦ ਹੈ। ਹਰਭਜਨ ਸਿੰਘ ਤੇ ਪ੍ਰਭਦੀਪ ਸਿੰਘ ਨੇ ਕਿਹਾ ਕਿ ਸੁਖਮਨਾ ਸਾਹਿਬ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵਲੋਂ ਉਚਾਰਣ ਕੀਤੀ ਹੋਈ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 833 ਤੇ ਸੁਭਾਏਮਾਨ ਹੈ। ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ 833 ਤੋਂ ਲੈ ਕੇ 1326 ਅੰਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਹੈ। ਉਨ੍ਹਾਂ ਇਸ ਬਾਣੀ ਦਾ ਤੱਤਕਰਾ ਵੀ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਕ ਹੋਰ ਗੁਟਕਾ ਸਾਹਿਬ ਜਿਸ 'ਤੇ ਨੀਲਾ ਬਾਰਡਰ ਹੈ ਉਸ 'ਚ ਸੁਖਮਨੀ ਸਾਹਿਬ ਦੇ ਪਾਠ ਨਾਲ ਸੰਪਟ ਲੱਗਾ ਹੈ ਉਹ ਸਾਡੇ ਵਲੋਂ ਪ੍ਰਕਾਸ਼ਿਤ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਇਕ ਹੋਰ ਗੁਟਕਾ ਸਾਹਿਬ ਹੈ ਜਿਸ 'ਤੇ ਸਤਿਗੁਰੂ ਸ੍ਰੀ ਰਾਮ ਸਿੰਘ ਜੀ ਸਹਾਏ ਉਸ 'ਚ ਹਵਨ ਸਮੱਗਰੀ ਬਾਰੇ ਲਿਖਿਆ ਹੈ ਉਹ ਨਾਮਧਾਰੀ ਸੰਪਰਦਾ ਭੈਣੀ ਸਾਹਿਬ ਵਾਲੇ ਪ੍ਰਕਾਸ਼ਿਤ ਕਰਦੇ ਨੇ। ਸਾਡੇ ਵਲੋਂ ਸੁਖਮਨਾ ਸਾਹਿਬ ਦੀ ਬਾਣੀ ਦਾ ਜੋ ਗੁਟਕਾ ਸਾਹਿਬ ਛਾਪਿਆ ਜਾਂਦਾ ਹੈ ਉਹ ਦਮਦਮੀ ਟਕਸਾਲ ਤੇ ਸਿੰਘ ਬਰਦਰ ਵਲੋਂ ਵੀ ਛਾਪਿਆ ਜਾਂਦਾ ਹੈ। ਇਹ ਸਭ ਕੁਝ ਸਾਡੀ ਫਰਮ ਨੂੰ ਬਦਨਾਮ ਕਰਨ ਜਾਂ ਫੇਰ ਅਗਿਆਨਤਾ ਵੱਸ ਕੀਤਾ ਗਿਆ ਹੈ। ਇਸ ਬਾਰੇ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਮੁਆਫ਼ੀ ਵੀ ਮੰਗ ਲਈ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ. ਜੀ. ਪੀ., ਕਮਿਸ਼ਨਰ ਪੁਲਸ ਤੇ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਬਾਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਹੁਕਮ ਹੋਵੇਗਾ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਾਂਗੇ। ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਮੁਆਫ਼ੀ ਮੰਗ ਲਈ ਹੈ ਪਰ ਸ਼ਿਕਾਇਤ ਕਰਨ ਵਾਲਿਆਂ ਵਲੋਂ ਗੁਰੂ ਘਰ ਦੇ ਵਜ਼ੀਰ ਹੋਣ ਦੇ ਬਾਵਜੂਦ ਵੀ ਇਸ ਬਾਣੀ ਬਾਰੇ ਜਾਣਕਾਰੀ ਨਾ ਰੱਖਣਾ ਬੜੇ ਅਫ਼ਸੋਸ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਖ਼ਸ਼ਾਂ ਖਿਲਾਫ਼ ਜਿਨ੍ਹਾਂ ਫਰਮ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਹੈ ਅਸੀਂ ਪੁਲਸ ਨੂੰ ਸ਼ਿਕਾਇਤ ਦਰਜ ਕਰਾਵਾਂਗੇ ਤੇ ਮਾਣਹਾਨੀ ਦਾ ਦਾਅਵਾ ਵੀ ਕਰਾਂਗੇ। 

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਨੌਜਵਾਨਾਂ ਨੇ ਏ.ਐੈੱਸ.ਆਈ. 'ਤੇ ਕੀਤਾ ਹਮਲਾ, ਕੀਤਾ ਲਹੂ-ਲੁਹਾਣ

ਅਸੀਂ ਤਾਂ ਵੀਡੀਓ ਵਾਇਰਲ ਹੋਣ 'ਤੇ ਹੀ ਸ਼ਿਕਾਇਤ ਕੀਤੀ ਸਾਨੂੰ ਇਸ ਬਾਰੇ ਨਹੀਂ ਪਤਾ : ਗੁਰਮੇਲ ਸਿੰਘ
ਇਸ ਬਾਰੇ ਜਦ ਗ੍ਰੰਥੀ ਰਾਗੀ ਪ੍ਰਚਾਰਕ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਪਤਾ ਸ੍ਰੀ ਸੁਖਮਨਾ ਸਾਹਿਬ ਦੀ ਬਾਣੀ ਬਾਰੇ ਤੇ ਨਾ ਹੀ ਉਨ੍ਹਾਂ ਇਹ ਦੇਖਿਆ ਕਿ ਦੂਸਰਿਆਂ ਦੋ ਗੁਟਕਾ ਸਾਹਿਬ 'ਤੇ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਫਰਮ ਦਾ ਨਾਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਵੀਡੀਓ ਵਾਇਰਲ ਹੋਣ 'ਤੇ ਹੀ ਸ਼ਿਕਾਇਤ ਦਰਜ ਕਰਵਾਈ ਹੈ। ਹੁਣ ਦੇਖਣਾ ਇਹ ਬਣਦਾ ਹੈ ਕਿ ਕੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੇ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕਰਨਗੇ, ਜੋ ਬਿਨਾਂ ਕਿਸੇ ਘੋਖ ਪੜਤਾਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸ਼ਿਕਾਇਤ ਕਰਨ ਲਈ ਪਹੁੰਚ ਜਾਂਦੇ ਹਨ। ਪੱਤਰਕਾਰ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਣ ਕਾਰਣ ਗੁਰਮੇਲ ਸਿੰਘ ਨੇ ਆਪਣਾ ਫੋਨ ਵਿਚ ਹੀ ਕੱਟਣ ਉਪਰੰਤ ਬੰਦ ਕਰ ਲਿਆ। ਇਸ ਮਾਮਲੇ 'ਚ ਜਥੇਦਾਰ ਸਾਹਿਬ ਦੇ ਨਿੱਜੀ ਸਹਾਇਕ ਤੇ ਕੁਝ ਵਿਦਵਾਨਾ ਦਾ ਪ੍ਰਤੀਕਰਨ ਲੈਣ ਲਈ ਜਦ ਉਨ੍ਹਾਂ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਉਠਾਇਆ।

ਇਹ ਵੀ ਪੜ੍ਹੋਂ : ਭਾਈ ਚਤਰ ਸਿੰਘ ਜੀਵਨ ਸਿੰਘ ਖਿਲ਼ਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜੀ ਸ਼ਿਕਾਇਤ

 


Baljeet Kaur

Content Editor

Related News