ਬਟਾਲਾ ਧਮਾਕਾ : ਸੋਨੀ ਨੇ ਆਪਣੀ ਹੀ ਸਰਕਾਰ ਦੇ ਸਿਸਟਮ ਨੂੰ ਲਿਆ ਘੇਰੇ 'ਚ (ਵੀਡੀਓ)

09/05/2019 4:45:04 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) - ਬੀਤੇ ਦਿਨ ਹੋਏ ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ 23 ਲੋਕਾਂ ਦੀ ਮੌਤ ਹੋ ਗਈ ਸੀ ਅਤੇ 4 ਦਰਜਨ ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਲਈ ਕਈ ਮੰਤਰੀ ਅਤੇ ਆਗੂ ਪਹੁੰਚ ਰਹੇ ਹਨ। ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਵੀ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਦੀ ਸਾਰ ਲੈਣ ਲਈ ਅੱਜ ਗੁਰੂ ਨਾਨਕ ਹਸਪਤਾਲ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ। ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓ.ਪੀ. ਸੋਨੀ ਨੇ ਪਟਾਕਾ ਫੈਕਟਰੀ 'ਚ ਹੋਏ ਬਲਾਸਟ ਲਈ ਆਪਣੀ ਹੀ ਸਰਕਾਰ ਦੇ ਸਿਸਟਮ ਨੂੰ ਘੇਰੇ 'ਚ ਲਿਆ ਹੈ। ਉਨ੍ਹਾਂ ਨੇ ਪੱਤਰਕਾਰਾਂ ਨੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਰਿਹਾਇਸ਼ੀ ਇਲਾਕਿਆਂ 'ਚ ਚਲ ਰਹੀਆਂ ਪਟਾਕਾ ਫੈਕਟਰੀਆਂ ਨੂੰ ਸਿਸਟਮ ਦੀ ਨਾਲਾਇਕੀ ਦੇ ਚਲਦਿਆਂ ਬੰਦ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਅਜਿਹੇ ਹਾਦਸੇ ਹੋ ਰਹੇ ਹਨ। ਹਾਦਸੇ ਹੋਣ ਤੋਂ ਬਾਅਦ ਹੀ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਕਿਸੇ ਦੀ ਗੱਲ ਕਿਉਂ ਨਹੀਂ ਸੁਣੀ।

ਉਨ੍ਹਾਂ ਕਿਹਾ ਕਿ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਅਤੇ ਪੀੜਤਾਂ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਆ ਰਹੇ ਹਨ। ਧਮਾਕੇ ਕਾਰਨ ਮਰਨ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 2-2 ਲੱਖ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਅਤੇ ਜ਼ਖਮੀਆਂ ਦਾ ਇਲਾਜ ਮੁਫਤ ਕੀਤਾ ਜਾਵੇਗਾ। ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਵਿਧਾਇਕ ਬਣ ਕੈਪਟਨ ਦੀ ਕੈਬਨਿਟ 'ਚ ਸ਼ਾਮਲ ਹੋਏ ਓ.ਪੀ ਸੋਨੀ ਆਪਣੇ ਖਾਸ ਅੰਦਾਜ ਕਾਰਨ ਜਾਣੇ ਜਾਂਦੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੀ ਹੀ ਸਰਕਾਰ ਦੇ ਉਲਟ ਬਿਆਨ ਜਾਰੀ ਕਰ ਚੁੱਕੇ ਹਨ।


rajwinder kaur

Content Editor

Related News