ਨਕਲੀ ਬੀਜ ਮਾਮਲੇ ਦੀ ਹੋਵੇ ਸੀ.ਬੀ.ਆਈ.ਜਾਂਚ: ਗਿੱਲ, ਰਣੀਕੇ

Thursday, Jun 18, 2020 - 04:42 PM (IST)

ਅੰਮ੍ਰਿਤਸਰ (ਛੀਨਾ) : ਕਾਂਗਰਸ ਸਰਕਾਰ ਦੀਆਂ ਕਿਸਾਨ, ਗਰੀਬ ਤੇ ਮੁਲਾਜ਼ਮ ਮਾਰੂ ਨੀਤੀਆ ਦੇ ਖਿਲਾਫ ਅੱਜ ਅਕਾਲੀ-ਭਾਜਪਾ ਦੇ ਨੁਮਾਇੰਦਿਆਂ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਬਾਹਰ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਅੱਜ ਹਰ ਵਰਗ ਦੇ ਲੋਕ ਬੇਹੱਦ ਦੁਖੀ ਹਨ, ਜਿੰਨ੍ਹਾਂ ਦੀ ਆਵਾਜ਼ ਇਸ ਅੰਨ੍ਹੀ ਬੋਲੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਹੀ ਅੱਜ ਅਕਾਲੀ ਭਾਜਪਾ ਗਠਜੋੜ ਨੂੰ ਧਰਨੇ ਲਗਾਉਣੇ ਪੈ ਰਹੇ ਹਨ। 

ਇਹ ਵੀ ਪੜ੍ਹੋਂ : ਡਾਕਟਰਾਂ ਦੀ ਵੱਡੀ ਲਾਪ੍ਰਵਾਹੀ : ਕੋਰੋਨਾ ਜਾਂਚ ਲਈ ਲਏ ਨਮੂਨੇ ਕਈ-ਕਈ ਦਿਨ ਪਏ ਰਹਿੰਦੇ ਨੇ ਲੈਬੋਰੇਟਰੀ 'ਚ

ਗਿੱਲ ਤੇ ਰਣੀਕੇ ਨੇ ਕਿਹਾ ਕਿ ਬਾਦਲ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗਰੀਬ ਪਰਿਵਾਰਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਲਈ ਨੀਲੇ ਕਾਰਡ ਜਾਰੀ ਕੀਤੇ ਸਨ, ਜਿੰਨਾ 'ਤੇ ਲੋੜਵੰਦ ਪਰਿਵਾਰਾਂ ਨੂੰ ਸਸਤਾ ਰਾਸ਼ਨ ਮਿਲਦਾ ਸੀ ਪਰ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਂਦਿਆਂ ਹੀ ਰੰਜਿਸ਼ ਤਹਿਤ ਵੱਡੀ ਗਿਣਤੀ 'ਚ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਕੇ ਉਨ੍ਹਾਂ ਨੂੰ ਸਸਤੇ ਰਾਸ਼ਨ ਦੀ ਸਹੂਲਤ ਤੋਂ ਵਾਂਝੇ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਪੰਜਾਬ ਸਰਕਾਰ ਨੇ ਲੋਕਾਂ ਦੀ ਮਦਦ ਤਾਂ ਕੀ ਕਰਨੀ ਸੀ ਸਗੋਂ ਕੇਂਦਰ ਸਰਕਾਰ ਵਲੋਂ ਭੇਜੀ ਗਈ ਰਾਸ਼ਨ ਸਮੱਗਰੀ 'ਚ ਵੀ ਵੱਡੇ ਪੱਧਰੀ 'ਤੇ ਧਾਂਦਲੀ ਕੀਤੀ ਗਈ, ਜਿਸ ਕਾਰਨ ਹੁਣ ਤੱਕ ਲੋਕ ਸਰਕਾਰ ਨੂੰ ਭਾਰੀ ਕੋਸ ਰਹੇ ਹਨ। ਕਰਫਿਊ ਲੱਗਣ ਕਾਰਨ ਲੋਕਾਂ ਨੂੰ ਆਰਥਿਕ ਤੌਰ 'ਤੇ ਭਾਰੀ ਨੁਕਸਾਨ ਝੱਲਣਾ ਪਿਆ ਹੈ, ਜਿਸ ਸਦਕਾ ਸਰਕਾਰ ਨੂੰ ਲੋਕਾਂ ਦੇ ਬਿਜਲੀ, ਪਾਣੀ ਤੇ ਸੀਵਰੇਜ ਦੇ ਬਿੱਲ ਮੁਆਫ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਕਮ ਜਲਦ ਰਿਲੀਜ਼ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋਂ :  ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਕਲੀ ਬੀਜ ਵੇਚ ਕੇ ਭਾਰੀ ਆਰਥਿਕ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਸਲ ਦੋਸ਼ੀਆ ਖਿਲਾਫ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਹੋ ਸਕੇ। ਇਸ ਮੌਕੇ 'ਤੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਦਿਹਾਤੀ ਦੇ ਪ੍ਰਧਾਨ ਵੀਰ ਸਿੰਘ ਲੋਪੋਕੇ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਨਿਲ ਜੋਸ਼ੀ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਜੀਤ ਸਿੰਘ ਮੰਨਾ ਮੀਆਂਵਿੰਡ, ਬਲਜੀਤ ਸਿੰਘ ਜਲਾਲ ਉਸਮਾ ਤਿੰਨੇ ਸਾਬਕਾ ਵਿਧਾਇਕ ਸਮੇਤ ਵੱਡੀ ਗਿਣਤੀ 'ਚ ਗਠਜੋੜ ਲੀਡਰਾਂ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਲੋਕਾਂ ਦੇ ਹੱਕਾਂ ਤੇ ਹਿੱਤਾਂ ਖਾਤਰ ਅਕਾਲੀ-ਭਾਜਪਾ ਵਲੋਂ ਸਰਕਾਰ ਦੇ ਖਿਲਾਫ ਹਰ ਸੰਭਵ ਸੰਘਰਸ਼ ਵਿੱਢਿਆ ਜਾਵੇਗਾ।

ਇਹ ਵੀ ਪੜ੍ਹੋਂ :  ਪ੍ਰੇਮੀ ਦੀ ਘਿਨੌਣੀ ਕਰਤੂਤ, 14 ਸਾਲਾ ਪ੍ਰੇਮਿਕਾ ਨਾਲ ਪਹਿਲਾਂ ਖੁਦ ਮਿਟਾਈ ਹਵਸ ਫਿਰ ਦੋਸਤਾਂ ਅੱਗੇ ਪਰੋਸਿਆ


Baljeet Kaur

Content Editor

Related News