ਸਵੱਛਤਾ ਰੈਂਕਿੰਗ ’ਚ 2 ਅੰਕਾਂ ਦਾ ਸੁਧਾਰ, ਦੇਸ਼ ਪੱਧਰੀ ਸਰਵੇਖਣ ’ਚ 32ਵੇਂ ਰੈਂਕ ’ਤੇ ਆਇਆ ਅੰਮ੍ਰਿਤਸਰ
Monday, Oct 03, 2022 - 10:30 AM (IST)
ਅੰਮ੍ਰਿਤਸਰ (ਰਮਨ) - ਸਵੱਛਤਾ ਸਰਵੇਖਣ ਰੈਂਕਿੰਗ 2021 ਦੇ ਨਤੀਜਿਆਂ ਵਿਚ ਗੁਰੂ ਨਗਰੀ ਦੀ ਰੈਂਕਿੰਗ 2 ਅੰਕ ਉੱਪਰ ਆ ਗਈ ਹੈ, ਭਾਰਤ ਵਿਚ 32ਵਾਂ ਰੈਂਕ ਪ੍ਰਾਪਤ ਕੀਤਾ ਗਿਆ ਹੈ। ਪਿਛਲੇ ਸਾਲ ਦੀ ਸਵੱਛਤਾ ਰੈਂਕਿੰਗ ਨੂੰ ਲੈ ਕੇ ਉਸ ਸਮੇਂ ਦੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ, ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ। ਨਿਗਮ ਦੇ ਕਰਮਚਾਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਕੂਲਾਂ, ਕਾਲਜਾਂ ’ਚ ਸੈਮੀਨਾਰ ਲਗਾਉਣਾ, ਡੋਰ-ਟੂ-ਡੋਰ ਗਿੱਲਾ ਅਤੇ ਸੁੱਕਾ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾ ਕੇ ਅਤੇ ਸਾਰੇ ਮਾਪਦੰਡਾਂ ਨੂੰ ਧਿਆਨ ਵਿਚ ਰੱਖ ਟੀਮ ਨੇ ਕੰਮ ਕੀਤਾ ਗਿਆ। ਇਸ ਕਾਰਨ ਸਫ਼ਾਈ ਰੈਂਕਿੰਗ ਨੂੰ ਲੈ ਕੇ 2 ਅੰਕਾਂ ਦਾ ਸੁਧਾਰ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਹਾਲਾਂਕਿ ਪਿਛਲੇ ਸਾਲਾਂ ਵਿੱਚ ਗੰਦਗੀ ਕਾਰਨ ਸ਼ਹਿਰ ਦਾ ਨਾਂ ਵੀ ਪਹਿਲੇ 10 ਸਥਾਨਾਂ ਵਿਚ ਸ਼ਾਮਲ ਹੋ ਗਿਆ ਸੀ। ਉਸ ਸਮੇਂ ਨਿਗਮ ਦੀ ਕਾਫ਼ੀ ਕਿਰਕਿਰੀ ਹੋ ਗਈ ਸੀ ਪਰ ਉਸ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਸਾਰੇ ਮਾਪਦੰਡਾਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਵਿਚ ਸੁਧਾਰ ਲਿਆਂਦਾ। ਸਵੱਛ ਸਰਵੇਖਣ ਨਤੀਜੇ ਵਿੱਚ ਅੰਮ੍ਰਿਤਸਰ ਨੇ ਕੁੱਲ 6000 ਅੰਕਾਂ ਵਿੱਚੋਂ 4069.77 ਅੰਕ ਪ੍ਰਾਪਤ ਕੀਤੇ ਹਨ। ਸਾਲ-2021 ਵਿਚ ਸਰਵਿਸ ਲੈਵਲ ਪ੍ਰੋਗਰੈਸ (ਐੱਮ. ਐੱਲ. ਪੀ.) ਤਹਿਤ 2400 ਅੰਕਾਂ ਵਿੱਚੋਂ 1653.43 ਅੰਕ ਪ੍ਰਾਪਤ ਕੀਤੇ ਸਨ। ਇਸ ਵਾਰ ਰੈਂਕਿੰਗ ਨੂੰ ਲੈ ਕੇ ਨਿਗਮ ਪ੍ਰਸ਼ਾਸਨ ਨੂੰ ਕਾਫ਼ੀ ਧਿਆਨ ਦੇਣਾ ਪਵੇਗਾ। ਸ਼ਹਿਰ ਵਿਚ ਸਫ਼ਾਈ ਅਤੇ ਕੂੜੇ ਦੇ ਢੇਰਾਂ ਦੀ ਹਾਲਤ ਇਸ ਸਮੇਂ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ।
ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਸਫ਼ਾਈ ਸਰਵੇਖਣ ਰੈਕਿੰਗ ਨੂੰ ਲੈ ਕੇ ਨਿਗਮ ਦਾ ਬੁਰਾ ਹਾਲ ਹੋ ਜਾਵੇਗਾ। ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਢੇਰਾਂ ਦੀ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਸਮੇਂ ਸ਼ਹਿਰ ਵਿਚ ਦੁਰਗਿਆਣਾ ਤੀਰਥ, ਵੱਡਾ ਹਨੂੰਮਾਨ ਮੰਦਰ ’ਚ ਮੇਲਾ ਲੱਗਿਆ ਹੋਇਆ ਹੈ ਅਤੇ ਰੋਜ਼ਾਨਾ ਹਜ਼ਾਰਾਂ ਸਰਧਾਲੂ ਦਰਸ਼ਨ ਕਰਨ ਆਉਂਦੇ ਹਨ ਪਰ ਹਾਥੀ ਗੇਟ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗੰਦਗੀ ਦੀ ਸਥਿਤੀ ਬਣੀ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ
ਕੰਪਨੀ ਬੋਲ ਰਹੀ ਝੂਠ ’ਤੇ ਝੂਠ
ਸ਼ਹਿਰ ਵਿਚ ਸਾਲਿਡ ਵੈਸਟ ’ਚ ਕੰਮ ਕਰ ਰਹੀ ਅਰਵਦਾ ਕੰਪਨੀ ਝੂਠ ’ਤੇ ਝੂਠ ਬੋਲ ਰਹੀ ਹੈ। ਸ਼ਹਿਰ ਵਿਚ ਬਾਇਓਰੀਮੇਡੀਏਸਨ ਪਲਾਂਟ ਨਾ ਹੋਣ ਕਾਰਨ ਜੀ.ਐੱਫ.ਸੀ. ਵਿਚ ਅੰਕ ਨਾ ਮਿਲਣ ਕਾਰਨ ਨਿਗਮ ਬੁਰੀ ਤਰ੍ਹਾਂ ਪਛੜ ਰਿਹਾ ਹੈ। ਜਦ ਵੀ ਕੰਪਨੀ ਦੇ ਕੰਟਰੀ ਹੈੱਡ ਅਮਿਤ ਵਾਜਪਾਈ ਸ਼ਹਿਰ ਆਉਂਦੇ ਹਨ ਤਾਂ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਹਨ ਅਤੇ ਪੇਮੈਂਟ ਕੱਢਵਾ ਕੇ ਚਲੇ ਜਾਂਦੇ ਹਨ। ਅਸਲ ਸੱਚਾਈ ਇਹ ਹੈ ਕਿ ਇਸ ਸਮੇਂ ਕੰਪਨੀ ਦੀ ਹਾਲਤ ਬਹੁਤ ਖ਼ਰਾਬ ਹੈ। ਆਏ ਦਿਨ ਗੱਡੀਆ ਦੀ ਬਰੇਕ ਡਾਊਨ ਹੋ ਰਹੀ ਹੈ। ਕੰਪਨੀ ਵੱਲੋਂ ਨਵੀਂਆਂ ਗੱਡੀਆਂ ਖ਼ਰੀਦਣ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਕੁਝ ਵਾਹਨ ਕਿਰਾਏ ’ਤੇ ਲਏ ਗਏ ਹਨ ਅਤੇ ਕੁਝ ਵਾਹਨ ਨਿਗਮ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਲਏ ਗਏ ਪਰ ਸ਼ਹਿਰ ਵਿਚ ਡੋਰ-ਟੂ-ਡੋਰ ਕੂੜੇ ਦੀ ਕੁਲੈਕਸ਼ਨ ਜਿਉਂ ਦਾ ਤਿਉਂ ਹੈ। ਜੇਕਰ ਕੰਪਨੀ ਆਪਣੇ ਕੰਮ ‘ਚ ਸੁਧਾਰ ਕਰੇ ਤਾਂ ਰੈਂਕਿੰਗ ‘ਚ ਕਾਫ਼ੀ ਸੁਧਾਰ ਹੋ ਸਕਦਾ ਹੈ। ਜੇਕਰ ਕੰਪਨੀ ਕੋਲ ਸ਼ਹਿਰ ’ਚ ਇਨਫਰਾਸਟਰੱਕਚਰ ਪੂਰਾ ਹੋਵੇ ਤਾਂ ਗੁਰੂ ਨਗਰੀ ਪਹਿਲੇ ਨੰਬਰ ’ਤੇ ਆ ਸਕਦੀ ਹੈ।
ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਵਿਖੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਲੈ ਕੇ 2 ਧਿਰਾਂ ’ਚ ਹੋਈ ਖ਼ੂਨੀ ਝੜਪ, ਚੱਲੇ ਤੇਜ਼ਧਾਰ ਹਥਿਆਰ