23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਨਿਰਦੇਸ਼ 'ਤੇ ਸਿਹਤ ਮੰਤਰੀ ਨੇ ਲਗਾਈ ਰੋਕ

Saturday, Jun 20, 2020 - 05:27 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) : ਸਿਹਤ ਵਿਭਾਗ ਦੇ ਸਕੱਤਰ ਅਨੁਰਾਗ ਅਗਰਵਾਲ ਵਲੋਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਨਿਰਦੇਸ਼ 'ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਰੋਕ ਲਗਾ ਦਿੱਤੀ ਹੈ। ਮੰਤਰੀ ਸਿੱਧੂ ਨੇ ਜਿਥੇ ਸਕੱਤਰ ਦੇ ਫ਼ੈਸਲੇ ਨੂੰ ਨਾਦਰਸ਼ਾਹੀ ਦੱਸਿਆ ਹੈ ਉਥੇ ਹੀ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਲਾਗ ਦੇ ਦੌਰਾਨ 'ਚ ਨਾ ਤਾਂ ਕਿਸੇ ਕੱਚੇ ਅਤੇ ਨਾ ਹੀ ਕਿਸੇ ਪੱਕੇ ਮੁਲਾਜ਼ਮ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ 'ਚ ਕੰਮ ਕਰ ਰਹੇ ਸਿਹਤ ਕਾਮਿਆਂ ਨੂੰ ਸਲਾਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਕੱਤਰ ਵਲੋਂ ਆਪਣੀ ਮਨਮਰਜ਼ੀ ਕਰਦੇ ਹੋਏ ਬੇਤੁਕਾ ਫ਼ਰਮਾਨ ਜਾਰੀ ਕਰਨਾ ਗਲਤ ਹੈ। ਨਿਯਮਾਂ ਅਨੁਸਾਰ ਕਿਸੇ ਨੂੰ ਵੀ ਸਿੱਧੇ ਤੌਰ 'ਤੇ ਬਰਖ਼ਾਸਤ ਨਹੀਂ ਕੀਤਾ ਜਾ ਸਕਦਾ। 

ਇਹ ਵੀ ਪੜ੍ਹੋਂ : 23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਕੱਤਰ ਦਾ ਨੋਟਿਸ ਲਿਆ ਹੈ। ਮੁੱਖ ਮੰਤਰੀ ਵਲੋਂ ਸਿਹਤ ਵਿਭਾਗ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਗਿਆ ਹੈ ਕਿ ਨਾ ਤਾਂ ਕਿਸੇ ਕੱਚੇ ਅਤੇ ਨਾ ਹੀ ਕਿਸੇ ਪੱਕੇ ਕਾਮਿਆਂ ਦੀਆਂ ਸਿਹਤ ਸੇਵਾਵਾਂ ਕੋਰੋਨਾ ਲਾਗ ਦੇ ਦੌਰ 'ਚ ਖ਼ਤਮ ਜਾਣਗੀਆਂ। ਮੰਤਰੀ ਸਿੱਧੂ ਨੇ ਕਿਹਾ ਕਿ ਕੋਰੋਨਾ ਲਾਗ ਦੇ ਦੌਰ 'ਚ ਸਿਹਤ ਕਾਮੇ ਤਨਦੇਹੀ ਨਾਲ ਵਧੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਜਜ਼ਬੇ ਨੂੰ ਸਰਕਾਰ ਸਲਾਮ ਕਰਦੀ ਹੈ ਅਤੇ ਸਰਕਾਰ ਵਧੀਆਂ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ 'ਚ ਆਪਣੇ ਸਿਹਤ ਕਾਮਿਆਂ ਨਾਲ ਚੱਟਾਨ ਦੀ ਤਰ੍ਹਾਂ ਖੜ੍ਹੇ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੋ ਕਾਮੇ ਡੈਪੁਟੇਸ਼ਨ 'ਤੇ ਲਗਾਏ ਗਏ ਹਨ। ਉਨ੍ਹਾਂ ਦੀ ਤੁਰੰਤ ਰਿਪੋਰਟ ਬਣਾਕੇ ਉਨ੍ਹਾਂ ਨੂੰ ਭੇਜੀ ਜਾਵੇ। ਅੰਮ੍ਰਿਤਸਰ ਦਾ ਸਿਵਲ ਹਸਪਤਾਲ ਜ਼ਿਲ੍ਹੇ 'ਚ ਸਭ ਤੋਂ ਵੱਡਾ ਹੈ ਅਤੇ ਇਥੇ ਕਾਫ਼ੀ ਵੱਡੀ ਗਿਣਤੀ 'ਚ ਮਰੀਜ਼ ਰੋਜ਼ਾਨਾਂ ਆਉਂਦੇ ਹਨ। ਮਰੀਜ਼ਾਂ ਦੀ ਸੁਵਿਧਾ ਲਈ ਕਾਮਿਆਂ ਨੂੰ ਇਥੇ ਲਗਾਇਆ ਗਿਆ ਹੈ। ਅਕਸਰ ਹੀ ਜ਼ਿਆਦਾ ਕੰਮ ਵਾਲੇ ਹਸਪਤਾਲਾਂ 'ਚ ਕਾਮੇ ਡੈਪੁਟੇਸ਼ਨ 'ਤੇ ਲਗਾ ਦਿੱਤੇ ਜਾਂਦੇ ਹਨ ਪਰ ਇਹ ਨਹੀਂ ਕਿ ਉਨ੍ਹਾਂ 'ਤੇ ਗਲਤ ਫ਼ਰਮਾਨ ਜਾਰੀ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣ। ਸਰਕਾਰ ਇਸ ਸਮੇਂ ਆਪਣੇ ਕਾਮਿਆਂ ਦੇ ਨਾਲ ਹਨ।

ਇਹ ਵੀ ਪੜ੍ਹੋਂ : ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ

ਮੰਤਰੀ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਕਾਮਿਆਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਉਸ ਸਬੰਧ 'ਚ ਸਰਕਾਰ ਵਲੋਂ ਰਿਪੋਰਟ ਮੰਗੀ ਗਈ ਹੈ। ਉਧਰ ਦੂਜੇ ਪਾਸੇ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਸਕੱਤਰ ਦੇ ਫ਼ੈਸਲੇ ਖ਼ਿਲਾਫ਼ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਪੰਡਿਤ ਰਾਕੇਸ਼ ਸ਼ਰਮਾ ਨੇ ਫੋਨ 'ਤੇ ਗੱਲਬਾਤ ਕਰਕੇ ਮਾਮਲਾ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਸੀ, ਜਿਸ ਤੋਂ ਬਾਅਦ ਮੰਤਰੀ ਵਲੋਂ ਦਿੱਤੇ ਭਰੋਸੇ ਨਾਲ ਐਸੋਸੀਏਸ਼ਨ ਵਲੋਂ ਆਪਣਾ ਸੰਘਰਸ਼ ਅਗਲੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਿਹਤ ਮੰਤਰੀ ਨੇ ਵਧੀਆ ਢੰਗ ਨਾਲ ਉਨ੍ਹਾਂ ਦੀ ਗੱਲਬਾਤ ਸੁਣੀ ਅਤੇ ਉਨ੍ਹਾਂ ਨੂੰ ਉਮੀਦ ਦਿੱਤੀ ਕਿ ਜਾਰੀ ਕੀਤੇ ਗਏ ਨਿਰਦੇਸ਼ ਰੱਦ ਕਰ ਦਿੱਤੇ ਜਾਣਗੇ। 


Baljeet Kaur

Content Editor

Related News