ਵਿਆਹੁਤਾ ਨਾਲ ਕੁੱਟ-ਮਾਰ ਕਰ ਕੇ ਜ਼ਹਿਰੀਲੀ ਦਵਾਈ ਪਿਲਾਉਣ ਦਾ ਦੋਸ਼

Thursday, Feb 14, 2019 - 04:33 AM (IST)

ਵਿਆਹੁਤਾ ਨਾਲ ਕੁੱਟ-ਮਾਰ ਕਰ ਕੇ ਜ਼ਹਿਰੀਲੀ ਦਵਾਈ ਪਿਲਾਉਣ ਦਾ ਦੋਸ਼
ਅੰਮ੍ਰਿਤਸਰ (ਛੀਨਾ)-ਕੈਨੇਡਾ ਤੋਂ ਪਰਤੇ ਪਤੀ ਵਲੋਂ ਪਤਨੀ ਨਾਲ ਭਾਰੀ ਕੁੱਟ-ਮਾਰ ਕਰ ਕੇ ਜ਼ਹਿਰੀਲੀ ਦੀਵਾਈ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਹਰਜਿੰਦਰ ਕੌਰ ਸੁਪੱਤਨੀ ਗੁਰਦੀਪ ਸਿੰਘ ਵਾਸੀ ਨਿਊ ਅੰਮ੍ਰਿਤਸਰ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾ ਮੇਰੀ ਬੇਟੀ ਕੰਵਲਜੀਤ ਕੌਰ ਦਾ ਵਿਆਹ ਮਨਪ੍ਰਵੇਸ਼ ਸਿੰਘ ਵਾਸੀ ਨਿਊ ਅੰਮ੍ਰਿਤਸਰ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਦਾਜ ਘੱਟ ਲਿਆਉਣ ਦੇ ਬਹਾਨੇ ਬਣਾ ਕੇ ਮਨਪ੍ਰਵੇਸ਼ ਮੇਰੀ ਬੇਟੀ ਕੰਵਲਜੀਤ ਕੌਰ ਨਾਲ ਅਕਸਰ ਕੁੱਟ-ਮਾਰ ਕਰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਮਨਪ੍ਰਵੇਸ਼ ਸਿੰਘ ਕੈਨੇਡਾ ਚਲਾ ਗਿਆ ਸੀ, ਜਿਥੋਂ ਉਹ 17 ਜਨਵਰੀ ਨੂੰ ਅੰਮ੍ਰਿਤਸਰ ਆਇਆ ਤੇ ਫਿਰ ਪਹਿਲਾਂ ਦੀ ਤਰ੍ਹਾਂ ਹੀ ਕੰਵਲਜੀਤ ਕੌਰ ਨਾਲ ਕੁੱਟ-ਮਾਰ ਕਰਨ ਲੱਗ ਪਿਆ। ਹਰਜਿੰਦਰ ਕੌਰ ਨੇ ਕਿਹਾ ਕਿ ਕੱਲ ਰਾਤ 9 ਵਜੇ ਦੇ ਕਰੀਬ ਮੇਰੀ ਬੇਟੀ ਕੰਵਲਜੀਤ ਕੌਰ ਨੇ ਮੈਨੂੰ ਫੋਨ ’ਤੇ ਦੱਸਿਆ ਕਿ ਮਨਪ੍ਰਵੇਸ਼ ਉਸ ਨਾਲ ਬਹੁਤ ਕੁੱਟ-ਮਾਰ ਕਰ ਰਿਹਾ ਹੈ ਇਹ ਸੁਣਦਿਆਂ ਹੀ ਜਦੋਂ ਮੈਂ ਉਨ੍ਹਾਂ ਦੇ ਘਰ ਪੁੱਜੀ ਤਾਂ ਮਨਪ੍ਰਵੇਸ਼ ਵਾਕਿਆ ਹੀ ਬੇਰਹਿਮੀ ਨਾਲ ਕੰਵਲਜੀਤ ਦੀ ਕੁੱਟ-ਮਾਰ ਕਰ ਰਿਹਾ ਸੀ ਜਿਸ ਨੂੰ ਮੈਂ ਜਦੋਂ ਅੱਗੇ ਹੋ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨਪ੍ਰਵੇਸ਼ ਨੇ ਕੰਵਲਜੀਤ ਨੂੰ ਜਬਰੀ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਜਿਸ ਨਾਲ ਕੰਵਲਜੀਤ ਦੀ ਸਿਹਤ ਵਿਗਡ਼ ਗਈ ਅਤੇ ਉਸ ਨੂੰ ਇਲਾਜ ਲਈ ਤੁਰੰਤ ਨੇਡ਼ੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਹਰਜਿੰਦਰ ਕੌਰ ਨੇ ਕਿਹਾ ਕਿ ਕੰਵਲਜੀਤ ਕੌਰ ਅੰਮ੍ਰਿਤਧਾਰੀ ਹੈ ਤੇ ਮਨਪ੍ਰਵੇਸ਼ ਨੇ ਕੁੱਟਮਾਰ ਕਰਨ ਦੌਰਾਨ ਉਸ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਸਮੇਤ ਉਸ ਨੂੰ ਜ਼ਬਰੀ ਮੀਟ ਵੀ ਖਵਾਉਣ ਦਾ ਯਤਨ ਕੀਤਾ ਸੀ। ਇਸ ਮੌਕੇ ਪੀਡ਼ਤ ਲਡ਼ਕੀ ਕੰਵਲਜੀਤ ਕੌਰ ਦੇ ਹੱਕ ’ਚ ਪੁੱਜੇ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਿੰਸ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਤੇ ਮੀਰੀ ਪੀਰੀ ਟਰੱਸਟ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਕੰਵਲਜੀਤ ਕੌਰ ਨਾਲ ਭਾਰੀ ਕੁੱਟ-ਮਾਰ ਕਰਦਿਆਂ ਉਸ ਦੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਸਮੇਤ ਉਸ ਨੂੰ ਜ਼ਹਿਰੀਲੀ ਦਵਾਈ ਪਿਲਾਉਣ ਅਤੇ ਮੀਟ ਖਵਾਉਣ ਦੀ ਕੌਝੀ ਹਰਕਤ ਕਰਨ ਵਾਲੇ ਮਨਪ੍ਰਵੇਸ਼ ਸਿੰਘ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਿੱਖ ਜਥੇਬੰਦੀਆਂ ਨੂੰ ਸੰਘਰਸ਼ ਦੇ ਰਾਹ ’ਤੇ ਆਉਣਾ ਪਵੇਗਾ। ਇਸ ਸਬੰਧ ’ਚ ਪੁਲਸ ਥਾਣਾ ਮਕਬੂਲਪੁਰਾ ਦੇ ਇੰਚਾਰਜ ਗਗਨਦੀਪ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੰਵਲਜੀਤ ਕੌਰ ਦੇ ਬਿਆਨ ਲੈਣ ਵਾਸਤੇ ਪੁਲਸ ਪਾਰਟੀ ਹਸਪਤਾਲ ਗਈ ਸੀ ਪਰ ਡਾਕਟਰ ਨੇ ਅਜੇ ਉਸ ਨੂੰ ਅਣਫਿੱਟ ਕਰਾਰ ਦਿੱਤਾ ਹੈ ਜਿਸ ਕਾਰਨ ਉਸ ਨਾਲ ਗੱਲ ਨਹੀਂ ਹੋ ਸਕੀ, ਕੰਵਲਜੀਤ ਕੌਰ ਜਦੋਂ ਬਿਆਨ ਦੇ ਦੇਵੇਗੀ ਉਸੇ ਹੀ ਵਕਤ ਕਾਨੂੰਨ ਅਨੁਸਰ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਸਬੰਧ ’ਚ ਮਨਪ੍ਰਵੇਸ਼ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕੰਵਲਜੀਤ ਕੌਰ ਨਾਲ ਕੁੱਟ-ਮਾਰ ਕਰਨ, ਜ਼ਹਿਰੀਲੀ ਦਵਾਈ ਪਿਲਾਉਣ ਤੇ ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ ਦੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਇਹ ਸਭ ਕੁਝ ਮੇਰੀ ਸੱਸ ਹਰਜਿੰਦਰ ਕੌਰ ਦੀ ਸਾਜਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਇਕ ਬਾਬੇ ਦੇ ਡੇਰੇ ’ਤੇ ਜਾਂਦੀ ਹੈ ਜਿਸ ਨੂੰ ਮੈਂ ਜਾਣ ਤੋਂ ਰੋਕਦਾ ਹਾਂ ਤੇ ਇਸੇ ਗੱਲ ਨੂੰ ਲੈ ਕੇ ਸਾਡੇ ਘਰ ’ਚ ਕਲੇਸ਼ ਰਹਿੰਦਾ ਹੈ।

Related News