ਅਨਪੜ੍ਹ ਔਰਤ ਨੇ ਪੁਲਸ ਨੂੰ ਪੜ੍ਹਾਇਆ ਕਾਨੂੰਨ ਦਾ ਪਾਠ

Wednesday, Aug 28, 2019 - 10:25 AM (IST)

ਅਨਪੜ੍ਹ ਔਰਤ ਨੇ ਪੁਲਸ ਨੂੰ ਪੜ੍ਹਾਇਆ ਕਾਨੂੰਨ ਦਾ ਪਾਠ

ਅੰਮ੍ਰਿਤਸਰ (ਸਫਰ) : ਹਰੇਕ ਭਾਰਤੀ ਨੂੰ ਆਜ਼ਾਦੀ ਨਾਲ ਰਹਿਣ ਦਾ ਹੱਕ ਦੇਸ਼ ਦਾ ਸੰਵਿਧਾਨ ਦਿੰਦਾ ਹੈ। ਅਜਿਹੇ ’ਚ ਕਾਨੂੰਨ ਦੇ ਜਾਣਕਾਰ ਕਦੇ ਵੀ ਧੋਖਾ ਨਹੀਂ ਖਾਂਦੇ। ਚਾਹੇ ਉਹ ਅਨਪੜ੍ਹ ਹੀ ਕਿਉਂ ਨਾ ਹੋਵੇ। ਇਹ ਗੱਲਾਂ ਹਵਾ ’ਚ ਨਹੀਂ ਹਨ। ਗੱਲ ਕਰ ਰਹੇ ਹਾਂ ਅਜਿਹੀ ਔਰਤ ਦੀ ਜਿਸ ਨੇ ਇਨਸਾਫ ਪਾਉਣ ਲਈ ਕਾਨੂੰਨ ਦੀਆਂ ਧਾਰਾਵਾਂ ਜਾਣੀਆਂ। 11 ਮਹੀਨੇ ਪਹਿਲਾਂ ਆਪਣੀ ਇੱਜ਼ਤ ’ਤੇ ਹੱਥ ਪਾਉਣ ਵਾਲੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਔਰਤ ਨੇ ਜਦੋਂ ਥਾਣੇ ’ਚ ਜਾ ਕੇ ਮਹਿਲਾ ਅਧਿਕਾਰ ਕਾਨੂੰਨ ਦੀਆਂ ਧਾਰਾਵਾਂ ਗਿਣਾਉਂਦਿਆਂ ਕਾਨੂੰਨ ਦਾ ਪਾਠ ਪੜ੍ਹਾਇਆ ਤਾਂ ਪੁਲਸ ਵੀ ਹੱਕੀ-ਬੱਕੀ ਰਹਿ ਗਈ, ਜੋ ਪੁਲਸ ਵਾਲੇ ਉਸ ਦੀ ਸੁਣਦੇ ਹੀ ਨਹੀਂ ਸਨ, ਉਹ ਜੀ ਹਜ਼ੂਰੀ ’ਚ ਲੱਗ ਗਏ। ਕਾਹਲੀ-ਕਾਹਲੀ ’ਚ ਡੀ. ਸੀ. ਪੀ. ਦੇ ਫੋਨ ਤੋਂ ਬਾਅਦ ਏ. ਸੀ. ਪੀ. ਈਸਟ ਤੋਂ ਲੈ ਕੇ ਥਾਣਾ ਮਕਬੂਲਪੁਰਾ ਦੇ ਹੋਸ਼ ਟਿਕਾਣੇ ਲੱਗ ਗਏ।

ਅਸੀਂ ਗੱਲ ਕਰ ਰਹੇ ਹਾਂ ਮਕਬੂਲਪੁਰਾ ’ਚ ਰਹਿਣ ਵਾਲੀ ਬਬੀਤਾ ਦੀ, ਜਿਸ ਦੇ ਬਿਆਨਾਂ ’ਤੇ ਥਾਣਾ ਮਕਬੂਲਪੁਰਾ ਵਿਚ 19 ਸਤੰਬਰ 2018 ਨੂੰ ਐੱਫ. ਆਈ. ਆਰ. ਨੰਬਰ 104 ਦਰਜ ਕਰਦਿਆਂ 3 ਲੋਕਾਂ ਖਿਲਾਫ ਛੇਡ਼ਖਾਨੀ ਦਾ ਵਿਰੋਧ ਕਰਨ ’ਤੇ ਕੁੱਟ-ਮਾਰ ਦਾ ਦੋਸ਼ ਲਾਇਆ ਸੀ। ਇਸ ਮਾਮਲੇ ’ਚ 11 ਮਹੀਨਿਆਂ ਬਾਅਦ ਵੀ ਜਦੋਂ ਮੁਲਜ਼ਮ ਗ੍ਰਿਫਤਾਰ ਨਹੀਂ ਹੋਏ ਤਾਂ 2 ਦਿਨ ਪਹਿਲਾਂ ਬਬੀਤਾ ਨੇ ਜਗਮੋਹਨ ਸਿੰਘ ਡੀ. ਸੀ. ਪੀ. ਇਨਵੈਸਟੀਗੇਸ਼ਨ ਐਂਡ ਸਕਿਓਰਿਟੀ ਨੂੰ ਕਿਹਾ ਸੀ ਕਿ ਮੇਰੀ ਇੱਜ਼ਤ ’ਤੇ ਹੱਥ ਪਾਉਣ ਵਾਲੇ ਮੁਲਜ਼ਮਾਂ ਨੂੰ ਪੁਲਸ ਜੇਕਰ 48 ਘੰਟੇ ’ਚ ਗ੍ਰਿਫਤਾਰ ਨਹੀਂ ਕਰਦੀ ਤਾਂ ਭੰਡਾਰੀ ਪੁਲ ’ਤੇ ਉਹ ਆਤਮਹੱਤਿਆ ਕਰ ਲਵੇਗੀ।

ਡੀ. ਸੀ. ਪੀ. ਨੇ ਮੌਕੇ ’ਤੇ ਹੀ ਥਾਣਾ ਮਕਬੂਲਪੁਰਾ ਦੇ ਐੱਸ. ਐੱਚ. ਓ. ਇੰਦਰਜੀਤ ਸ਼ਰਮਾ ਨੂੰ ਫੋਨ ਕਰ ਕੇ ਇਸ ਮਾਮਲੇ ਵਿਚ ਰਿਜ਼ਲਟ ਮੰਗਿਆ ਤਾਂ ਪਤਾ ਲੱਗਾ ਕਿ ਫਾਈਲ ਤਾਂ ਏ. ਸੀ. ਪੀ. ਈਸਟ ਜਸਪ੍ਰੀਤ ਸਿੰਘ ਨੇ ਮੰਗਵਾ ਰੱਖੀ ਹੈ। ਉਧਰ, ਏ. ਸੀ. ਪੀ. ਈਸਟ ਨੂੰ ਬਬੀਤਾ ਨੇ ਮਿਲ ਕੇ ਖਰੀਆਂ-ਖੋਟੀਆਂ ਸੁਣਾਈਆਂ ਤਾਂ ਉਨ੍ਹਾਂ 10 ਦਿਨ ਦੀ ਮੋਹਲਤ ਮੰਗਣ ’ਤੇ ਔਰਤ ਭਡ਼ਕ ਗਈ। ਕਹਿਣ ਲੱਗੀ 11 ਮਹੀਨੇ ਤਾਂ ਹੋ ਗਏ ਐੱਫ. ਆਈ. ਆਰ. ਦਰਜ ਕੀਤੇ ਨੂੰ, ਤੁਸੀਂ 24 ਘੰਟੇ ਵਿਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਹੁਣ ਕਿੰਨੀ ਮੋਹਲਤ ਦੇਵਾਂ, ਮੈਂ ਤੁਹਾਨੂੰ। ਮੈਨੂੰ 48 ਘੰਟੇ ਵਿਚ ਇਨਸਾਫ ਨਾ ਮਿਲਿਆ ਤਾਂ ਮੇਰੀ ਮੌਤ ਦੀ ਜ਼ਿੰਮੇਵਾਰ ਪੁਲਸ ਹੋਵੇਗੀ। ਇਹ ਸੁਣਦੇ ਹੀ ਏ. ਸੀ. ਪੀ. ਈਸਟ ਨੇ ਸਮਝਾਉਂਦਿਆਂ ਕਿਹਾ ਕਿ ਥੋਡ਼੍ਹਾ ਸਮਾਂ ਦਿਓ, ਗ੍ਰਿਫਤਾਰੀ ਤੈਅ ਹੈ।

ਮੈਂ ਐੱਸ. ਐੱਚ. ਓ. ਨੂੰ ਫੋਨ ਕਰ ਦਿੱਤਾ ਹੈ : ਡੀ. ਸੀ. ਪੀ. 

ਮੇਰੇ ਕੋਲ ਔਰਤ ਆਈ ਸੀ, ਮੈਂ ਥਾਣੇ ਦੇ ਐੱਸ. ਐੱਚ. ਓ. ਨੂੰ ਫੋਨ ਕਰ ਦਿੱਤਾ ਹੈ, ਔਰਤ ਨੂੰ ਇਨਸਾਫ ਜ਼ਰੂਰ ਮਿਲੇਗਾ।

ਮੁਲਜ਼ਮਾਂ ਨੂੰ ਸਿਆਸੀ ਸ਼ਹਿ : ਬਬੀਤਾ

ਬਬੀਤਾ ਨਾਲ ਛੇਡ਼ਖਾਨੀ ਕਰਨ ਵਾਲੇ ਮੁਲਜ਼ਮਾਂ ਨੂੰ ਸਿਆਸੀ ਸ਼ਹਿ ਹੈ। ਇਕ ਵਿਧਾਇਕ ਸਿੱਧੇ ਤੌਰ ’ਤੇ ਮੁਲਜ਼ਮਾਂ ਦਾ ਬਚਾਅ ਕਰ ਰਿਹਾ ਹੈ। ਇਸ ਦੌਰਾਨ ਬਬੀਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਪਿਛਲੀ ਵਾਰ ਜਿਸ ਏ. ਸੀ. ਪੀ. ਨੇ ਉਨ੍ਹਾਂ ਨੂੰ ਮਰਨ ਵਰਤ ਤੋਂ ਚੁੱਕਿਆ ਸੀ, ਵਾਅਦਾ ਕੀਤਾ ਸੀ 24 ਘੰਟੇ ’ਚ ਗ੍ਰਿਫਤਾਰੀ ਤੈਅ ਹੈ, ਅੱਜ 11 ਮਹੀਨਿਆਂ ਬਾਅਦ ਕਹਿ ਰਿਹਾ ਹੈ ਕਿ 10 ਦਿਨ ਦਾ ਸਮਾਂ ਦਿਓ, ਪੁਲਸ ਜਾਣਬੁੱਝ ਕੇ ਵੱਡੇ ਅਤੇ ਪ੍ਰਭਾਵਸ਼ਾਲੀ ਲੋਕਾਂ ਦਾ ਸਾਥ ਦੇ ਰਹੀ ਹੈ। ਇੱਜ਼ਤ ’ਤੇ ਹੱਥ ਪਾਉਣ ਵਾਲਿਆਂ ਨੂੰ ਜੇਲ ਭੇਜਣਾ ਹੀ ਮੇਰਾ ਮਕਸਦ ਰਹਿ ਗਿਆ ਹੈ। ਮੈਨੂੰ ਕੇਸ ਵਾਪਸ ਕਰਨ ਲਈ ਪੈਸੇ ਦਿੱਤੇ ਜਾ ਰਹੇ ਹਨ ਪਰ ਪੈਸਿਆਂ ਨਾਲ ਇੱਜ਼ਤ ਤਾਂ ਨਹੀਂ ਖਰੀਦੀ ਜਾ ਸਕਦੀ। ਮੈਂ ਥਾਣੇ ਜਾ ਕੇ ਪੁਲਸ ਵਾਲਿਆਂ ਨੂੰ ਦੱਸਿਆ ਕਿ ਕਾਨੂੰਨ ਕੀ ਕਹਿੰਦਾ ਹੈ, ਮੈਂ ਕਚਹਿਰੀ ਜਾ ਕੇ ਵਕੀਲਾਂ ਤੋਂ ਸਮਝਿਆ ਅਤੇ ਮੈਂ ਵਕੀਲਾਂ ਤੋਂ ਕਾਨੂੰਨ ਦੀਆਂ ਧਾਰਾਵਾਂ ਲਿਖਵਾ ਕੇ ਲਿਆਈ ਸੀ, ਜਿਸ ਕਾਨੂੰਨ ਤਹਿਤ ਔਰਤਾਂ ਦੀ ਰੱਖਿਆ ਪੁਲਸ ਕਰਦੀ ਹੈ।


author

Baljeet Kaur

Content Editor

Related News