ਰਵਾਇਤੀ ਪਾਰਟੀਆਂ ਦੀ ਬਿੱਲੀ ਥੈਲਿਓਂ ਬਾਹਰ ਆਈ : ਵਰਪਾਲ, ਮਾਹਲ

Thursday, Jul 16, 2020 - 02:59 PM (IST)

ਰਵਾਇਤੀ ਪਾਰਟੀਆਂ ਦੀ ਬਿੱਲੀ ਥੈਲਿਓਂ ਬਾਹਰ ਆਈ : ਵਰਪਾਲ, ਮਾਹਲ

ਅੰਮ੍ਰਿਤਸਰ (ਅਨਜਾਣ) : ਪੰਜਾਬ ਨੂੰ ਵਾਰੀ-ਵਾਰੀ ਲੁੱਟ ਕੇ ਖਾਣ ਵਾਲੀਆਂ ਰਵਾਇਤੀ ਪਾਰਟੀਆਂ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਤੇ ਲੋਕ ਹੁਣ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲਿਪ ਦੇ ਮਾਝੇ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਤੇ ਮਾਝੇ ਦੇ ਜਨਰਲ ਸਕੱਤਰ ਪ੍ਰਕਾਸ਼ ਸਿੰਘ ਮਾਹਲ ਨੇ ਹਲਕਾ ਦੱਖਣੀ ਦੀ ਵਾਰਡ ਨੰਬਰ 35 ਵਿਖੇ ਮਨਜੀਤ ਸਿੰਘ ਫੌਜੀ ਦੀ ਅਗਵਾਈ 'ਚ ਰੱਖੀ ਗਈ ਇਕ ਇਕੱਤਰਤਾ ਵਿੱਚ ਕੀਤਾ। 

ਇਹ ਵੀ ਪੜ੍ਹੋਂ : 35 ਸਾਲਾਂ ਤੋਂ ਪਾਕਿ 'ਚ ਫਸੇ 'ਨਾਨਕ' ਨੂੰ ਸੀਨੇ ਲਾਉਣ ਲਈ ਤੜਫ਼ ਰਹੇ ਨੇ ਮਾਪੇ

ਉਕਤ ਦੋਵਾਂ ਨੇਤਾਵਾਂ ਨੇ ਕਿਹਾ ਕਿ ਅਕਾਲੀਆਂ ਨੇ ਪੰਥਕ ਅਖਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ 'ਚ ਕੋਈ ਕਸਰ ਨਹੀਂ ਛੱਡੀ। ਇੱਥੇ ਹੀ ਬੱਸ ਨਹੀਂ ਕੇਂਦਰ ਦੀ ਭਾਈਵਾਲ ਪਾਰਟੀ ਹੋਣ ਦੇ ਨਾਤੇ ਬਾਦਲ ਪਰਿਵਾਰ ਨੇ ਕੇਂਦਰ 'ਚ ਕਿਸਾਨਾਂ ਵਿਰੁੱਧ ਥੋਪੇ ਗਏ ਆਰਡੀਨੈਂਸ ਦੀ ਹਿਮਾਇਤ ਕਰਕੇ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ। ਇਥੋਂ ਤੱਕ ਕਿ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਸਹੁੰ ਖਾਣ ਵਾਲੇ ਕੈਪਟਨ ਸਾਹਿਬ ਬੇਅਦਬੀ ਮਾਮਲੇ 'ਚ ਅਕਾਲੀਆਂ ਦੇ ਹਿਮਾਇਤੀ ਬਣੇ ਬੈਠੇ ਹਨ। ਕੈਪਟਨ ਦੇ ਆਉਣ 'ਤੇ ਨਾ ਤਾਂ ਪੰਜਾਬ ਵਿਚੋਂ ਨਸ਼ਾ ਹੀ ਖਤਮ ਹੋਇਆ ਤੇ ਨਾ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨ੍ਹਾਂ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਨੇ ਤੇ ਉਹ 2022 ਦੀਆਂ ਚੋਣਾਂ 'ਚ ਇਨ੍ਹਾਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ। ਇਸ ਮੌਕੇ ਵਾਰਡ ਨੰਬਰ 35 'ਚ ਬਲਵਿੰਦਰ ਸਿੰਘ ਠੇਕੇਦਾਰ ਨੂੰ ਵਾਰਡ ਦੀ ਐੱਸ. ਸੀ. ਵਿੰਗ ਦੇ ਪ੍ਰਧਾਨ ਦਾ ਅਹੁਦਾ ਸੌਂਪਦੇ ਹੋਏ ਉਨ੍ਹਾਂ ਨਾਲ ਵੱਡੀ ਗਿਣਤੀ 'ਚ ਮੈਂਬਰ ਸ਼ਾਮਲ ਕੀਤੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੱਬੀ ਤੇ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ।

ਇਹ ਵੀ ਪੜ੍ਹੋਂ : ਅਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਦੀ ਕਿਸਾਨੀ, ਜਵਾਨੀ ਤੇ ਵਪਾਰੀ ਵਰਗ ਨੂੰ ਕੀਤਾ ਤਬਾਹ : ਵਰਪਾਲ, ਖਾਲਸਾ, ਮਾਹਲ


author

Baljeet Kaur

Content Editor

Related News