ਸੁਭਾਸ਼ ਚੰਦਰ ਬੋਸ ਸਨ ਅਖੰਡ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਨਹਿਰੂ ਸਨ ਵੰਡੇ ਦੇਸ਼ ਦੇ

Sunday, Nov 18, 2018 - 09:31 AM (IST)

ਸੁਭਾਸ਼ ਚੰਦਰ ਬੋਸ ਸਨ ਅਖੰਡ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਨਹਿਰੂ ਸਨ ਵੰਡੇ ਦੇਸ਼ ਦੇ

ਅੰਮ੍ਰਿਤਸਰ (ਮਮਤਾ) : ਭਾਰਤ 1947 ਦੀ ਬਜਾਏ 1943 'ਚ ਆਜ਼ਾਦ ਹੋਇਆ ਸੀ ਅਤੇ ਅਖੰਡ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇਤਾ ਸੁਭਾਸ਼ ਚੰਦਰ ਬੋਸ ਸਨ, ਜਦੋਂਕਿ ਵੰਡੇ ਹੋਏ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਨ। ਇਹ ਦਾਅਵਾ ਸ਼ਨੀਵਾਰ ਅੰਮ੍ਰਿਤਸਰ ਪੁੱਜੇ ਸੁਭਾਸ਼ ਚੰਦਰ ਬੋਸ ਦੇ ਭਤੀਜੇ ਚੰਦਰ ਕੁਮਾਰ ਬੋਸ ਨੇ ਇਥੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਯੋਗਦਾਨ ਦੇਣ ਵਾਲੇ ਅਸਲੀ ਸ਼ਹੀਦਾਂ ਦੇ ਨਾਲ-ਨਾਲ ਆਜ਼ਾਦ ਹਿੰਦ ਫੌਜ ਦੇ ਇਤਿਹਾਸ ਬਾਰੇ ਆਉਣ ਵਾਲੀ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਐੱਨ. ਸੀ. ਆਰ. ਟੀ. ਦੀਆਂ ਇਤਿਹਾਸ ਦੀਆਂ ਕਿਤਾਬਾਂ 'ਚ ਫੇਰਬਦਲ ਕਰਕੇ ਉਸ ਨੂੰ ਸਕੂਲਾਂ, ਕਾਲਜਾਂ ਅਤੇ ਵਿਸ਼ਵ ਵਿਦਿਆਲਿਆਂ 'ਚ ਲਾਗੂ ਕੀਤਾ ਜਾਵੇ।

ਅਜੀਤ ਵਿਦਿਆਲਿਆ ਦੇ ਸਾਲਾਨਾ ਸਮਾਰੋਹ 'ਚ ਹਿੱਸਾ ਲੈਣ ਪੁੱਜੇ ਚੰਦਰ ਕੁਮਾਰ ਬੋਸ ਨੇ ਆਜ਼ਾਦ ਭਾਰਤ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਚਾਹੇ ਅਸੀਂ ਹਰ ਸਾਲ 15 ਅਗਸਤ ਨੂੰ ਦੇਸ਼ ਦਾ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ ਪਰ ਅੱਜ ਵੀ ਅਸੀਂ ਮਾਨਸਿਕ ਅਤੇ ਸੱਭਿਅਕ ਤੌਰ 'ਤੇ ਆਜ਼ਾਦ ਨਹੀਂ ਕਿਉਂਕਿ ਅੱਜ ਤੱਕ ਅਸੀਂ ਸੁਭਾਸ਼ ਚੰਦਰ ਜੀ ਦੀ ਸੋਚ ਨੂੰ ਲੈ ਕੇ ਨਹੀਂ ਚੱਲ ਰਹੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦੀ ਲੜਾਈ 'ਚ ਸਿਰਫ ਨਹਿਰੂ ਅਤੇ ਗਾਂਧੀ ਦਾ ਹੀ ਯੋਗਦਾਨ ਸ਼ਾਮਲ ਨਹੀਂ ਸੀ, ਉਸ 'ਚ ਕਾਫੀ ਲੋਕ ਸ਼ਾਮਲ ਸਨ, ਜਿਸ ਬਾਰੇ ਅਸੀਂ ਅਤੇ ਸਾਡੀ ਪੀੜ੍ਹੀ ਵਾਕਿਫ਼ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਹਿੰਦ ਫੌਜ ਦੇ 60 ਹਜ਼ਾਰ ਸੈਨਿਕਾਂ ਦੀ ਸਹਾਇਤਾ ਨਾਲ ਮਿਆਂਮਾਰ ਨੂੰ ਬ੍ਰਿਟਿਸ਼ ਫੌਜ ਤੋਂ ਆਜ਼ਾਦ ਕਰਵਾ ਕੇ ਉਥੇ 14 ਅਪ੍ਰੈਲ 1944 ਨੂੰ ਤਿਰੰਗਾ ਲਹਿਰਾਇਆ।


author

Baljeet Kaur

Content Editor

Related News