ਸਿੱਖ ਰੈਫਰੈਂਸ ਲਾਇਬ੍ਰੇਰੀ ਸਬੰਧੀ ਭਲਕੇ 10 ਸਤੰਬਰ ਨੂੰ ਹੋਣ ਵਾਲੀ ਇਕੱਤਰਤਾ ਮੁਲਤਵੀ
Monday, Sep 09, 2019 - 04:26 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਕੀਮਤੀ ਸਰਮਾਏ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਬ-ਕਮੇਟੀ ਦੀ ਭਲਕੇ 10 ਸਤੰਬਰ ਨੂੰ ਹੋਣ ਵਾਲੀ ਇਕੱਤਰਤਾ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਅਤੇ ਸਬ-ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾ ਕੋਹਨਾ ਨੇ ਜਾਣਕਾਰੀ ਦਿੱਤੀ ਕਿ ਲਾਇਬ੍ਰੇਰੀ ਸਬੰਧੀ ਇਕੱਤਰਤਾ ਜ਼ਰੂਰੀ ਪ੍ਰਬੰਧਕੀ ਰੁਝੇਂਵਿਆਂ ਦੇ ਨਾਲ-ਨਾਲ ਕੁਝ ਗਵਾਹਾਂ ਦੇ ਨਾ ਪੁੱਜ ਸਕਣ ਕਾਰਨ ਇਕੱਤਰਤਾ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੀ ਤਾਰੀਖ ਜਲਦ ਤੈਅ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ 'ਚ ਸਬ-ਕਮੇਟੀ ਗਠਿਤ ਕੀਤੀ ਹੋਈ ਹੈ, ਜਿਸ ਦੀਆਂ ਦੋ ਇਕੱਤਰਤਾਵਾਂ ਹੋ ਚੁੱਕੀਆਂ ਹਨ। ਇਸ ਸਬ-ਕਮੇਟੀ ਵਿਚ ਪ੍ਰੋ. ਬਡੂੰਗਰ ਤੋਂ ਇਲਾਵਾ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਾਬਕਾ ਸਕੱਤਰ ਸ. ਦਲਮੇਘ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਅਮਰ ਸਿੰਘ ਮੈਂਬਰ ਵਜੋਂ ਸ਼ਾਮਲ ਹਨ।