ਗੁਰੂ ਨਾਨਕ ਮਹਿਲ ਤੁੜਵਾ ਕੇ ਸਿੱਧੂ ਦੇ ਯਾਰ ਇਮਰਾਨ ਨੇ ਫਿਰ ਦਿੱਤਾ ਧੋਖਾ : ਚੁੱਘ
Thursday, May 30, 2019 - 09:32 AM (IST)

ਅੰਮ੍ਰਿਤਸਰ (ਵੜੈਚ) : ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਸਥਿਤ ਨਾਰੋਵਾਲ ਪਿੰਡ ਵਿਚ ਸਥਿਤ ਗੁਰੂ ਨਾਨਕ ਮਹਿਲ, ਜਿਸ ਵਿਚ ਗੁਰੂ ਜੀ ਦੀ ਇਤਿਹਾਸਕ ਅਮਾਨਤ ਸੀ, ਨੂੰ ਪਾਕਿਸਤਾਨ ਦੇ ਵਕਫ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਿਛਲੇ ਦਿਨ ਢਹਿ-ਢੇਰੀ ਕਰ ਕੇ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਕੀਤੀ ਗਈ ਹੈ। ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਅੱਜ ਇਥੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਉਪਰੋਕਤ ਘਟਨਾ ਤੋਂ ਸਾਬਿਤ ਹੁੰਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਿਲ 'ਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਲਈ ਕੋਈ ਸਥਾਨ ਨਹੀਂ ਹੈ।
ਚੁੱਘ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਖਾਮੋਸ਼ੀ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਮਰਾਨ ਖਾਨ ਨੂੰ ਆਪਣੇ ਨਿੱਜੀ ਯਾਰ, ਦਿਲਦਾਰ ਦੀ ਉਪਾਧੀ ਦੇਣ ਵਾਲੇ ਨੇਤਾ ਨੇ ਪਾਕਿ ਦੀ ਇਸ ਕਾਇਰਾਨਾ ਹਰਕਤ 'ਤੇ ਆਪਣੇ ਬੁੱਲ੍ਹ ਬੰਦ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ, ਨਹੀਂ ਤਾਂ ਮੋਦੀ ਸਰਕਾਰ ਅਜਿਹੇ ਸ਼ਰਾਰਤੀ ਅਨਸਰਾਂ 'ਤੇ ਨਕੇਲ ਪਾਉਣ ਤੋਂ ਗੁਰੇਜ਼ ਨਹੀਂ ਕਰੇਗੀ।