SGPC ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ''ਤੇ ਵਰ੍ਹੇ ਭਾਈ ਲੌਂਗੋਵਾਲ

02/13/2020 6:04:47 PM

ਅੰਮ੍ਰਿਤਸਰ (ਦੀਪਕ) : ਸਿੱਖਾਂ ਦੇ ਸਿਰ 'ਤੇ ਸਿਰਜੀ ਕੌਮੀ-ਕੌਮਾਂਤਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ ਪਰ ਕੁਝ ਆਪਣੇ ਹੀ ਲੋਕਾਂ ਵਲੋਂ ਇਸ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵਲੋਂ ਐੱਸ. ਜੀ. ਪੀ. ਸੀ. ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਕਰਨੇ ਉਸ ਦੇ ਦੋਗਲੇ ਚਿਹਰੇ ਦਾ ਪ੍ਰਗਟਾਵਾ ਹੈ। ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਰੂਪ 'ਚ ਕਹੇ।

ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਖੁਦ ਸ਼੍ਰੋਮਣੀ ਕਮੇਟੀ 'ਚ ਸਿਖਰਲੀ ਪ੍ਰਬੰਧਕੀ ਪਦਵੀ 'ਤੇ ਕਾਰਜਸ਼ੀਲ ਰਹੇ ਹਨ। ਆਪਣੇ ਸਮੇਂ ਦੌਰਾਨ ਉਸ ਨੇ ਸੰਸਥਾ ਦੇ ਹਰ ਫੈਸਲੇ 'ਤੇ ਸਹਿਮਤੀ ਦਿੰਦਿਆਂ ਫਾਈਲਾਂ ਅੱਗੇ ਭੇਜੀਆਂ। ਉਸ ਵੱਲੋਂ ਲਾਏ ਗਏ ਦੋਸ਼ਾਂ 'ਚ ਜੇਕਰ ਕੋਈ ਵਜ਼ਨ ਹੈ ਤਾਂ ਉਹ ਫਾਈਲਾਂ 'ਤੇ ਦਸਤਖ਼ਤ ਕਿਉਂ ਕਰਦਾ ਰਿਹਾ। ਹਰ ਮਤਾ ਉਸ ਨੇ ਆਪਣੇ ਦਸਤਖ਼ਤਾਂ ਨਾਲ ਹੀ ਰਿਲੀਜ਼ ਕੀਤਾ। 2015 ਵਿਚ ਰਾਮ ਰਹੀਮ ਦੀ ਮੁਆਫ਼ੀ ਸਬੰਧੀ ਅੰਤ੍ਰਿੰਗ ਕਮੇਟੀ ਵੱਲੋਂ ਕੀਤੇ ਗਏ ਫੈਸਲੇ ਵਾਲੇ ਮਤੇ 'ਤੇ ਵੀ ਹਰਚਰਨ ਸਿੰਘ ਦੇ ਹੀ ਦਸਤਖ਼ਤ ਹਨ, ਜੇਕਰ ਉਹ ਇਸ ਨਾਲ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਹੀ ਕਿਉਂ ਕੀਤਾ। ਉਹ ਸ਼੍ਰੋਮਣੀ ਕਮੇਟੀ ਵੱਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦਾ ਰਿਹਾ ਅਤੇ ਅੱਜ ਜਾਣਬੁੱਝ ਕੇ ਸੰਸਥਾ ਨੂੰ ਬਦਨਾਮ ਕਰ ਰਿਹਾ ਹੈ।

ਉਸ ਨੇ ਸੰਸਥਾ 'ਚੋਂ 23 ਮਹੀਨਿਆਂ 'ਚ ਲਗਭਗ 84 ਲੱਖ ਰੁਪਏ ਤਨਖ਼ਾਹ ਅਤੇ ਹੋਰ ਭੱਤੇ ਤੇ ਸਹੂਲਤਾਂ ਦੇ ਰੂਪ 'ਚ ਵਸੂਲ ਕੀਤੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸਕੱਤਰ ਪੱਧਰ ਦੇ ਅਧਿਕਾਰੀ ਲਈ ਬਣਾਈ ਕੋਠੀ ਨੂੰ ਉਸ ਨੇ ਪ੍ਰਵਾਨ ਨਹੀਂ ਕੀਤਾ। ਆਪਣੀ ਮਰਜ਼ੀ ਅਨੁਸਾਰ ਆਪਣੀਆਂ ਗੱਡੀਆਂ ਖਰੀਦਦਾ ਰਿਹਾ। ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਆਪਣੀ ਨਿਯੁਕਤੀ ਵਿਰੁੱਧ ਹੋਏ ਅਦਾਲਤੀ ਕੇਸ ਸਬੰਧੀ ਵਕੀਲ ਦੀ ਫੀਸ 2 ਲੱਖ 50 ਹਜ਼ਾਰ ਰੁਪਏ ਅਦਾ ਕਰਨ ਦੇ ਬਹਾਨੇ ਆਪਣੇ ਨਿੱਜੀ ਖਾਤੇ 'ਚ ਪਵਾਏ, ਜੋ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੇਣੇ ਬਣਦੇ ਹੀ ਨਹੀਂ ਸਨ। ਇਸ ਤਰ੍ਹਾਂ ਉਸ ਨੇ ਆਪਣੇ ਅਹੁਦੇ ਦੀ ਗਲਤ ਵਰਤੋਂ ਕੀਤੀ। ਇਸੇ ਕਰ ਕੇ ਹੀ ਉਸ ਨੂੰ ਸੰਸਥਾ 'ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਹੁਣ ਉਸ ਨੇ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਣ-ਸਨਮਾਨ ਨੂੰ ਢਾਅ ਲਾਈ ਹੈ।

ਇਸੇ ਤਰ੍ਹਾਂ ਸੰਗਤਾਂ 'ਚ ਪਾਏ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਭਰਮ-ਭੁਲੇਖਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਪੰਡਾਲ ਲਾਉਣ ਸਬੰਧੀ ਟੈਂਡਰ ਮੰਗੇ ਗਏ ਸਨ। ਇਸ ਸਬੰਧੀ ਨਿਯਤ ਸਬ-ਕਮੇਟੀ ਵੱਲੋਂ ਪੁੱਜੇ ਟੈਂਡਰਾਂ 'ਚੋਂ ਸ਼ੌ ਕਰਾਫਟ ਪ੍ਰਾ. ਲਿਮ. ਕੰਪਨੀ ਨਵੀਂ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਗਿਆ ਸੀ, ਜਿਸ ਅਨੁਸਾਰ ਮੇਨ ਪੰਡਾਲ 'ਤੇ 2 ਕਰੋੜ 72 ਲੱਖ 82 ਹਜ਼ਾਰ 925 ਰੁਪਏ ਅਤੇ ਗੇਟ 'ਤੇ 32 ਲੱਖ 3 ਹਜ਼ਾਰ 478 ਰੁਪਏ ਇਸ ਕੰਪਨੀ ਨੂੰ ਸੰਸਥਾ ਵੱਲੋਂ ਅਦਾ ਕੀਤੇ ਗਏ ਸਨ।


Baljeet Kaur

Content Editor

Related News