ਬੀਜ ਘੁਟਾਲਾ ਮਾਮਲੇ ''ਚ ਮਜੀਠੀਆ ਨੇ ਰੰਧਾਵਾ ਘੇਰਿਆ, ਫੈਕਟਰੀ ਮਾਲਕ ਨਾਲ ਜਾਰੀ ਕੀਤੀਆਂ ਤਸਵੀਰਾਂ

05/28/2020 4:28:05 PM

ਅੰਮ੍ਰਿਤਸਰ (ਛੀਨਾ) : ਜਾਅਲੀ ਬੀਜ ਘੁਟਾਲੇ ਦੇ ਮਾਮਲੇ 'ਚ ਅਕਾਲੀ ਦਲ ਨੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਾਮਲੇ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਏ.ਡੀ.ਸੀ.ਹਿੰਮਾਸ਼ੂ ਅਗਰਵਾਲ ਨੂੰ ਮੰਗ ਪੱਤਰ ਗਿਆ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਅੰਨਦਾਤਾ ਕਿਸਾਨ ਨੂੰ ਜੋ ਜਾਅਲੀ ਬੀਜ ਵੇਚ ਕੇ ਧੋਖਾਧੜੀ ਕੀਤੀ ਗਈ ਹੈ ਉਸ ਦੀ ਮਾਣਯੋਗ ਹਾਈਕੋਰਟ ਕੋਰਟ ਦੇ ਮੋਜੂਦਾ ਜੱਜ ਸਾਹਿਬਾਨ ਜਾਂ ਫਿਰ ਕੇਂਦਰੀ ਜਾਂਚ ਏਜੰਸੀ ਕੋਲੋਂ ਡੂੰਗਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਅਕਾਲੀ ਦਲ ਨੂੰ ਵਿਜੀਲੈਂਸ ਦੀ ਜਾਂਚ 'ਤੇ ਕੋਈ ਭਰੋਸਾ ਨਹੀਂ ਹੈ।

ਇਹ ਵੀ ਪੜ੍ਹੋ : ਭਰਾ ਦੀ ਕਰਤੂਤ : ਸ਼ਰਾਬ ਦੇ ਨਸ਼ੇ 'ਚ ਮਾਰ ਸੁੱਟਿਆ ਭਰਾ

 

ਉਨ੍ਹਾਂ ਕਿਹਾ ਕਿ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਦੀ ਮਿਲੀਭੁਗਤ ਨਾਲ ਜਾਅਲੀ ਬੀਜ ਤਿਆਰ ਕਰਕੇ ਪੂਰੇ ਪੰਜਾਬ ਦੇ ਕਿਸਾਨਾ ਨੂੰ ਮਹਿੰਗੇ ਭਾਅ ਵੇਚਿਆ ਗਿਆ ਹੈ, ਜਿਸ ਨਾਲ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੀ ਕਿਸਾਨੀ ਨੂੰ ਆਰਥਿਕ ਪੱਖੋਂ ਵੱਡੀ ਢਾਹ ਲੱਗੇਗੀ। ਮਜੀਠੀਆ ਨੇ ਕਿਹਾ ਕਿ ਰੱਬ ਨਾ ਕਰੇ ਕੋਈ ਦੁਖੀ ਹੋਇਆ ਕਿਸਾਨ ਆਤਮ-ਹੱਤਿਆ ਕਰ ਲਵੇ ਇਸ ਤੋਂ ਪਹਿਲਾਂ ਹੀ ਪੰਜਾਬ ਦੀ ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਸੂਬੇ ਦੇ ਜਿੰਨ੍ਹਾਂ ਵੀ ਕਿਸਾਨਾ ਤੱਕ ਇਹ ਜਾਅਲੀ ਬੀਜ ਪਹੁੰਚਿਆ ਹੈ ਉਨ੍ਹਾਂ ਕੋਲ ਅਸਲੀ ਬੀਜ ਭੇਜੇ ਅਤੇ ਉਨ੍ਹਾਂ ਦੇ ਹੋਏ ਆਰਥਿਕ ਨੁਕਸਾਨ ਲਈ ਮਦਦ ਵੀ ਕਰੇ।

ਇਹ ਵੀ ਪੜ੍ਹੋ : ਮਜੀਠੀਆ ਦੇ ਦੋਸ਼ਾਂ ਤੋਂ ਬਾਅਦ ਸਾਹਮਣੇ ਆਇਆ ਬੀਜ ਫੈਕਟਰੀ ਮਾਲਕ, ਦਿੱਤਾ ਵੱਡਾ ਬਿਆਨ

 

ਮਜੀਠੀਆ ਨੇ ਕਿਹਾ ਕਿ ਜਾਅਲੀ ਬੀਜ ਮਾਮਲੇ ਦੇ ਦੋਸ਼ੀ ਲੱਕੀ ਢਿੱਲੋਂ ਵਲੋਂ ਸੁੱਖੀ ਰੰਧਾਵਾ ਨੂੰ ਬਚਾਉਣ ਲਈ ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਉਹ ਕਾਂਗਰਸ ਨਹੀਂ ਅਕਾਲੀ ਦਲ ਨਾਲ ਸਬੰਧਤ ਹੈ, ਜੋ ਕਿ ਸਰਾਸਰ ਝੂਠ ਹੈ ਜਦਕਿ ਸਚਾਈ ਤਾਂ ਇਹ ਹੈ ਜਾਅਲੀ ਬੀਜ ਤਿਆਰ ਕਰਨ ਵਾਲੀ ਕਰਨਾਲ ਐਗਰੀ ਸੀਡ ਲੱਕੀ ਢਿੱਲੋਂ ਦੀ ਨਹੀਂ ਬਲਕਿ ਸੁੱਖੀ ਰੰਧਾਵਾ ਦੀ ਬੈਨਾਮੀ ਫੈਕਟਰੀ ਹੈ। ਜਿਸ ਵਿਚ ਲੱਕੀ ਸਿਰਫ ਮੁਨੀਮ ਵਜੋਂ ਹੀ ਕੰਮ ਕਰਦਾ ਹੈ ਅਤੇ ਇਸ ਘੁਟਾਲੇ 'ਚ ਉਸ ਨੇ ਵੀ ਅਹਿਮ ਰੋਲ ਨਿਭਾਇਆ ਹੈ। ਇਸ ਮੌਕੇ 'ਤੇ ਮਜੀਠੀਆ ਨੇ ਲੱਕੀ ਢਿੱਲੋਂ ਦੀਆ ਸੁੱਖੀ ਰੰਧਾਵਾ ਨਾਲ ਕੁਝ ਤਸਵੀਰਾਂ ਵੀ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀਆ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਨਾਲ ਚਟਾਨ ਦੀ ਤਰ੍ਹਾਂ ਖੜਾ ਹੈ ਤੇ ਉਨ੍ਹਾਂ ਨੂੰ ਹੋਰ ਡੁੱਬਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਜਾਅਲੀ ਬੀਜ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਕਾਨੂੰਨ ਅਨੁਸਾਰ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਅੰਨਦਾਤਾ ਕਿਸਾਨ ਨਾਲ ਭਵਿੱਖ 'ਚ ਮੁੜ ਕੋਈ ਅਜਿਹਾ ਖਿਲਵਾੜ ਕਰਨ ਦੀ ਹਿੰਮਤ ਨਾ ਕਰ ਸਕੇ। ਮਜੀਠੀਆ ਨੇ ਆਖੀਰ 'ਚ ਤਾੜਨਾ ਕਰਦਿਆਂ ਆਖਿਆ ਕਿ ਜੇਕਰ ਕਾਂਗਰਸ ਸਰਕਾਰ ਨੇ ਜਾਅਲੀ ਬੀਜ ਮਾਮਲੇ 'ਚ ਕਿਸਾਨਾਂ ਨਾਲ ਇਨਸਾਫ ਨਾ ਕੀਤਾ ਤਾਂ ਅਕਾਲੀ ਦਲ ਸੜਕਾਂ 'ਤੇ ਆ ਕੇ ਧਰਨੇ ਲਗਾਵੇਗਾ ਅਤੇ ਸਰਕਾਰ ਦੇ ਨੱਕ 'ਚ ਦਮ ਕਰ ਦੇਵੇਗਾ।


Baljeet Kaur

Content Editor

Related News