ਪੰਚ, ਸਰਪੰਚ ਤੇ ਪੁਲਸ ਵਾਲੇ ਹੀ ਕਰਨ ਲੱਗੇ ਚਿੱਟੇ ਦੀ ਸਮੱਗਲਿੰਗ

11/29/2019 10:25:11 AM

ਅੰਮ੍ਰਿਤਸਰ (ਨੀਰਜ) : ਇਕ ਪਾਸੇ ਜਿਥੇ ਕੈਪਟਨ ਸਰਕਾਰ ਪੰਜਾਬ 'ਚ ਚਿੱਟੇ ਦੀ ਸਮੱਗਲਿੰਗ ਰੋਕਣ ਲਈ ਸਖ਼ਤ ਕਦਮ ਚੁੱਕ ਰਹੀ ਹੈ ਅਤੇ ਪੰਜਾਬ ਪੁਲਸ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੇ ਈਮਾਨਦਾਰ ਅਧਿਕਾਰੀ ਚਿੱਟੇ ਦੀ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰ ਰਹੇ ਹਨ, ਉਥੇ ਦੂਜੇ ਪਾਸੇ ਕੁਝ ਪੰਚ, ਸਰਪੰਚ, ਪੁਲਸ ਅਧਿਕਾਰੀ ਤੇ ਹੋਰ ਸੁਰੱਖਿਆ ਏਜੰਸੀਆ ਦੇ ਅਧਿਕਾਰੀ ਹੈਰੋਇਨ ਦੀਆਂ ਵੱਡੀਆਂ-ਵੱਡੀਆਂ ਖੇਪਾਂ ਨਾਲ ਗ੍ਰਿਫਤਾਰ ਹੋ ਰਹੇ ਹਨ। ਚਿੱਟੇ ਦੀ ਵਿਕਰੀ ਕਰ ਕੇ ਜਮ੍ਹਾ ਕੀਤੀ ਡਰੱਗ ਮਨੀ ਤੋਂ ਸਿਆਸੀ ਪਾਰਟੀਆਂ ਨੂੰ ਫੰਡਿੰਗ ਕਰਦੇ ਹਨ ਅਤੇ ਇਸ ਤੋਂ ਬਾਅਦ ਨੇਤਾਵਾਂ ਦੀ ਹਿਫਾਜ਼ਤ ਹਾਸਲ ਕਰਦੇ ਹਨ।

ਪਿੰਡ ਹਵੇਲੀਆਂ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਲਾ, ਪਿੰਡ ਠੱਠਾ ਦੇ ਸਾਬਕਾ ਸਰਪੰਚ ਅਮਨਦੀਪ ਸਿੰਘ, ਰਣਜੀਤ ਸਿੰਘ ਰਾਣਾ ਉਰਫ ਪੁਲਸੀਆ, ਰਣਜੀਤ ਸਿੰਘ ਰਾਣਾ ਉਰਫ ਪੰਚ, ਰਣਜੀਤ ਸਿੰਘ ਰਾਣਾ ਉਰਫ ਚੀਤਾ (ਹੁਣ ਤੱਕ ਗ੍ਰਿਫਤਾਰ ਨਹੀਂ), ਸਬ-ਇੰਸਪੈਕਟਰ ਅਵਤਾਰ ਸਿੰਘ ਅਤੇ ਜ਼ੋਰਾਵਰ ਸਿੰਘ, ਸਾਬਕਾ ਕਸਟਮ ਸੁਪਰਡੈਂਟ ਗੁਰਦੇਵ ਸਿੰਘ ਪੱਟੀ, ਸਾਬਕਾ ਪੁਲਸ ਇੰਸਪੈਕਟਰ ਇੰਦਰਜੀਤ ਸਿੰਘ ਜਿਹੇ ਲੋਕਾਂ ਦੀ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰੀ ਹੋਣੀ ਸਾਬਿਤ ਕਰਦੀ ਹੈ ਕਿ ਕੁਝ ਰੱਖਿਅਕ ਹੀ ਭਕਸ਼ਕ ਦੀ ਭੂਮਿਕਾ ਨਿਭਾ ਰਹੇ ਹਨ। ਇਸ ਮਾਮਲੇ 'ਚ ਸੁਰੱਖਿਆ ਏਜੰਸੀਆਂ ਦੀ ਵੱਡੀ ਲਾਪ੍ਰਵਾਹੀ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਇਹ ਅਜਿਹੇ ਸਮੱਗਲਰ ਹਨ ਜੋ ਇਕ ਵਾਰ ਨਹੀਂ ਸਗੋਂ ਵਾਰ-ਵਾਰ ਫੜੇ ਜਾਣ ਤੋਂ ਬਾਅਦ ਵੀ ਸਮੱਗਲਿੰਗ ਦਾ ਨੈੱਟਵਰਕ ਚਲਾਉਂਦੇ ਰਹਿੰਦੇ ਹਨ ਅਤੇ ਐੱਨ. ਡੀ. ਪੀ. ਐੱਸ. ਐਕਟ ਦੇ ਨਿਯਮਾਂ ਦੀਆਂ ਵੀ ਧੱਜੀਆਂ ਉਡਾਉਂਦੇ ਦੇਖੇ ਜਾਂਦੇ ਹਨ।

30 ਸਾਲਾਂ ਤੋਂ ਸੋਨੇ ਅਤੇ ਹੈਰੋਇਨ ਦੀ ਸਮੱਗਲਿੰਗ ਕਰ ਰਿਹਾ ਸੀ ਸਰਪੰਚ ਬਿੱਲਾ ਹਵੇਲੀਆਂ
ਹਾਲ ਹੀ 'ਚ ਮੋਹਾਲੀ ਪੁਲਸ ਵਲੋਂ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਪਿੰਡ ਹਵੇਲੀਆਂ ਦਾ ਸਾਬਕਾ ਸਰਪੰਚ ਬਲਵਿੰਦਰ ਸਿੰਘ ਉਰਫ ਬਿੱਲਾ ਪਿਛਲੇ 30 ਸਾਲਾਂ ਤੋਂ ਹੈਰੋਇਨ ਅਤੇ ਸੋਨੇ ਦੀ ਸਮੱਗਲਿੰਗ ਕਰ ਰਿਹਾ ਸੀ। ਇੰਨਾ ਲੰਮਾ ਸਮਾਂ ਸਮੱਗਲਿੰਗ ਵਿਚ ਸ਼ਾਮਿਲ ਰਹਿਣ ਦੇ ਬਾਵਜੂਦ ਹੁਣ ਜਾ ਕੇ ਤਰਨਤਾਰਨ ਪੁਲਸ ਨੇ ਬਿੱਲੇ ਦੀ ਪ੍ਰਾਪਰਟੀ ਸੀਲ ਕੀਤੀ ਹੈ। ਬੀ. ਓ. ਪੀ. ਫਤਾਹਪੁਰ ਵਿਚ ਬੇਰੀ ਦੇ ਦਰੱਖਤ ਹੇਠਾਂ ਸਮੱਗਲਰ ਸੋਨੂੰ ਅਤੇ ਰਾਂਝਾ ਤੋਂ 4 ਕਿਲੋ ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਜਾਣ ਦੇ ਮਾਮਲੇ ਵਿਚ ਵੀ ਦੋਵਾਂ ਸਮੱਗਲਰਾਂ ਨੇ ਆਪਣੇ ਆਕਾ ਬਿੱਲੇ ਦੇ ਨਾਂ ਦਾ ਖੁਲਾਸਾ ਕੀਤਾ ਹੈ। ਹੈਰੋਇਨ ਦੀ ਸਮੱਗਲਿੰਗ ਵਿਚ ਬਿੱਲਾ ਸਰਪੰਚ ਕਿੰਗਪਿਨ ਮੰਨਿਆ ਜਾਂਦਾ ਹੈ ਅਤੇ ਉਸ ਨੇ 532 ਕਿਲੋ ਹੈਰੋਇਨ ਮਾਮਲੇ ਦੇ ਮੋਸਟਵਾਂਟੇਡ ਰਣਜੀਤ ਸਿੰਘ ਉਰਫ ਚੀਤੇ ਜਿਹੇ ਸਮੱਗਲਰਾਂ ਨੂੰ ਵੀ ਟ੍ਰੇਨਿੰਗ ਦੇ ਰੱਖੀ ਹੈ।

ਡੀ. ਆਰ. ਆਈ. ਦੇ 31 ਕਿਲੋ ਹੈਰੋਇਨ ਕੇਸ 'ਚ ਉਗਲਿਆ ਸੀ ਸਰਪੰਚ ਦਾ ਨਾਂ
ਫਿਰੋਜ਼ਪੁਰ ਦੇ ਇਕ ਪਿੰਡ 'ਚ ਡੀ. ਆਰ. ਆਈ. ਵਲੋਂ ਜ਼ਬਤ ਕੀਤੀ ਗਈ 155 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ 'ਚ ਵੀ 31 ਕਿਲੋ ਹੈਰੋਇਨ ਨਾਲ ਫੜੇ ਗਏ ਪ੍ਰਕਾਸ਼ ਸਿੰਘ ਉਰਫ ਮਿੰਟੂ ਅਤੇ ਅੰਗਰੇਜ਼ ਸਿੰਘ ਨੇ ਇਕ ਸਰਪੰਚ ਦਾ ਨਾਂ ਉਗਲਿਆ ਸੀ, ਜੋ ਕਾਨੂੰਨੀ ਕਮਜ਼ੋਰੀਆਂ ਦੀ ਆੜ ਲੈ ਕੇ ਬਰੀ ਹੋ ਗਿਆ। ਹਾਲਾਂਕਿ ਇਸ ਘਟਨਾ ਨੇ ਡੀ. ਆਰ. ਆਈ. ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਵੀ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਸਰਪੰਚ ਨੇ ਵੀ ਹੈਰੋਇਨ ਸਮੱਗਲਿੰਗ ਦੇ ਕਾਲੇ ਕਾਰੋਬਾਰ ਨਾਲ 2-4 ਜਾਂ ਫਿਰ 10 ਏਕੜ ਨਹੀਂ ਸਗੋਂ 150 ਏਕੜ ਦੇ ਕਰੀਬ ਜ਼ਮੀਨ ਖਰੀਦ ਰੱਖੀ ਹੈ। ਇਹ ਜ਼ਮੀਨ ਉਸ ਦੇ ਆਪਣੇ ਨਾਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਂ 'ਤੇ ਹੈ।

ਪਿੰਡ ਠੱਠਾ ਦਾ ਸਾਬਕਾ ਸਰਪੰਚ ਅਮਨਦੀਪ ਸਿੰਘ
ਤਰਨਤਾਰਨ ਦੇ ਕਸਬਾ ਸਰਹਾਲੀ ਦੇ ਪਿੰਡ ਠੱਠਾ ਦਾ ਸਾਬਕਾ ਸਰਪੰਚ ਅਮਨਦੀਪ ਸਿੰਘ ਵੀ ਹਾਲ ਹੀ 'ਚ ਚੋਹਲਾ ਸਾਹਿਬ ਪੁਲਸ ਵਲੋਂ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਅਮਨਦੀਪ ਦੇ ਕਈ ਸਕੇ ਰਿਸ਼ਤੇਦਾਰ ਵੀ ਹੈਰੋਇਨ ਸਮੱਗਲਿੰਗ ਦੇ ਕੇਸ ਵਿਚ ਲੋੜੀਂਦੇ ਹਨ। ਸਾਬਕਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਅਮਨਦੀਪ ਨੂੰ ਪੁਲਸ ਵੀ ਗ੍ਰਿਫਤਾਰ ਨਹੀਂ ਕਰ ਸਕੀ ਕਿਉਂਕਿ ਉਸ ਨੂੰ ਸਿਆਸੀ ਹਿਫਾਜ਼ਤ ਪ੍ਰਾਪਤ ਸੀ।

ਰਣਜੀਤ ਸਿੰਘ ਰਾਣਾ ਪੰਚ
ਕੁਝ ਦਿਨ ਪਹਿਲਾਂ ਹੀ ਦਿਹਾਤੀ ਇਲਾਕੇ ਦੀ ਚਾਟੀਵਿੰਡ ਪੁਲਸ ਵਲੋਂ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਰਣਜੀਤ ਸਿੰਘ ਉਰਫ ਰਾਣਾ ਦਾਉਕੇ ਪਿੰਡ ਵਿਚ ਪੰਚ ਹੈ, ਜਿਸ ਨੂੰ ਕਾਂਗਰਸ ਪਾਰਟੀ ਵਲੋਂ ਬਰਖਾਸਤ ਕੀਤਾ ਜਾ ਰਿਹਾ ਹੈ। ਰਾਣਾ 'ਤੇ ਇਸ ਤੋਂ ਪਹਿਲਾਂ ਵੀ ਹੈਰੋਇਨ ਸਮੱਗਲਿੰਗ ਦੇ ਪਰਚੇ ਦਰਜ ਸਨ। ਅਜਿਹੇ 'ਚ ਉਹ ਸੱਤਾਧਾਰੀ ਪਾਰਟੀ ਵਿਚ ਕਿਵੇਂ ਸ਼ਾਮਿਲ ਕਰ ਲਿਆ ਗਿਆ, ਇਹ ਵੀ ਇਕ ਵੱਡਾ ਸਵਾਲ ਹੈ। ਰਾਣਾ ਦੇ ਹਲਕਾ ਵਿਧਾਇਕ ਨਾਲ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ, ਹਾਲਾਂਕਿ ਵਿਧਾਇਕ ਦਾ ਕਹਿਣਾ ਹੈ ਕਿ ਉਸ ਦਾ ਰਾਣਾ ਨਾਲ ਕਿਸੇ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ।

ਰਾਣਾ ਪੁਲਸੀਆ
ਪੰਜਾਬ ਪੁਲਸ ਦਾ ਬਰਖਾਸਤ ਸਬ-ਇੰਸਪੈਕਟਰ ਹਲਕਾ ਅਟਾਰੀ ਦੇ ਪਿੰਡ ਮੋਦੇ ਵਾਸੀ ਰਣਜੀਤ ਸਿੰਘ ਉਰਫ ਰਾਣਾ ਪੁਲਸੀਆ ਵੀ ਹੈਰੋਇਨ ਸਮੱਗਲਿੰਗ ਦਾ ਇਕ ਵੱਡਾ ਖਿਡਾਰੀ ਹੈ, ਜਿਸ ਨੂੰ ਕਈ ਵਾਰ ਸੁਰੱਖਿਆ ਏਜੰਸੀਆਂ ਵਲੋਂ ਹੈਰੋਇਨ ਦੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਹਾਲ ਹੀ 'ਚ ਅਜਨਾਲਾ ਦੀ ਪੁਲਸ ਵਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਰੇਲ ਕਾਰਗੋ ਅੰਮ੍ਰਿਤਸਰ ਦੇ 22 ਕਿਲੋ ਹੈਰੋਇਨ ਦੇ ਕੇਸ ਵਿਚ ਲੋੜੀਂਦਾ ਸੀ।

ਸਾਬਕਾ ਸਬ-ਇੰਸਪੈਕਟਰ ਅਵਤਾਰ ਸਿੰਘ ਤੇ ਜ਼ੋਰਾਵਰ ਸਿੰਘ
ਹਾਲ ਹੀ 'ਚ ਐੱਸ. ਟੀ. ਐੱਫ. ਅੰਮ੍ਰਿਤਸਰ ਵਲੋਂ ਪੁਲਸ ਥਾਣਾ ਘਰਿੰਡਾ ਦੇ ਹੀ ਸਬ-ਇੰਸਪੈਕਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਹੈਰੋਇਨ ਸਮੱਗਲਿੰਗ 'ਚ ਸ਼ਾਮਿਲ ਸਨ। ਇਨ੍ਹਾਂ 'ਚੋਂ ਅਵਤਾਰ ਸਿੰਘ ਨੇ ਤਾਂ ਪੁਲਸ ਹਿਰਾਸਤ ਵਿਚ ਹੀ ਖੁਦ ਨੂੰ ਗੋਲੀ ਮਾਰ ਲਈ ਸੀ, ਜਦੋਂ ਕਿ ਜ਼ੋਰਾਵਰ ਸਿੰਘ ਨੂੰ ਜੇਲ ਭੇਜਿਆ ਜਾ ਚੁੱਕਾ ਹੈ। ਇਸ ਮਾਮਲੇ ਵਿਚ ਵੀ ਇਲਾਕੇ ਦੇ ਇਕ ਵੱਡੇ ਨੇਤਾ ਦਾ ਨਾਂ ਆਇਆ ਸੀ। ਸਵਾਲ ਇਹ ਉੱਠਦਾ ਹੈ ਕਿ ਅਜਿਹੇ ਪੁਲਸ ਅਧਿਕਾਰੀਆਂ ਨੂੰ ਘਰਿੰਡਾ ਵਰਗੇ ਸੰਵੇਦਨਸ਼ੀਲ ਸੀਮਾਵਰਤੀ ਥਾਣੇ ਵਿਚ ਕਿਵੇਂ ਤਾਇਨਾਤ ਕਰ ਦਿੱਤਾ ਗਿਆ।

ਸਾਬਕਾ ਕਸਟਮ ਸੁਪਰਡੈਂਟ ਗੁਰਦੇਵ ਸਿੰਘ ਪੱਟੀ
ਕਸਟਮ ਵਿਭਾਗ ਦੇ ਵੀ ਇਕ ਸਾਬਕਾ ਸੁਪਰਡੈਂਟ ਗੁਰਦੇਵ ਸਿੰਘ ਪੱਟੀ ਨੂੰ ਹੈਰੋਇਨ ਦੀ ਖੇਪ ਨਾਲ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹ ਅੰਤਰਰਾਸ਼ਟਰੀ ਅਟਾਰੀ ਰੇਲਵੇ ਸਟੇਸ਼ਨ 'ਤੇ ਤਾਇਨਾਤੀ ਦੌਰਾਨ ਹੈਰੋਇਨ ਸਮੱਗਲਿੰਗ ਕਰਦਾ ਸੀ ਅਤੇ ਸਮਝੌਤਾ ਐਕਸਪ੍ਰੈੱਸ 'ਚ ਪਾਣੀ ਦੇ ਰੈਬਰ ਵਿਚ ਹੈਰੋਇਨ ਲੁਕਾ ਕੇ ਮੰਗਵਾਉਂਦਾ ਸੀ, ਹਾਲਾਂਕਿ ਹੁਣ ਤੱਕ ਉਸ ਦੇ ਹੋਰ ਸਾਥੀਆਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਕਸਟਮ ਵਿਭਾਗ ਵਿਚ ਰਾਸ਼ਟਰਪਤੀ ਮੈਡਲ ਹਾਸਲ ਕਰਨ ਵਾਲਾ ਗੁਰਦੇਵ ਕਿਵੇਂ ਹੈਰੋਇਨ ਸਮੱਗਲਿੰਗ ਦੀ ਖੇਡ ਵਿਚ ਸ਼ਾਮਿਲ ਹੋ ਗਿਆ, ਇਹ ਵੀ ਇਕ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ।

5 ਮਹੀਨੇ ਬਾਅਦ ਵੀ ਗ੍ਰਿਫਤਾਰ ਨਹੀਂ ਹੋ ਸਕਿਆ ਸਭ ਤੋਂ ਵੱਡਾ ਖਿਡਾਰੀ ਚੀਤਾ
ਆਈ. ਸੀ. ਪੀ. ਅਟਾਰੀ ਬਾਰਡਰ 'ਤੇ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਫੜੇ ਜਾਣ ਦੇ ਮਾਮਲੇ 'ਚ ਕਸਟਮ ਵਿਭਾਗ ਅਤੇ ਡੀ. ਆਰ. ਆਈ. ਦੀ ਟੀਮ ਨੂੰ ਮੋਸਟਵਾਂਟੇਡ ਰਣਜੀਤ ਸਿੰਘ ਉਰਫ ਰਾਣਾ ਉਰਫ ਚੀਤਾ ਦੀ 5 ਮਹੀਨੇ ਬਾਅਦ ਵੀ ਗ੍ਰਿਫਤਾਰੀ ਨਹੀਂ ਹੋ ਸਕੀ। ਚੀਤਾ ਵੀ ਇਕ ਵੱਡੇ ਨੇਤਾ ਦੇ ਹਿਫਾਜ਼ਤ ਵਿਚ ਸੀ ਅਤੇ ਉਸ ਨੇ ਡਰੱਗ ਮਨੀ ਨਾਲ ਕਰੋੜਾਂ ਦੀ ਪ੍ਰਾਪਰਟੀ ਬਣਾਈ ਸੀ। ਚੀਤੇ ਦੇ ਭਰਾ ਬਲਵਿੰਦਰ ਸਿੰਘ ਨੂੰ ਪਠਾਨਕੋਟ ਦੇ ਮੰਡ ਇਲਾਕੇ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਦੇ ਇਕ ਹੋਰ ਭਰਾ ਕੁਲਦੀਪ ਸਿੰਘ ਨੂੰ ਵੀ ਫਤਾਹਪੁਰ ਜੇਲ ਵਿਚ ਮੋਬਾਇਲ ਨਾਲ ਫੜਿਆ ਜਾ ਚੁੱਕਾ ਹੈ।


Baljeet Kaur

Content Editor

Related News