ਅਟਾਰੀ-ਵਾਹਗਾ ਰੀਟ੍ਰੀਟ ਸੈਰੇਮਨੀ ਦਾ ਸਮਾਂ ਤਬਦੀਲ
Monday, Nov 18, 2019 - 10:21 AM (IST)
![ਅਟਾਰੀ-ਵਾਹਗਾ ਰੀਟ੍ਰੀਟ ਸੈਰੇਮਨੀ ਦਾ ਸਮਾਂ ਤਬਦੀਲ](https://static.jagbani.com/multimedia/2019_11image_10_21_131567870a1.jpg)
ਅੰਮ੍ਰਿਤਸਰ (ਨੀਰਜ) : ਬੀ. ਐੱਸ. ਐੱਫ. ਅਤੇ ਪਾਕਿ ਰੇਂਜਰਸ ਵਿਚਾਲੇ ਅਟਾਰੀ-ਵਾਹਗਾ ਬਾਰਡਰ 'ਤੇ ਹੋਣ ਵਾਲੀ ਰੀਟ੍ਰੀਟ ਸੈਰੇਮਨੀ ਪਰੇਡ ਦਾ ਸਮਾਂ ਤਬਦੀਲ ਕਰ ਦਿੱਤਾ ਗਿਆ ਹੈ। ਬੀ. ਐੱਸ. ਐੱਫ. ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੌਸਮ 'ਚ ਹੋਏ ਬਦਲਾਅ ਕਾਰਣ ਸੋਮਵਾਰ ਤੋਂ ਰੀਟ੍ਰੀਟ ਸੈਰੇਮਨੀ ਸ਼ਾਮ 4.30 ਵਜੇ ਹੋਇਆ ਕਰੇਗੀ। ਇਸ ਤੋਂ ਪਹਿਲਾਂ ਇਹ ਪਰੇਡ ਸ਼ਾਮ 5 ਵਜੇ ਹੁੰਦੀ ਸੀ।
ਦੱਸਣਯੋਗ ਹੈ ਕਿ ਬੀ. ਐੱਸ. ਐੱਫ. ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਪਰੇਡ ਨੂੰ ਦੇਖਣ ਨਿੱਤ 30 ਹਜ਼ਾਰ ਦੇ ਕਰੀਬ ਟੂਰਿਸਟ ਅਟਾਰੀ ਬਾਰਡਰ 'ਤੇ ਆਉਂਦੇ ਹਨ। ਭਾਰਤ ਸਰਕਾਰ ਵੱਲੋਂ 16 ਫਰਵਰੀ ਤੋਂ ਬਾਅਦ ਪਾਕਿਸਤਾਨ ਵਲੋਂ ਦਰਾਮਦ ਵਸਤੂਆਂ 'ਤੇ 200 ਫ਼ੀਸਦੀ ਡਿਊਟੀ ਲਾਏ ਜਾਣ ਤੋਂ ਬਾਅਦ ਆਈ. ਸੀ. ਪੀ. ਅਟਾਰੀ ਬਾਰਡਰ ਦੇ ਰਸਤੇ ਹੋਣ ਵਾਲਾ ਭਾਰਤ-ਪਾਕਿ ਕਾਰੋਬਾਰ ਬੰਦ ਹੋ ਚੁੱਕਾ ਹੈ। ਸਮਝੌਤਾ ਐਕਸਪ੍ਰੈੱਸ ਵੀ ਬੰਦ ਹੋ ਚੁੱਕੀ ਹੈ। ਸਿਰਫ ਇਕ ਪਰੇਡ ਹੀ ਬਚੀ ਹੈ, ਜੋ ਅਜੇ ਤੱਕ ਚੱਲ ਰਹੀ ਹੈ। ਹਾਲਾਂਕਿ ਕਈ ਵਾਰ ਇਹ ਮੰਗ ਉਠ ਚੁੱਕੀ ਹੈ ਕਿ ਜਦੋਂ ਪਾਕਿਸਤਾਨ ਨਾਲ ਵਪਾਰਕ ਅਤੇ ਹਰ ਤਰ੍ਹਾਂ ਦੇ ਰਿਸ਼ਤੇ ਖਤਮ ਕੀਤੇ ਜਾ ਚੁੱਕੇ ਹਨ ਤਾਂ ਇਸ ਪਰੇਡ ਨੂੰ ਵੀ ਖਤਮ ਕਿਉਂ ਨਹੀਂ ਕੀਤਾ ਜਾਂਦਾ।