ਵਿਦਿਆਰਥਣ ਨਾਲ 2 ਵਾਰ ਗੈਂਗਰੇਪ ਕਰਕੇ ਵੀਡੀਓ ਬਣਾਉਣ ਵਾਲੇ ਦੋ ਦੋਸ਼ੀਆਂ ਨੂੰ 20-20 ਸਾਲ ਦੀ ਕੈਦ

Wednesday, Jul 24, 2019 - 12:50 PM (IST)

ਵਿਦਿਆਰਥਣ ਨਾਲ 2 ਵਾਰ ਗੈਂਗਰੇਪ ਕਰਕੇ ਵੀਡੀਓ ਬਣਾਉਣ ਵਾਲੇ ਦੋ ਦੋਸ਼ੀਆਂ ਨੂੰ 20-20 ਸਾਲ ਦੀ ਕੈਦ

ਅੰਮ੍ਰਿਤਸਰ (ਮਹਿੰਦਰ) : ਸਕੂਲ ਦੀ ਇਕ ਵਿਦਿਆਰਥਣ ਨਾਲ ਇਕ ਸਾਲ 'ਚ 2 ਵਾਰ ਗੈਂਗਰੇਪ ਕਰ ਕੇ ਉਸ ਦੀ ਵੀਡੀਓ ਬਣਾਏ ਜਾਣ ਦੇ ਮਾਮਲੇ 'ਚ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਐੱਸ. ਐੱਸ. ਧਾਲੀਵਾਲ ਦੀ ਅਦਾਲਤ ਨੇ ਜਸਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਨਾਂ ਦੇ ਦੋਸ਼ੀਆਂ ਨੂੰ 20-20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ 2 ਵੱਖ-ਵੱਖ ਜੁਰਮਾਂ 'ਚ ਕੁਲ 60-60 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ। ਉਥੇ ਹੀ ਜੋਧਬੀਰ ਸਿੰਘ ਨਾਂ ਦੇ ਮੁੱਖ ਮੁਲਜ਼ਮ ਨੂੰ 2 ਵਾਰ 20-20 ਸਾਲ ਕੈਦ ਅਤੇ ਕੁਲ 1.20 ਲੱਖ ਰੁਪਏ ਦਾ ਜੁਰਮਾਨਾ ਕੀਤੇ ਜਾਣ ਦੀ ਸਜ਼ਾ ਸੁਣਾਈ ਹੈ।

ਕਿਸੇ ਨਾਲ ਗੱਲ ਕਰਨ 'ਤੇ ਵੀਡੀਓ ਵਟਸਐਪ 'ਤੇ ਪਾਉਣ ਦੀ ਦਿੱਤੀ ਸੀ ਧਮਕੀ
ਥਾਣਾ ਜੰਡਿਆਲਾ ਦੇ ਇਕ ਪਿੰਡ ਨਾਲ ਸਬੰਧਤ 12ਵੀਂ ਜਮਾਤ ਦੀ ਵਿਦਿਆਰਥਣ ਨੇ ਪੁਲਸ ਨੂੰ ਸ਼ਿਕਾਇਤ ਕਰ ਕੇ ਬਿਆਨ ਦਰਜ ਕਰਵਾਏ ਸਨ ਕਿ ਜੁਲਾਈ 2014 'ਚ ਇਕ ਦਿਨ ਸ਼ਾਮ 7 ਵਜੇ ਪਿੰਡ ਠੱਠੀਆਂ ਵਾਸੀ ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਉਸ ਦੇ ਘਰ ਆਇਆ ਤੇ ਕਿਹਾ ਕਿ ਉਸ ਦੀ ਭੈਣ ਉਸ ਨੂੰ ਉਨ੍ਹਾਂ ਦੇ ਘਰ ਸੱਦ ਰਹੀ ਹੈ, ਜਦੋਂ ਉਹ ਪਹੁੰਚੀ ਤਾਂ ਉਥੇ ਪਿੰਡ ਗਦਲੀ ਵਾਸੀ ਜੋਧਬੀਰ ਸਿੰਘ ਪੁੱਤਰ ਗੁਰਜੀਤ ਸਿੰਘ ਅਤੇ ਪਿੰਡ ਬੰਡਾਲਾ ਵਾਸੀ ਜਸਦੀਪ ਸਿੰਘ ਪੁੱਤਰ ਸਤਪਾਲ ਸਿੰਘ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਨੇ ਉਸ ਨੂੰ ਇਕ ਕਮਰੇ 'ਚ ਧੱਕਿਆ, ਜਿਥੇ ਜੋਧਬੀਰ ਸਿੰਘ ਅਤੇ ਪ੍ਰਭਜੋਤ ਸਿੰਘ ਨਾਂ ਦੇ ਇਕ ਹੋਰ ਮੁਲਜ਼ਮ ਨੇ ਉਸ ਨਾਲ ਗੈਂਗਰੇਪ ਕੀਤਾ। ਇਸ ਦੌਰਾਨ ਜੋਧਬੀਰ ਸਿੰਘ ਨੇ ਉਸ ਦੀ ਵੀਡੀਓ ਵੀ ਬਣਾਈ। ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਇਹ ਵੀਡੀਓ ਵਟਸਐਪ 'ਤੇ ਪਾ ਦੇਣਗੇ, ਜਿਸ ਕਾਰਨ ਬਦਨਾਮੀ ਦੇ ਡਰੋਂ ਉਹ ਕਿਸੇ ਨੂੰ ਕੁਝ ਦੱਸ ਨਹੀਂ ਸਕੀ ਸੀ।

ਦੂਜੀ ਵਾਰ ਅਗਵਾ ਕਰ ਕੇ ਇਕ ਹੋਟਲ 'ਚ ਕੀਤਾ ਸੀ ਗੈਂਗਰੇਪ
ਪੀੜਤਾ ਨੇ ਦੱਸਿਆ ਕਿ ਦੂਜੀ ਵਾਰ 20-7-2015 ਨੂੰ ਜਦੋਂ ਉਹ ਸਵੇਰੇ ਸਕੂਲ ਜਾ ਰਹੀ ਸੀ ਤਾਂ ਰਸਤੇ 'ਚ ਜੋਧਬੀਰ ਉਸ ਨੂੰ ਡਰਾ-ਧਮਕਾ ਕੇ ਜ਼ਬਰਦਸਤੀ ਆਪਣੀ ਕਾਰ 'ਚ ਜੰਡਿਆਲਾ ਰੋਡ ਸਥਿਤ ਇਕ ਹੋਟਲ 'ਚ ਲੈ ਗਿਆ। ਉਹ ਹੋਟਲ ਦੇ ਬਾਹਰ ਹੀ ਖੜ੍ਹਾ ਰਿਹਾ ਤੇ ਉਸ ਨੂੰ ਹੋਟਲ ਅੰਦਰ ਭੇਜ ਦਿੱਤਾ। ਹੋਟਲ 'ਚ ਰਿਸੈਪਸ਼ਨ ਕੋਲ ਉਸ ਦਾ ਦੋਸਤ ਜਸਦੀਪ ਸਿੰਘ ਪਹਿਲਾਂ ਹੀ ਖੜ੍ਹਾ ਸੀ। ਹੋਟਲ ਦੇ ਕਮਰੇ 'ਚ 2 ਜਣਿਆਂ ਨੇ ਉਸ ਨਾਲ ਗੈਂਗਰੇਪ ਕੀਤਾ, ਜਿਸ ਤੋਂ ਬਾਅਦ ਹੋਟਲ ਦੇ ਬਾਹਰ ਖੜ੍ਹਾ ਜੋਧਬੀਰ ਉਸ ਨੂੰ ਆਪਣੀ ਕਾਰ 'ਚ ਉਸ ਦੇ ਸਕੂਲ ਬਾਹਰ ਛੱਡ ਗਿਆ। ਬਾਅਦ ਵਿਚ ਇਹ ਸਾਰੇ ਲੋਕ ਆਪਣੇ ਹੋਰ ਦੋਸਤਾਂ ਵੱਲ ਇਸ਼ਾਰੇ ਕਰ ਕੇ ਉਸ ਦੀ ਬਦਨਾਮੀ ਕਰਦੇ ਹੋਏ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਅਖੀਰ ਇਨ੍ਹਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਉਸ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਸੀ।

ਨਾਬਾਲਗ ਸਮੇਤ 5 ਦੋਸ਼ੀਆਂ ਖਿਲਾਫ ਹੋਇਆ ਸੀ ਮਾਮਲਾ ਦਰਜ
ਥਾਣਾ ਜੰਡਿਆਲਾ ਦੀ ਪੁਲਸ ਨੇ 28-8-2015 ਨੂੰ ਇਕ ਨਾਬਾਲਗ ਨੌਜਵਾਨ ਤੋਂ ਇਲਾਵਾ ਜੋਧਬੀਰ ਸਿੰਘ, ਜਸਦੀਪ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਨਾਲ-ਨਾਲ ਪ੍ਰਭਜੋਤ ਸਿੰਘ ਖਿਲਾਫ ਧਾਰਾ 376/506 ਅਤੇ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਹਰਾਸਮੈਂਟ (ਪੋਕਸੋ) ਐਕਟ 2012 ਦੀ ਧਾਰਾ 6 ਤਹਿਤ ਮੁਕੱਦਮਾ ਨੰਬਰ 198/2015 ਦਰਜ ਕਰ ਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ, ਜਦਕਿ ਪ੍ਰਭਜੋਤ ਸਿੰਘ ਨਾਂ ਦੇ ਮੁਲਜ਼ਮ ਨੂੰ ਅਦਾਲਤ ਭਗੌੜਾ ਐਲਾਨ ਚੁੱਕੀ ਸੀ। ਨਾਬਾਲਗ ਮੁਲਜ਼ਮ ਦਾ ਮਾਮਲਾ ਜੁਵੇਨਾਈਲ ਕੋਰਟ ਕੋਲ ਭੇਜ ਦਿੱਤਾ ਗਿਆ ਸੀ।


author

Baljeet Kaur

Content Editor

Related News