ਤੰਦਰੁਸਤ ਪੰਜਾਬ ਦੀ ਸਮੋਗ ਨੇ ਵਿਗਾੜੀ ਆਬੋ-ਹਵਾ
Wednesday, Nov 06, 2019 - 01:12 PM (IST)
ਅੰਮ੍ਰਿਤਸਰ (ਦਲਜੀਤ) : ਤੰਦਰੁਸਤ ਪੰਜਾਬ ਦੀ ਆਬੋ-ਹਵਾ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਣ ਪ੍ਰਦੂਸ਼ਿਤ ਹੋ ਗਈ ਹੈ। ਸਮੋਗ ਕਾਰਣ ਹਵਾ 'ਚ ਵਿਸ਼ੈਲੇ ਤੱਤ ਤੈਰ ਰਹੇ ਹਨ, ਜੋ ਸਾਹ ਰਾਹੀਂ ਇਨਸਾਨ ਦੇ ਸਰੀਰ 'ਚ ਦਾਖਲ ਹੋ ਕੇ ਭਿਆਨਕ ਬੀਮਾਰੀਆਂ ਦਾ ਕਾਰਣ ਬਣ ਰਹੇ ਹਨ। ਅੰਮ੍ਰਿਤਸਰ ਸਮੇਤ ਸੂਬੇ ਦੇ ਹੋਰ ਜ਼ਿਲਿਆਂ 'ਚ ਅਕਾਸ਼ ਤੋਂ ਲੈ ਕੇ ਜ਼ਮੀਨ ਤੱਕ ਸਮੋਗ ਦੇ ਧੂੰਏਂ ਦੀ ਇਕ ਅਜਿਹੀ ਚਾਦਰ ਵਿਛੀ ਹੋਣ ਕਾਰਣ ਲੋਕ ਆਪਣੀ ਸਿਹਤ ਨੂੰ ਲੈ ਕੇ ਪ੍ਰੇਸ਼ਾਨ ਹਨ। ਹਾਲਾਤ ਇਹ ਬਣ ਗਏ ਹਨ ਕਿ ਅੱਖਾਂ ਸੜ ਰਹੀਆਂ ਹਨ, ਸਾਹ ਫੁੱਲ ਰਿਹਾ ਹੈ ਤੇ ਦਿਲ ਨਾਲ ਸਬੰਧਤ ਰੋਗਾਂ ਦੇ ਮਰੀਜ਼ਾਂ 'ਚ ਵਾਧਾ ਹੋ ਰਿਹਾ ਹੈ। ਸਰਕਾਰੀ ਟੀ. ਬੀ. ਹਸਪਤਾਲ 'ਚ ਸਮੋਗ ਕਾਰਣ ਜਿਥੇ 40 ਫੀਸਦੀ ਮਰੀਜ਼ਾਂ ਦੀ ਗਿਣਤੀ ਇਕਦਮ ਵੱਧ ਗਈ ਹੈ, ਉਥੇ ਹੀ ਸਰਕਾਰੀ ਮੈਡੀਕਲ ਕਾਲਜ ਦੇ ਕਾਰਡੀਓਲਾਜੀ ਵਿਭਾਗ 'ਚ 30 ਫੀਸਦੀ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ 'ਚ ਵਾਤਾਵਰਣ ਪਹਿਲਾਂ ਵਰਗਾ ਨਹੀਂ ਰਿਹਾ। ਕਿਸਾਨਾਂ ਵਲੋਂ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਣ ਕਾਰਣ ਪੈਦਾ ਹੋਏ ਵਿਸ਼ੈਲੇ ਤੱਤ ਹਵਾ ਨੂੰ ਪ੍ਰਦੂਸ਼ਿਤ ਕਰ ਕੇ ਆਬੋ-ਹਵਾ ਖਰਾਬ ਕਰ ਰਹੇ ਸਨ, ਰਹਿੰਦੀ ਕਸਰ ਦੀਵਾਲੀ 'ਤੇ ਲੋਕਾਂ ਨੇ ਪਟਾਕੇ ਚਲਾ ਕੇ ਪੂਰੀ ਕਰ ਦਿੱਤੀ। ਅੰਮ੍ਰਿਤਸਰ ਸਮੇਤ ਜਲੰਧਰ ਤੇ ਪਟਿਆਲਾ 'ਚ ਸਮੋਗ ਕਾਰਣ ਲੋਕਾਂ ਨੂੰ ਆਪਣਾ ਜੀਵਨ ਬਤੀਤ ਕਰਨਾ ਔਖਾ ਹੋ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਲਾਉਣ 'ਤੇ ਪਾਬੰਦੀ ਲਾਈ ਗਈ ਹੈ ਅਤੇ ਦੀਵਾਲੀ 'ਤੇ ਵੀ 10 ਵਜੇ ਤੋਂ ਬਾਅਦ ਪਟਾਕੇ ਚਲਾਉਣ 'ਤੇ ਰੋਕ ਲਾਈ ਗਈ ਸੀ ਪਰ ਇਸ ਸਭ ਦੇ ਬਾਵਜੂਦ ਲੋਕਾਂ ਨੇ ਸਰਕਾਰ ਦੇ ਨਿਰਦੇਸ਼ਾਂ ਨੂੰ ਠੇਂਗਾ ਦਿਖਾਉਂਦਿਆਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ 'ਚ ਆਪਣੀ ਅਹਿਮ ਭੂਮਿਕਾ ਨਿਭਾਈ।
ਅੰਮ੍ਰਿਤਸਰ ਦੇ ਸਰਕਾਰੀ ਟੀ. ਬੀ. ਹਸਪਤਾਲ ਦੀ ਗੱਲ ਕਰੀਏ ਤਾਂ ਸਮੋਗ ਕਾਰਣ ਇਥੇ ਇਕਦਮ 40 ਫ਼ੀਸਦੀ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਦਮੇ ਦੇ ਮਰੀਜ਼ ਸਾਹ ਲੈਣ ਵਿਚ ਮੁਸ਼ਕਿਲ ਆਦਿ ਬੀਮਾਰੀਆਂ ਕਾਰਣ ਹਸਪਤਾਲ ਵਿਚ ਆ ਰਹੇ ਹਨ, ਜਦਕਿ ਸਰਕਾਰੀ ਮੈਡੀਕਲ ਕਾਲਜ ਦੇ ਕਾਰਡੀਓਲਾਜੀ ਵਿਭਾਗ 'ਚ 30 ਫੀਸਦੀ ਮਰੀਜ਼ ਨਵੇਂ ਅਜਿਹੇ ਹਨ, ਜੋ ਨਾੜੀਆਂ ਦੀ ਬਲਾਕੇਜ ਤੇ ਦਿਲ ਦੀਆਂ ਹੋਰ ਬੀਮਾਰੀਆਂ ਤੋਂ ਪੀੜਤ ਹਨ।
ਇਸ ਤਰ੍ਹਾਂ ਬਣਦੀ ਹੈ ਸਮੋਗ
ਪਟਾਕਿਆਂ, ਪਰਾਲੀ ਅਤੇ ਫੈਕਟਰੀਆਂ 'ਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਤੇ ਹੋਰ ਖਤਰਨਾਕ ਗੈਸਾਂ ਜਦੋਂ ਕੋਹਰੇ ਦੇ ਸੰਪਰਕ 'ਚ ਆਉਂਦੀਆ ਹਨ ਤਾਂ ਸਮੋਗ ਬਣਦੀ ਹੈ, ਜਿਸ ਦਾ ਅਸਰ ਹਵਾ ਵਿਚ ਕਈ ਦਿਨਾਂ ਤੱਕ ਰਹਿੰਦਾ ਹੈ। ਤੇਜ਼ ਹਵਾ ਚੱਲਣ ਅਤੇ ਮੀਂਹ ਪੈਣ 'ਤੇ ਸਮੋਗ ਦਾ ਅਸਰ ਖਤਮ ਹੋ ਜਾਂਦਾ ਹੈ। ਇਸ ਵਿਚ ਅਜਿਹੇ ਜ਼ਹਿਰੀਲੇ ਤੱਤ ਹੁੰਦੇ ਹਨ, ਜੋ ਇਨਸਾਨ ਨੂੰ ਭਿਆਨਕ ਬੀਮਾਰੀਆਂ ਦੇ ਸਕਦੇ ਹਨ।
ਹਰ ਉਮਰ ਦੇ ਲੋਕ ਹੋ ਰਹੇ ਬੀਮਾਰੀਆਂ ਦੇ ਸ਼ਿਕਾਰ
ਸਮੋਗ ਕਾਰਣ ਬੱਚੇ ਵੀ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। 4 ਤੋਂ 12 ਸਾਲ ਤੱਕ ਦੇ ਬੱਚਿਆਂ ਨੂੰ ਖੰਘ, ਜ਼ੁਕਾਮ ਅਤੇ ਸੀਨੇ 'ਚ ਦਰਦ ਦੀ ਸ਼ਿਕਾਇਤ ਹੈ, ਜਦਕਿ ਹੋਰ ਲੋਕ ਬ੍ਰੋਂਕਾਈਟਸ, ਬਲੱਡ ਪ੍ਰੈਸ਼ਰ, ਦਮੇ, ਦਿਲ ਦੀਆਂ ਬੀਮਾਰੀਆਂ ਆਦਿ ਦੇ ਸ਼ਿਕਾਰ ਹੋ ਰਹੇ ਹਨ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਹਵਾ ਪ੍ਰਦੂਸ਼ਣ ਕਾਰਣ ਵੱਧ ਰਹੀ ਮਰੀਜ਼ਾਂ ਦੀ ਗਿਣਤੀ ਨੂੰ ਦੇਖਦਿਆਂ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਬਿਨਾਂ ਕੰਮ ਦੇ ਘਰੋਂ ਬਾਹਰ ਨਾ ਨਿਕਲੋ। ਮਾਸਕ ਦਾ ਇਸਤੇਮਾਲ ਵਧੇਰੇ ਕਰੋ, ਰੋਗੀ ਆਪਣੀ ਦਵਾਈ ਸਮੇਂ 'ਤੇ ਲੈਣ, ਸਵੇਰੇ-ਸ਼ਾਮ ਦੀ ਸੈਰ ਕੁਝ ਦਿਨਾਂ ਲਈ ਨਾ ਕਰੋ, ਗਲੇ ਅਤੇ ਨੱਕ 'ਚ ਖਰਾਸ਼ ਅਤੇ ਅੱਖਾਂ 'ਚੋਂ ਪਾਣੀ ਨਿਕਲਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰੋ।
ਇਸ ਸਬੰਧੀ ਜਦੋਂ ਜ਼ਿਲਾ ਟੀ.ਬੀ. ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਸਮੋਗ ਕਾਰਣ ਸਰਕਾਰੀ ਟੀ. ਬੀ. ਹਸਪਤਾਲ 'ਚ 40 ਫ਼ੀਸਦੀ ਮਰੀਜ਼ਾਂ ਦੀ ਗਿਣਤੀ ਵਧੀ ਹੈ। ਲੋਕਾਂ ਨੂੰ ਖੁਦ ਆਪਣਾ ਧਿਆਨ ਰੱਖਣਾ ਚਾਹੀਦਾ ਹੈ। ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।