ਆਪਣਿਆਂ ਨੂੰ ਘਰ ਲਿਆਇਆ ਤੇ ਪਾਕਿ ਮੁਸਾਫਰਾਂ ਨੂੰ ਵੀ ਛੱਡ ਆਇਆ ਭਾਰਤੀ ਇੰਜਣ
Friday, Aug 09, 2019 - 12:22 PM (IST)
ਅੰਮ੍ਰਿਤਸਰ (ਨੀਰਜ) : ਸਮਝੌਤਾ ਐਕਸਪ੍ਰੈੱਸ ਰੱਦ ਹੋਣ ਕਾਰਣ ਭਾਰਤ-ਪਾਕਿ ਵਿਚ ਫਸੇ ਮੁਸਾਫਰਾਂ ਨੂੰ ਘਰ ਵਾਪਸ ਲਿਆਉਣ ਲਈ ਜਿੱਥੇ ਪਾਕਿਸਤਾਨ ਨੇ ਆਪਣਾ ਕਰੂਰ ਚਿਹਰਾ ਵਿਖਾਇਆ ਹੈ, ਉਥੇ ਹੀ ਭਾਰਤ ਨੇ ਇਕ ਵਾਰ ਫਿਰ ਤੋਂ ਆਪਣੀ ਇਨਸਾਨੀਅਤ ਦਾ ਪੈਗਾਮ ਦਿੱਤਾ ਹੈ। ਪਾਕਿਸਤਾਨ ਵਿਚ ਫਸੇ ਮੁਸਾਫਰਾਂ ਨੂੰ ਭਾਰਤੀ ਇੰਜਣ ਜਿੱਥੇ ਭਾਰਤ ਲੈ ਕੇ ਆਇਆ, ਉਥੇ ਹੀ ਪਾਕਿਸਤਾਨੀ ਮੁਸਾਫਰਾਂ ਨੂੰ ਵੀ ਭਾਰਤੀ ਇੰਜਣ ਨੇ ਹੀ ਪਾਕਿਸਤਾਨ ਛੱਡਿਆ।
ਜੰਮੂ-ਕਸ਼ਮੀਰ ਵਿਚ ਧਾਰਾ 370 ਰੱਦ ਹੋਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਰੱਦ ਕਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਫਸੇ ਮੁਸਾਫਰਾਂ ਨੂੰ ਲਿਆਉਣ-ਲਿਜਾਣ ਲਈ ਕੋਈ ਵੀ ਵਿਵਸਥਾ ਨਹੀਂ ਕੀਤੀ ਗਈ। ਨਾ ਹੀ ਭਾਰਤ ਦਾ ਸਹਿਯੋਗ ਕੀਤਾ। ਸਮਝੌਤਾ ਟ੍ਰੇਨ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਵਾਹਗਾ ਸਟੇਸ਼ਨ 'ਤੇ ਫਸੇ 117 ਭਾਰਤੀ ਮੁਸਾਫਰਾਂ ਨੂੰ ਭਾਰਤ ਛੱਡਣ ਲਈ ਪਾਕਿਸਤਾਨ ਤਿਆਰ ਨਹੀਂ ਹੋਇਆ। ਇੰਨਾ ਹੀ ਨਹੀਂ ਅਟਾਰੀ ਰੇਲਵੇ ਸਟੇਸ਼ਨ 'ਤੇ ਫਸੇ 102 ਪਾਕਿ ਮੁਸਾਫਰਾਂ ਨੂੰ ਲਿਜਾਣ ਲਈ ਵੀ ਪਾਕਿਸਤਾਨ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਆਲਮ ਇਹ ਰਿਹਾ ਕਿ ਭਾਰਤੀ ਰੇਲਵੇ ਵੱਲੋਂ ਇਕ ਸਪੈਸ਼ਲ ਇੰਜਣ ਪਾਕਿਸਤਾਨ ਭੇਜਿਆ ਗਿਆ। ਇਸ 'ਚ 117 ਭਾਰਤੀ ਮੁਸਾਫਰਾਂ ਨੂੰ ਅਟਾਰੀ ਸਟੇਸ਼ਨ 'ਤੇ ਲਿਆਂਦਾ ਗਿਆ। ਇਨ੍ਹਾ ਹੀ ਨਹੀਂ ਅਟਾਰੀ ਸਟੇਸ਼ਨ 'ਤੇ ਫਸੇ 102 ਪਾਕਿਸਤਾਨੀ ਮੁਸਾਫਰਾਂ ਨੂੰ ਵੀ ਭਾਰਤੀ ਰੇਲਵੇ ਦਾ ਇੰਜਣ ਪਾਕਿਸਤਾਨ ਛੱਡ ਕੇ ਆਇਆ ਹੈ।
ਅਟਾਰੀ ਰੇਲਵੇ ਸਟੇਸ਼ਨ 'ਤੇ ਲਗਭਗ ਦੁਪਹਿਰ 2.15 ਮਿੰਟ 'ਤੇ ਅਧਿਕਾਰੀਆਂ ਨੂੰ ਸੂਚਨਾ ਮਿਲ ਗਈ ਸੀ ਕਿ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਨਹੀਂ ਆਵੇਗੀ, ਜਦੋਂ ਭਾਰਤੀ ਅਧਿਕਾਰੀਆਂ ਵੱਲੋਂ ਆਪਣੇ ਮੁਸਾਫਰਾਂ ਨੂੰ ਅਟਾਰੀ ਛੱਡਣ ਸਬੰਧੀ ਜਾਣੂ ਕੀਤਾ ਗਿਆ ਤਾਂ ਪਾਕਿਸਤਾਨ ਨੇ ਸਿੱਧਾ ਬੋਲ ਦਿੱਤਾ ਕਿ ਆਪਣਾ ਇੰਜਣ ਭੇਜ ਦਿਓ। ਇੱਥੋਂ ਤੱਕ ਕਿ ਪਾਕਿਸਤਾਨੀ ਮੁਸਾਫਰਾਂ ਬਾਰੇ ਪਾਕਿ ਨੇ ਕਿਹਾ ਕਿ ਉਨ੍ਹਾਂ ਨੂੰ ਅਟਾਰੀ ਵਾਹਗਾ ਬਾਰਡਰ ਦੇ ਰਸਤੇ ਪੈਦਲ ਹੀ ਪਾਕਿਸਤਾਨ ਭੇਜ ਦਿੱਤਾ ਜਾਵੇ। ਇਸ ਹਾਲਾਤ 'ਚ ਭਾਰਤੀ ਰੇਲਵੇ ਵੱਲੋਂ ਭੇਜਿਆ ਗਿਆ ਇੰਜਣ ਲਗਭਗ 4 ਵਜੇ 117 ਮੁਸਾਫਰਾਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ 'ਤੇ ਆਇਆ। ਜਦਕਿ ਪਾਕਿਸਤਾਨੀ ਮੁਸਾਫਰਾਂ ਨੂੰ ਭਾਰਤੀ ਇੰਜਣ ਦੇ ਨਾਲ 6.35 'ਤੇ ਪਾਕਿਸਤਾਨ ਰਵਾਨਾ ਕੀਤਾ ਗਿਆ।