ਪਾਕਿਸਤਾਨ ''ਚ 27 ਸਾਲ ਜਾਸੂਸੀ ਕਰਨ ਵਾਲਾ ਹੁਣ ਚਲਾ ਰਿਹੈ ਟੈਕਸੀ

Wednesday, Apr 10, 2019 - 11:42 AM (IST)

ਪਾਕਿਸਤਾਨ ''ਚ 27 ਸਾਲ ਜਾਸੂਸੀ ਕਰਨ ਵਾਲਾ ਹੁਣ ਚਲਾ ਰਿਹੈ ਟੈਕਸੀ

ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਸਰਕਾਰ ਤਾਂ ਭਾਰਤੀ ਕੈਦੀਆਂ ਨਾਲ ਅਣਮਨੁੱਖੀ ਜ਼ੁਲਮ ਕਰ ਹੀ ਰਹੀ ਹੈ, ਉਥੇ ਹੀ ਭਾਰਤ ਸਰਕਾਰ ਵੀ ਆਪਣੇ ਕੈਦੀਆਂ ਨਾਲ ਕੋਈ ਚੰਗਾ ਵਤੀਰਾ ਨਹੀਂ ਕਰ ਰਹੀ। ਪਾਕਿਸਤਾਨ ਵੱਲੋਂ ਰਿਹਾਅ ਕੀਤੇ ਗਏ 100 ਭਾਰਤੀ ਮਛੇਰੇ ਤਾਂ ਆਪਣੇ ਘਰ ਵਾਪਸੀ 'ਤੇ ਖੁਸ਼ ਹਨ ਪਰ ਇਕ ਅਜਿਹਾ ਜਾਸੂਸ ਵੀ ਹੈ ਜੋ ਪਾਕਿ ਤੋਂ ਰਿਹਾਅ ਹੋਣ ਤੋਂ ਬਾਅਦ ਖੁਸ਼ ਨਹੀਂ ਹੈ ਅਤੇ ਭਾਰਤ ਸਰਕਾਰ ਤੋਂ ਖਫਾ ਹੈ। ਅਸੀਂ ਗੱਲ ਕਰ ਰਹੇ ਹਾਂ ਗੋਪਾਲਦਾਸ ਜਾਸੂਸ ਦੀ, ਜਿਸ ਨੇ ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ ਵਿਚ 27 ਸਾਲ ਸਜ਼ਾ ਕੱਟੀ ਤੇ ਇਸ ਤੋਂ ਪਹਿਲਾਂ ਕਈ ਸਾਲਾਂ ਤੱਕ ਪਾਕਿਸਤਾਨ 'ਚ ਖੁਫੀਆ ਏਜੰਸੀ ਰਾਅ ਲਈ ਜਾਸੂਸੀ ਕੀਤੀ ਪਰ ਭਾਰਤ ਸਰਕਾਰ ਨੇ ਆਪਣੇ ਇਸ ਜਾਸੂਸ ਨੂੰ ਨਾ ਤਾਂ ਕੋਈ ਤਨਖਾਹ ਦਿੱਤੀ ਤੇ ਨਾ ਹੀ ਜੇਲ 'ਚ ਸਜ਼ਾ ਕੱਟਣ ਦੌਰਾਨ ਉਸ ਦੇ ਪਰਿਵਾਰ ਦੀ ਕੋਈ ਆਰਥਿਕ ਮਦਦ ਕੀਤੀ। ਅੱਜ ਹਾਲਾਤ ਇਹ ਹਨ ਕਿ ਗੋਪਾਲਦਾਸ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ।

ਗੋਪਾਲਦਾਸ ਨੇ ਖੁਫੀਆ ਏਜੰਸੀ ਰਾਅ ਖਿਲਾਫ ਸੁਪਰੀਮ ਕੋਰਟ 'ਚ ਵੀ ਮੰਗ ਦਰਜ ਕਰ ਰੱਖੀ ਹੈ ਤੇ ਅਦਾਲਤ ਤੋਂ ਨਿਆਂ ਮੰਗ ਰਿਹਾ ਹੈ। ਉਸ ਦੀ ਮੰਗ ਹੈ ਕਿ ਉਸ ਨੂੰ ਪਿਛਲੇ 27 ਸਾਲਾਂ ਦੀ ਤਨਖਾਹ ਤੇ ਹੋਰ ਭੱਤੇ ਦਿੱਤੇ ਜਾਣ ਕਿਉਂਕਿ ਜਿਸ ਸਮੇਂ ਰਾਅ ਦੇ ਅਧਿਕਾਰੀਆਂ ਨੇ ਉਸ ਨੂੰ ਪਾਕਿਸਤਾਨ ਭੇਜਿਆ ਸੀ ਤਾਂ ਕਿਹਾ ਸੀ ਕਿ ਉਸ ਨੂੰ ਵਧੀਆ ਤਨਖਾਹ ਦਿੱਤੀ ਜਾਵੇਗੀ ਤੇ ਉਸ ਦੇ ਪਰਿਵਾਰ ਦੀ ਵੀ ਪਿੱਛੋਂ ਆਰਥਿਕ ਮਦਦ ਕੀਤੀ ਜਾਵੇਗੀ ਪਰ ਨਾ ਤਾਂ ਉਸ ਨੂੰ ਕੋਈ ਤਨਖਾਹ ਦਿੱਤੀ ਗਈ ਤੇ ਨਾ ਹੀ ਉਸ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਮਿਲੀ, ਇਥੋਂ ਤੱਕ ਕਿ ਪਾਕਿਸਤਾਨ ਤੋਂ ਰਿਹਾਅ ਹੋਣ ਦੇ ਸਮੇਂ ਵੀ ਕਿਸੇ ਹੋਰ ਏਜੰਸੀ ਨੇ ਉਸ ਨੂੰ ਮਦਦ ਨਹੀਂ ਦਿੱਤੀ।

ਰਾਅ ਦੇ ਬਹਿਕਾਵੇ 'ਚ ਨਾ ਆਵੇ ਕੋਈ ਦੇਸ਼ਭਗਤ- ਗੋਪਾਲਦਾਸ ਦਾ ਕਹਿਣਾ ਹੈ ਕਿ ਫੌਜ ਤਾਂ ਜੰਗ ਦੇ ਸਮੇਂ ਦੁਸ਼ਮਣ ਨਾਲ ਲੜਦੀ ਹੈ ਪਰ ਜਾਸੂਸ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਦੁਸ਼ਮਣ ਦੇ ਦੇਸ਼ 'ਚ ਜਾਂਦਾ ਹੈ ਤੇ ਲੁੱਕ ਕੇ ਰਹਿੰਦਾ ਹੈ। ਜਾਸੂਸ ਦੀ ਡਿਊਟੀ ਇਕ ਫੌਜੀ ਤੋਂ ਵੱਧ ਸਖ਼ਤ ਹੁੰਦੀ ਹੈ ਕਿਉਂਕਿ ਫੜੇ ਜਾਣ 'ਤੇ ਸਜ਼ਾ-ਏ-ਮੌਤ ਜਾਂ ਫਿਰ ਉਮਰਕੈਦ ਦੀ ਸਜ਼ਾ ਤੈਅ ਹੈ। ਜਾਸੂਸੀ ਦਾ ਕੰਮ ਉਹੀ ਕਰ ਸਕਦਾ ਹੈ ਜਿਸ ਦੇ ਮਨ 'ਚ ਦੇਸ਼ਭਗਤੀ ਦਾ ਜਜ਼ਬਾ ਹੋਵੇ ਪਰ ਰਾਅ ਵਰਗੀਆਂ ਏਜੰਸੀਆਂ ਦੇਸ਼ਭਗਤੀ ਦੇ ਜਜ਼ਬੇ ਵਾਲੇ ਲੋਕਾਂ ਨੂੰ ਆਪਣੇ ਝਾਂਸੇ 'ਚ ਫਸਾ ਲੈਂਦੀਆਂ ਹਨ ਤੇ ਪਾਕਿਸਤਾਨ ਭੇਜ ਦਿੰਦੀਆਂ ਹਨ ਪਰ ਫੜੇ ਜਾਣ ਤੋਂ ਬਾਅਦ ਆਪਣੇ ਜਾਸੂਸ ਦੀ ਕੋਈ ਮਦਦ ਨਹੀਂ ਕਰਦੀਆਂ, ਇਸ ਲਈ ਕਿਸੇ ਵੀ ਦੇਸ਼ਭਗਤ ਨੂੰ ਰਾਅ ਦੇ ਬਹਿਕਾਵੇ 'ਚ ਨਹੀਂ ਆਉਣਾ ਚਾਹੀਦਾ।

ਜਾਸੂਸ ਪੰਕਜ ਕੁਮਾਰ ਨੂੰ ਵੀ ਰਾਅ ਤੋਂ ਨਹੀਂ ਮਿਲੀ ਕੋਈ ਮਦਦ
ਗੋਪਾਲਦਾਸ ਜਾਸੂਸ ਦੀ ਹੀ ਤਰ੍ਹਾਂ ਪਾਕਿਸਤਾਨ 'ਚ 14 ਸਾਲ ਦੀ ਸਜ਼ਾ ਕੱਟਣ ਵਾਲੇ ਜਾਸੂਸ ਪੰਕਜ ਕੁਮਾਰ ਵੀ ਭਾਰਤ ਸਰਕਾਰ ਦੇ ਰਵੱਈਏ ਤੋਂ ਖਫਾ ਹੈ। ਉਸ ਨੂੰ ਵੀ ਰਾਅ ਵੱਲੋਂ ਕੋਈ ਆਰਥਿਕ ਮਦਦ ਨਹੀਂ ਦਿੱਤੀ ਗਈ, ਜਦੋਂ ਕਿ ਉਸ ਨੇ ਜਾਨ ਹਥੇਲੀ 'ਤੇ ਰੱਖ ਕੇ ਪਾਕਿਸਤਾਨ 'ਚ ਜਾਸੂਸੀ ਕੀਤੀ ਹੈ। ਪੰਕਜ ਕੁਮਾਰ ਦਾ ਵੀ ਇਹੀ ਕਹਿਣਾ ਹੈ ਕਿ ਨੌਜਵਾਨਾਂ ਨੂੰ ਰਾਅ ਦੇ ਝਾਂਸੇ 'ਚ ਨਹੀਂ ਆਉਣਾ ਚਾਹੀਦਾ।


author

Baljit Singh

Content Editor

Related News