ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਦੀ ਜਨਤਾ ਬੇਤਾਬ : ਸ਼ਵੇਤ ਮਲਿਕ

Friday, May 10, 2019 - 09:17 AM (IST)

ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਦੀ ਜਨਤਾ ਬੇਤਾਬ : ਸ਼ਵੇਤ ਮਲਿਕ

ਅੰਮ੍ਰਿਤਸਰ (ਕਮਲ) : ਸੂਬਾ ਭਾਜਪਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਸਾਡੇ ਲਈ ਬੜੀ ਕਿਸਮਤ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਮਈ ਨੂੰ ਹੁਸ਼ਿਆਰਪੁਰ ਦੀ ਰੋਸ਼ਨ ਗਰਾਊਂਡ ਵਿਚ ਦੁਪਹਿਰ ਬਾਅਦ 2 ਵਜੇ ਪਹੁੰਚ ਕੇ ਭਾਜਪਾ-ਅਕਾਲੀ ਦੇ ਸਾਂਝੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਦੇ ਤਹਿਤ ਰੈਲੀ ਕਰਨਗੇ ਅਤੇ ਪੰਜਾਬ ਦੀ ਜਨਤਾ ਨੂੰ ਸੰਬੋਧਨ ਕਰਨਗੇ। ਰੈਲੀ ਵਿਚ ਗੁਰਦਾਸਪੁਰ ਤੋਂ ਸੰਨੀ ਦਿਓਲ, ਅੰਮ੍ਰਿਤਸਰ ਤੋਂ ਹਰਦੀਪ ਸਿੰਘ ਪੁਰੀ, ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ, ਸ੍ਰੀ ਅਨੰਦਪੁਰ ਸਾਹਿਬ ਸੀਟ ਤੋ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ਼ ਤੌਰ 'ਤੇ ਹਿੱਸਾ ਲੈਣਗੇ।

ਮਲਿਕ ਨੇ ਕਿਹਾ ਕਿ ਸਾਨੂੰ ਅਜਿਹਾ ਹਰਮਨ ਪਿਆਰਾ ਪ੍ਰਧਾਨ ਮੰਤਰੀ ਮਿਲਿਆ, ਜਿਸ ਨੂੰ ਦੇਸ਼ ਦੇ ਹੀ ਨਹੀਂ, ਸਗੋਂ ਵਿਦੇਸ਼ਾਂ ਦੇ ਲੋਕ ਵੀ ਬਹੁਤ ਪਿਆਰ ਕਰਦੇ ਹਨ। ਜੋ ਗਰੀਬੀ ਅਤੇ ਦੇਸ਼ ਦੀ ਜਨਤਾ ਦੇ ਦੁਖ ਤਕਲੀਫਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਹਮੇਸ਼ਾ ਦੇਸ਼ ਦੇ ਨਾਗਰਿਕਾਂ ਦੀ ਭਲਾਈ ਲਈ ਯਤਨਸ਼ੀਲ ਰਹਿੰਦੇ ਹਨ। ਮੋਦੀ ਨੂੰ ਇਕ ਵਾਰ ਫਿਰ ਪ੍ਰਧਾਨ ਮੰਤਰੀ ਬਣਾਉਣ ਲਈ ਪੰਜਾਬ ਦੀ ਜਨਤਾ ਬੇਤਾਬ ਹੈ। ਹਰਮਨ ਪਿਆਰੇ ਲੋਕ ਸੇਵਕ ਮੋਦੀ ਨੂੰ ਸੁਣਨ ਲਈ ਵੱਡੀ ਗਿਣਤੀ ਵਿਚ ਪੰਜਾਬ ਦੀ ਰੈਲੀ ਵਿਚ ਹਿੱਸਾ ਲੈਣਗੇ। ਮਲਿਕ ਨੇ ਕਿਹਾ ਕਿ ਇਸ ਵੇਲੇ ਦੇਸ਼ ਵਿਚ ਮੋਦੀ ਨਾਂ ਦੀ ਸੁਨਾਮੀ ਚੱਲ ਰਹੀ ਹੈ ਅਤੇ ਪੰਜਾਬ ਵਿਚ ਵੀ ਇਸ ਦਾ ਅਸਰ ਸਾਫ ਵਿਖਾਈ ਦੇ ਰਿਹਾ ਹੈ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਬੌਖਲਾ ਚੁੱਕੇ ਹਨ ਜੋ ਕੁੰਭਕਰਨੀ ਨੀਂਦ ਵਿਚ ਸੁੱਤੇ ਸਨ, ਅੱਜ ਉਨ੍ਹਾਂ ਨੂੰ ਆਪਣੀ ਹਾਰ ਸਾਫ ਨਜ਼ਰ ਆ ਰਹੀ ਹੈ। ਮਲਿਕ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਬੋਲ ਰਹੇ ਹਨ ਪੰਜਾਬ ਵਿਚ ਹੋਣ ਵਾਲੀ ਹਾਰ ਦੇ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹੋਣਗੇ, ਮੈਂ ਨਹੀਂ। ਮੈਨੂੰ ਤਾਂ ਪੰਜਾਬ ਵਿਚੋਂ ਕੱਢਿਆ ਹੋਇਆ ਹੈ।


author

Baljeet Kaur

Content Editor

Related News