ਮੋਬਾਇਲ ਵਿੰਗ ਨੇ ਫੜੀ 13 ਹਜ਼ਾਰ ਬੋਤਲਾਂ ਅੰਗਰੇਜ਼ੀ ਸ਼ਰਾਬ ਦੀ ਖੇਪ

Saturday, Aug 03, 2019 - 02:02 PM (IST)

ਅੰਮ੍ਰਿਤਸਰ (ਇੰਦਰਜੀਤ) : ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਸ਼ਰਾਬ ਦਾ ਗ਼ੈਰ-ਕਾਨੂੰਨੀ ਧੰਦਾ ਕਰਨ ਵਾਲਿਆਂ 'ਤੇ ਵੱਡੀ ਕਾਰਵਾਈ ਕਰਦਿਆਂ 13 ਹਜ਼ਾਰ ਅੰਗਰੇਜ਼ੀ ਸ਼ਰਾਬ ਦੀਆਂ ਬੋਤਲਾਂ ਦੀ ਖੇਪ ਫੜੀ ਹੈ। ਬਰਾਮਦ ਮਾਲ ਇਕ ਅਣਪਛਾਤੇ ਸਥਾਨ 'ਤੇ ਬਣੇ ਗੋਦਾਮ 'ਚ ਰੱਖਿਆ ਗਿਆ ਸੀ। ਸਮੱਗਲਰ ਅੰਮ੍ਰਿਤਸਰ ਸ਼ਹਿਰ 'ਚ ਸ਼ਰਾਬ ਵੇਚਣ ਦਾ ਧੰਦਾ ਕਰਦੇ ਸਨ। ਮੋਬਾਇਲ ਵਿੰਗ ਦੀ ਡਾਇਰੈਕਟਰ ਨਵਦੀਪ ਕੌਰ ਭਿੰਡਰ ਅਤੇ ਜੁਆਇੰਟ ਕਮਿਸ਼ਨਰ ਬੀ. ਕੇ. ਵਿਰਦੀ ਦੇ ਨਿਰਦੇਸ਼ਾਂ 'ਤੇ ਇਹ ਕਾਰਵਾਈ ਅੰਮ੍ਰਿਤਸਰ ਮੋਬਾਇਲ ਵਿੰਗ ਦੀ ਟੀਮ ਨੇ ਕੀਤੀ। ਜਾਣਕਾਰੀ ਮੁਤਾਬਕ ਮੋਬਾਇਲ ਵਿੰਗ ਨੂੰ ਸੂਚਨਾ ਸੀ ਕਿ ਕੌਮਾਂਤਰੀ ਗੁਰੂ ਰਾਮਦਾਸ ਏਅਰਪੋਰਟ ਰੋਡ 'ਤੇ ਇਕ ਅਣਪਛਾਤੇ ਸਥਾਨ 'ਤੇ ਗੋਦਾਮ ਹੈ, ਜਿਥੇ ਅੰਗਰੇਜ਼ੀ ਸ਼ਰਾਬ ਦੀ ਵੱਡੀ ਖੇਪ ਰੱਖੀ ਜਾਂਦੀ ਹੈ। ਇਹ ਉਨ੍ਹਾਂ ਸਥਾਨਾਂ 'ਤੇ ਦਿੱਤੀ ਜਾਂਦੀ ਹੈ, ਜਿਥੇ ਸ਼ਰਾਬ ਦੇ ਠੇਕੇ ਆਬਾਦੀ ਤੋਂ ਦੂਰ ਪੈਂਦੇ ਹਨ। ਇਕ ਹਫ਼ਤੇ ਤੱਕ ਮੋਬਾਇਲ ਵਿੰਗ ਦੇ ਅਧਿਕਾਰੀ ਉਸ ਇਲਾਕੇ ਨੂੰ ਸਰਚ ਕਰਦੇ ਰਹੇ। ਆਖ਼ਿਰਕਾਰ ਵੀਰਵਾਰ-ਸ਼ੁੱਕਰਵਾਰ ਦੀ ਅੱਧੀ ਰਾਤ ਮੋਬਾਇਲ ਵਿੰਗ ਨੂੰ ਮਿੱਥੇ ਸਥਾਨ ਦੀ ਸੂਚਨਾ ਮਿਲ ਗਈ।

ਸਹਾਇਕ ਕਮਿਸ਼ਨਰ ਐੱਚ. ਐੱਸ. ਬਾਜਵਾ ਦੀ ਅਗਵਾਈ 'ਚ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਪੀ. ਸੀ. ਐੱਸ. ਅਧਿਕਾਰੀ ਲਖਬੀਰ ਸਿੰਘ (ਮੋਬਾਇਲ ਵਿੰਗ) ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ, ਜਿਸ ਵਿਚ ਤਰਲੋਕ ਸ਼ਰਮਾ, ਅਸ਼ਵਨੀ ਕੁਮਾਰ, ਅਮਿਤ ਵਿਆਸ (ਤਿੰਨੇ ਇੰਸਪੈਕਟਰ) ਸੁਰੱਖਿਆ ਅਧਿਕਾਰੀ ਚਮਨ ਲਾਲ, ਤਰਸੇਮ ਸਿੰਘ, ਸੋਨੀ ਰੰਧਾਵਾ ਤੇ ਜਿਤੇਸ਼ ਡੋਗਰਾ ਸ਼ਾਮਿਲ ਸਨ, ਨੇ ਏਅਰਪੋਰਟ ਰੋਡ 'ਤੇ ਘੇਰਾ ਪਾਇਆ। ਮੁਖ਼ਬਰ ਦਾ ਇਸ਼ਾਰਾ ਮਿਲਦੇ ਹੀ ਮੋਬਾਇਲ ਵਿੰਗ ਟੀਮ ਨੇ ਗੋਦਾਮ 'ਤੇ ਛਾਪਾਮਾਰੀ ਕੀਤੀ ਤੇ ਇਸ ਬੰਦ ਗੋਦਾਮ 'ਚੋਂ ਅੰਗਰੇਜ਼ੀ ਸ਼ਰਾਬ ਦੀਆਂ 13 ਹਜ਼ਾਰ 224 ਬੋਤਲਾਂ ਬਰਾਮਦ ਕੀਤੀਆਂ। ਇਨ੍ਹਾਂ 'ਚ ਰਾਇਲ ਸਟੈਗ, ਇੰਪੀਰੀਅਲ ਬਲਿਊ, ਕੈਸ਼ ਵ੍ਹਿਸਕੀ ਆਦਿ ਅੰਗਰੇਜ਼ੀ ਸ਼ਰਾਬ ਸ਼ਾਮਿਲ ਸੀ।

ਜਾਣਕਾਰੀ ਦਿੰਦਿਆਂ ਏ. ਈ. ਟੀ. ਸੀ. ਮੋਬਾਇਲ ਵਿੰਗ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਬਰਾਮਦ ਕੀਤੀ ਸ਼ਰਾਬ ਅੰਮ੍ਰਿਤਸਰ ਏ. ਈ. ਟੀ. ਸੀ. ਸਰਕਲ-2 ਦੇ ਹਵਾਲੇ ਕਰਨ ਉਪਰੰਤ ਕਾਰਵਾਈ ਲਈ ਮਾਮਲਾ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਥਾਣਾ ਰਾਜਾਸਾਂਸੀ ਪੁਲਸ ਨੇ ਇਸ ਵਿਚ ਐੱਫ. ਆਈ. ਆਰ. ਦਰਜ ਕਰ ਲਈ ਹੈ। ਸਹਾਇਕ ਕਮਿਸ਼ਨਰ ਬਾਜਵਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਗ਼ੈਰ-ਕਾਨੂੰਨੀ ਸ਼ਰਾਬ ਸਮੱਗਲਰਾਂ 'ਤੇ ਕਾਰਵਾਈ ਸਖ਼ਤ ਕੀਤੀ ਜਾਵੇਗੀ।

ਪੰਜਾਬ 'ਚ ਹੋ ਰਿਹੈ ਗ਼ੈਰ-ਕਾਨੂੰਨੀ ਸ਼ਰਾਬ ਦਾ ਧੰਦਾ
ਸ਼ਰਾਬ ਦੀ ਬਰਾਮਦਗੀ ਸਬੰਧੀ ਜਾਂਚ ਦੇ ਵਿਸ਼ੇ ਦਾ ਪਹਿਲੂ ਇਹ ਵੀ ਹੈ ਕਿ ਬੇਸ਼ੱਕ ਇਹ ਸ਼ਰਾਬ ਅਰੁਣਾਚਲ ਪ੍ਰਦੇਸ਼ ਦੀ ਬਣਾਈ ਗਈ ਹੈ ਪਰ ਇਸ ਗ਼ੈਰ-ਕਾਨੂੰਨੀ ਸ਼ਰਾਬ ਦੀ ਧੰਦੇਬਾਜ਼ੀ ਪੰਜਾਬ ਵਿਚ ਹੋ ਰਹੀ ਹੈ। ਸੂਚਨਾ ਮੁਤਾਬਕ ਸਮੱਗਲਰਾਂ ਨੇ ਸ਼ਰਾਬ ਨੂੰ ਸਟੋਰ ਕਰਨ ਲਈ ਅਣਪਛਾਤੇ ਸਥਾਨਾਂ 'ਤੇ ਗੋਦਾਮ ਬਣਾਏ ਹੋਏ ਹਨ, ਜੋ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਦੂਰ ਹੁੰਦੇ ਹਨ। ਸ਼ਰਾਬ ਕੱਢ ਕੇ ਹੌਲੀ-ਹੌਲੀ ਥੋਕ ਉਪਰੰਤ ਪ੍ਰਚੂਨ 'ਚ ਘਰ-ਘਰ ਪਹੁੰਚਾਈ ਜਾਂਦੀ ਹੈ। ਇਸ ਨਾਲ ਐਕਸਾਈਜ਼ ਵਿਭਾਗ ਨੂੰ ਰੈਵੀਨਿਊ ਦਾ ਨੁਕਸਾਨ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵਿਚ ਸ਼ਰਾਬ ਦੇ ਕੁਝ ਠੇਕੇਦਾਰ ਵੀ ਸ਼ਾਮਿਲ ਹੋ ਗਏ ਹਨ, ਜੋ ਬਿਨਾਂ ਟੈਕਸ ਦਿੱਤੇ ਬਾਹਰੋਂ-ਬਾਹਰ ਹੀ ਸ਼ਰਾਬ ਵੇਚ ਜਾਂਦੇ ਹਨ।

ਕਈ ਡਿਸਟਿਲਰੀਆਂ ਵੀ ਸ਼ੱਕ ਦੇ ਘੇਰੇ 'ਚ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗ਼ੈਰ-ਕਾਨੂੰਨੀ ਸ਼ਰਾਬ ਜਿਥੇ ਹਰਿਆਣਾ ਦੀਆਂ ਡਿਸਟਿਲਰੀਆਂ 'ਚ ਬਣਾਈ ਜਾ ਰਹੀ ਹੈ, ਉਥੇ ਪੰਜਾਬ ਦੀਆ ਕੁਝ ਡਿਸਟਿਲਰੀਆਂ ਵੀ ਸ਼ੱਕ ਦੇ ਘੇਰੇ ਵਿਚ ਹਨ। ਗ਼ੈਰ-ਕਾਨੂੰਨੀ ਸਮੱਗਲਰ 2 ਨੰਬਰ ਵਿਚ ਹੀ ਸ਼ਰਾਬ ਦੀ ਖੇਪ ਲੈ ਆਉਂਦੇ ਹਨ। ਇਸ ਨਾਲ ਵਿਭਾਗ ਨੂੰ ਵੱਡੀ ਪੱਧਰ 'ਤੇ ਰੈਵੀਨਿਊ ਦਾ ਨੁਕਸਾਨ ਹੁੰਦਾ ਹੈ।


 


Baljeet Kaur

Content Editor

Related News