ਮਲੇਸ਼ੀਆ ''ਚ ਫਸਿਆ ਨੌਜਵਾਨ 8 ਮਹੀਨਿਆਂ ਬਾਅਦ ਭਾਰਤ ਪੁੱਜਾ

Sunday, Apr 07, 2019 - 11:26 AM (IST)

ਮਲੇਸ਼ੀਆ ''ਚ ਫਸਿਆ ਨੌਜਵਾਨ 8 ਮਹੀਨਿਆਂ ਬਾਅਦ ਭਾਰਤ ਪੁੱਜਾ

ਅੰਮ੍ਰਿਤਸਰ (ਸੰਜੀਵ, ਸੁਮਿਤ ਖੰਨਾ) : ਟ੍ਰੈਵਲ ਏਜੰਟ ਦਾ ਸ਼ਿਕਾਰ ਹੋ ਕੇ ਪਿਛਲੇ 8 ਮਹੀਨਿਆ ਤੋਂ ਮਲੇਸ਼ੀਆ 'ਚ ਫਸਿਆ ਬਟਾਲੇ ਦੇ ਭੁੱਲਰ ਰੋਡ ਦਾ ਰਹਿਣ ਵਾਲਾ ਵਿੰਕਲਪ੍ਰੀਤ ਸਿੰਘ ਹੈਲਪਿੰਗ ਹੈਲਪਲੈੱਸ ਸੰਸਥਾ ਦੀ ਮਦਦ ਨਾਲ ਭਾਰਤ ਪੁੱਜਾ। ਉਸ ਨੂੰ ਬਟਾਲਾ ਦੇ ਇਕ ਟ੍ਰੈਵਲ ਏਜੰਟ ਨੇ ਡੇਢ ਲੱਖ ਰੁਪਏ ਲੈ ਕੇ ਮਲੇਸ਼ੀਆ 'ਚ ਪੱਕੇ ਤੌਰ 'ਤੇ ਸੈਟਲ ਕਰਨ ਦਾ ਸੁਪਨਾ ਦਿਖਾਇਆ ਸੀ ਪਰ ਉਸ ਨੇ ਨਾ ਤਾਂ ਵਿੰਕਲਪ੍ਰੀਤ ਸਿੰਘ ਨੂੰ ਕੋਈ ਵਰਕ ਪਰਮਿਟ ਦਿਵਾਇਆ ਤੇ ਨਾ ਹੀ ਮਲੇਸ਼ੀਆ 'ਚ ਉਸ ਦੀ ਨੌਕਰੀ ਲਈ ਕੋਈ ਮਦਦ ਹੀ ਕੀਤੀ। 15 ਦਿਨ ਦੇ ਟੂਰਿਸਟ ਵੀਜ਼ੇ 'ਤੇ ਵਿੰਕਲਪ੍ਰੀਤ ਸਿੰਘ ਨੂੰ ਉਸ ਨੇ ਮਲੇਸ਼ੀਆ ਰਵਾਨਾ ਕਰ ਦਿੱਤਾ ਤੇ ਉਸ ਨੂੰ ਉਥੇ ਉਸ ਦੇ ਹਾਲ 'ਤੇ ਛੱਡ ਦਿੱਤਾ।

8 ਮਹੀਨੇ ਧੱਕੇ ਖਾਣ ਤੋਂ ਬਾਅਦ ਵਿੰਕਲਪ੍ਰੀਤ ਸਿੰਘ ਨੇ ਹੈਲਪਿੰਗ ਹੈਲਪਲੈੱਸ ਸੰਸਥਾ ਦੀ ਸੰਚਾਲਿਕਾ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਕੀਤਾ ਤੇ ਉਨ੍ਹਾਂ ਨੂੰ ਭਾਰਤ ਲਿਆਉਣ ਨੂੰ ਕਿਹਾ, ਜਿਸ 'ਤੇ ਸੰਸਥਾ ਵਲੋਂ ਮਲੇਸ਼ੀਆ 'ਚ ਭਾਰਤੀ ਤੇ ਮਲੇਸ਼ੀਅਨ ਅੰਬੈਸੀ ਨਾਲ ਸੰਪਰਕ ਕੀਤਾ ਗਿਆ ਤੇ ਉਸ ਨੂੰ ਵਾਪਸ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਇਸ 'ਚ ਵਿੰਕਲਪ੍ਰੀਤ ਸਿੰਘ ਦੇ ਅਚਾਨਕ ਡੂੰਘੀ ਸੱਟ ਲੱਗ ਗਈ ਤੇ ਉਹ ਬੀਮਾਰ ਹੋ ਗਿਆ। ਸੰਸਥਾ ਨੇ ਕਿਸੇ ਤਰ੍ਹਾਂ ਭਾਰਤੀ ਦੂਤਵਾਸ ਤੋਂ ਵਿੰਕਲਪ੍ਰੀਤ ਸਿੰਘ ਨੂੰ ਵ੍ਹਾਈਟ ਪਾਸਪੋਰਟ ਜਾਰੀ ਕਰਵਾਇਆ ਤੇ ਉਸ ਨੂੰ ਇਥੋਂ ਟਿਕਟ ਭਿਜਵਾ ਕੇ ਭਾਰਤ ਲੈ ਆਏ।

ਪੱਤਰਕਾਰ ਸੰਮੇਲਨ ਦੌਰਾਨ ਵਿੰਕਲਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਟਾਲਾ ਦੇ ਇਕ ਟ੍ਰੈਵਲ ਏਜੰਟ ਨੇ ਉਸ ਨੂੰ ਮਲੇਸ਼ੀਆ ਦੇ ਇਕ ਹੋਟਲ 'ਚ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਸੀ ਤੇ ਡੇਢ ਲੱਖ ਰੁਪਏ ਲੈ ਕੇ ਉਸ ਨੂੰ ਦਿੱਲੀ ਤੋਂ ਮਲੇਸ਼ੀਆ ਭੇਜ ਦਿੱਤਾ। ਜਦੋਂ ਉਹ ਏਅਰਪੋਰਟ 'ਤੇ ਪੁੱਜਾ ਤਾਂ ਕੋਈ ਵਿਅਕਤੀ ਉਸ ਨੂੰ ਉਥੇ ਲੈਣ ਨਹੀਂ ਆਇਆ ਤੇ ਉਹ ਕਿਸੇ ਤਰ੍ਹਾਂ ਆਪਣੇ ਪਛਾਣ ਵਾਲੇ ਲੜਕੇ ਕੋਲ ਪੁੱਜਾ, ਜਿਥੇ ਉਨ੍ਹਾਂ ਦੀ ਮਦਦ ਨਾਲ ਉਹ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰਨ ਲੱਗਾ। ਜਦੋਂ ਨੌਕਰੀ ਹੱਥੋਂ ਚਲੀ ਗਈ ਤਾਂ ਉਹ ਉਥੇ ਗ਼ੈਰ-ਕਾਨੂੰਨੀ ਹੋ ਗਿਆ, ਕਈ ਦਿਨਾਂ ਤੱਕ ਉਸ ਨੂੰ ਭੁੱਖੇ ਢਿੱਡ ਫੁੱਟਪਾਥ 'ਤੇ ਵੀ ਰਹਿਣਾ ਪਿਆ, ਜਿਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਕਿਸੇ ਤਰ੍ਹਾਂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਸੰਪਰਕ ਕੀਤਾ ਤੇ ਸੰਸਥਾ ਦੀ ਮਦਦ ਨਾਲ ਵਾਪਸ ਆਪਣੇ ਘਰ ਆ ਸਕਿਆ।


author

Baljeet Kaur

Content Editor

Related News