ਮੈਡਮ ਸਿੱਧੂ ਮਨ੍ਹਾ ਨਾ ਕਰਦੀ ਤਾਂ ਦੇ ਸਕਦੀ ਸੀ ਹਰਸਿਮਰਤ ਬਾਦਲ ਨੂੰ ਸਖਤ ਟੱਕਰ!
Sunday, Apr 07, 2019 - 10:26 AM (IST)

ਅੰਮ੍ਰਿਤਸਰ (ਇੰਦਰਜੀਤ) : ਜੇਕਰ ਨਵਜੋਤ ਕੌਰ ਸਿੱਧੂ ਚੋਣ ਤੋਂ ਮਨ੍ਹਾ ਨਾ ਕਰਦੀ ਤਾਂ ਬਠਿੰਡਾ ਲੋਕ ਸਭਾ ਸੀਟ 'ਤੇ ਰਾਸ਼ਟਰੀ ਪੱਧਰ ਦਾ ਚੋਣ ਮਹਾਸੰਗਰਾਮ ਪੰਜਾਬ 'ਚ ਦੇਖਣ ਨੂੰ ਮਿਲਦਾ। ਇਸ ਸੀਟ 'ਤੇ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਬਿਕਰਮ ਸਿੰਘ ਮਜੀਠੀਆ ਦੀ ਭੈਣ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ 'ਚ ਹੈ। ਫਿਲਹਾਲ ਕਾਂਗਰਸ ਨੂੰ ਇਸ ਸੀਟ ਲਈ ਕੋਈ ਸੈਲੀਬ੍ਰਿਟੀ ਉਮੀਦਵਾਰ ਦਿਖਾਈ ਨਹੀਂ ਦੇ ਰਿਹਾ। ਦੇਸ਼ ਦੇ ਹੋਰ ਰਾਜਾਂ 'ਚ ਜਿਥੇ ਗੁਜਰਾਤ ਵਿਚ ਨਰਿੰਦਰ ਮੋਦੀ, ਬਿਹਾਰ 'ਚ ਸ਼ਤਰੂਘਨ ਸਿਨਹਾ, ਉੱਤਰ ਪ੍ਰਦੇਸ਼ 'ਚ ਰਾਹੁਲ ਗਾਂਧੀ, ਸੋਨੀਆ ਗਾਂਧੀ, ਨਿਰਹੁਆ, ਸਮ੍ਰਿਤੀ ਈਰਾਨੀ, ਜਯਾਪ੍ਰਦਾ, ਰਾਜ ਬੱਬਰ, ਹੇਮਾ ਮਾਲਿਨੀ, ਦਿੱਲੀ 'ਚ ਅਕਸ਼ੇ ਕੁਮਾਰ, ਮਹਾਰਾਸ਼ਟਰ 'ਚ ਮਹੇਸ਼ ਮਾਂਜਰੇਕਰ ਆਦਿ ਅਜਿਹੀਆਂ ਰਾਸ਼ਟਰ ਤੇ ਵਿਸ਼ਵ ਪੱਧਰ 'ਤੇ ਹਸਤੀਆਂ ਚੋਣ ਮੈਦਾਨ ਦਾ ਖਿੱਚ ਦਾ ਕੇਂਦਰ ਬਣ ਰਹੀਆਂ ਹਨ, ਉਥੇ ਹੀ ਪੰਜਾਬ 'ਚ 13 ਸੀਟਾਂ 'ਤੇ ਸੰਭਾਵਿਤ ਇਕ ਵੀ ਸੈਲੀਬ੍ਰਿਟੀ ਨੇਤਾ ਚੋਣ ਨਹੀਂ ਲੜ ਰਿਹਾ। ਵਿਨੋਦ ਖੰਨਾ ਦੇ ਦਿਹਾਂਤ ਤੋਂ ਬਾਅਦ ਵਰਤਮਾਨ ਸਮੇਂ ਵਿਚ ਪੰਜਾਬ 'ਚ ਕੋਈ ਵੀ ਸੈਲੀਬ੍ਰਿਟੀ ਚਿਹਰਾ ਚੋਣਾਂ ਵਿਚ ਨਹੀਂ ਹੈ। ਸਿਰਫ ਬਠਿੰਡਾ ਦੀ ਸੀਟ ਹਰਸਿਮਰਤ ਕੌਰ ਬਾਦਲ ਕਾਰਨ ਹਮੇਸ਼ਾ ਹੀ ਚਰਚਾ ਵਿਚ ਰਹੀ ਹੈ ਕਿਉਂਕਿ ਉਲਟ ਹਾਲਾਤ 'ਚ ਵੀ ਬੀਬਾ ਬਾਦਲ ਨੇ ਚੋਣ ਜਿੱਤੀ ਸੀ।
2014 ਦੀ ਯਾਦ ਦਿਵਾ ਸਕਦਾ ਹੈ ਬਠਿੰਡਾ ਦਾ ਚੋਣ ਮਹਾਸੰਗਰਾਮ
ਜਿਸ ਤਰ੍ਹਾਂ ਸਾਲ 2014 ਵਿਚ ਅੰਮ੍ਰਿਤਸਰ ਦੀ ਸੀਟ 'ਤੇ ਭਾਜਪਾ ਵਲੋਂ ਅਰੁਣ ਜੇਤਲੀ ਵਰਗੀ ਵੱਡੀ ਹਸਤੀ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ ਦਾ ਮੁਕਾਬਲਾ ਨਾ ਸਿਰਫ ਪੰਜਾਬ 'ਚ ਸਗੋਂ ਪੂਰੇ ਦੇਸ਼ 'ਚ ਚਰਚਾ ਦਾ ਕੇਂਦਰ ਬਣਿਆ ਹੋਇਆ ਸੀ, ਇਸੇ ਤਰ੍ਹਾਂ ਬਠਿੰਡਾ ਦੀ ਸੀਟ 'ਤੇ ਹਰਸਿਮਰਤ ਬਾਦਲ ਦੇ ਸਾਹਮਣੇ ਕ੍ਰਿਕਟਰ ਨਵਜੋਤ ਸਿੰਘ ਦੀ ਪਤਨੀ ਨਵਜੋਤ ਕੌਰ ਸਿੱਧੂ ਜੇਕਰ ਮੈਦਾਨ 'ਚ ਆਉਣ ਨੂੰ ਤਿਆਰ ਹੋ ਜਾਵੇ ਤਾਂ ਇਹ ਮੁਕਾਬਲਾ ਵਿਸ਼ਵ ਪੱਧਰ 'ਤੇ ਚਰਚਿਤ ਹੋ ਸਕਦਾ ਹੈ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਸੰਸਾਰ ਦੇ ਉਨ੍ਹਾਂ ਦੇਸ਼ਾਂ ਵਿਚ ਆਪਣਾ ਪੂਰਾ ਦਬਦਬਾ ਰੱਖਦੇ ਹਨ ਅਤੇ ਉਨ੍ਹਾਂ ਦੇ ਖਿੱਚ ਦਾ ਕੇਂਦਰ ਵੀ ਹੈ, ਜਿਨ੍ਹਾਂ ਦੇਸ਼ਾਂ 'ਚ ਸਿੱਖਾਂ ਦੀ ਆਬਾਦੀ ਹੈ। ਇਸ ਲਈ ਬੀਬਾ ਬਾਦਲ ਦਾ ਆਧਾਰ ਵੀ ਕਿਸੇ ਵੱਡੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਕਿਉਂਕਿ ਕੇਂਦਰ 'ਚ ਕੈਬਨਿਟ ਮੰਤਰੀ ਰਹਿਣ ਉਪਰੰਤ ਉਨ੍ਹਾਂ ਦਾ ਰੁਤਬਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ।
ਉਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਵਿਸ਼ਵ ਪੱਧਰ 'ਤੇ ਕ੍ਰਿਕਟ ਖਿਡਾਰੀ ਹਨ। ਇਮਰਾਨ ਖਾਨ ਦੇ ਨਾਲ ਦੋਸਤੀ ਕਾਰਨ ਸਿੱਧੂ ਦੀ ਟੀ. ਆਰ. ਪੀ. ਬਹੁਤ ਅੱਗੇ ਵਧੀ ਹੈ, ਉਥੇ ਹੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਉਨ੍ਹਾਂ ਦੇ ਨਾਂ ਨਾਲ ਓਨੀ ਹੀ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ। ਜੇਕਰ ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਜੇਕਰ ਕਾਂਗਰਸ ਮੈਡਮ ਸਿੱਧੂ ਨੂੰ ਚੋਣਾਂ ਲਈ ਤਿਆਰ ਕਰ ਲਵੇ ਤਾਂ ਬਠਿੰਡਾ ਦੀ ਸੀਟ ਦਾ ਮੁਕਾਬਲਾ ਸੰਸਾਰ ਪੱਧਰ 'ਤੇ ਚਰਚਿਤ ਹੋ ਸਕਦਾ ਹੈ। ਦੂਜੇ ਪਾਸੇ ਹਰਸਿਮਰਤ ਬਾਦਲ ਜਿਸ ਤਰ੍ਹਾਂ ਆਪਣਾ ਪੱਖ ਅਸਰਦਾਰ ਤਰੀਕੇ ਨਾਲ ਰੱਖਦੀ ਹੈ, ਉਥੇ ਮੈਡਮ ਸਿੱਧੂ ਵੀ ਇਕ ਤੇਜ਼-ਤਰਾਰ ਨੇਤਾ ਹੈ, ਵਿਅਕਤੀਗਤ ਖਿੱਚ ਵਿਚ ਵੀ ਦੋਵੇਂ ਮਹਿਲਾ ਸੈਲੀਬ੍ਰਿਟੀਜ਼ ਇਕ ਤੋਂ ਵੱਧ ਕੇ ਇਕ ਹਨ।
ਅੰਤ ਤੱਕ ਬਣਿਆ ਰਹਿ ਸਕਦਾ ਹੈ ਵਨਡੇ ਮੈਚ ਦਾ ਸਸਪੈਂਸ
ਬਠਿੰਡਾ ਦੀ ਸੀਟ 'ਤੇ ਜੇਕਰ ਕੋਈ ਆਮ ਉਮੀਦਵਾਰ ਆ ਜਾਵੇ ਤਾਂ ਇਸ ਵਿਚ ਚਰਚਾ ਦਾ ਵਿਸ਼ਾ ਸਿਰਫ ਪਹਿਲੇ ਦਿਨ ਤੱਕ ਹੀ ਰਹੇਗਾ। ਇਸ ਤੋਂ ਬਾਅਦ ਆਮ ਚੋਣ ਦੀਆਂ ਸੀਟਾਂ ਤੱਕ ਚਰਚਾ ਰਹੇਗੀ, ਜਿਸ ਵਿਚ ਕਾਂਗਰਸੀ ਤੇ ਅਕਾਲੀ ਦਲ ਦੇ ਮੁਕਾਬਲੇ ਦੀ ਜ਼ਿਕਰਯੋਗ ਗੱਲਬਾਤ ਰਹੇਗੀ ਪਰ ਜੇਕਰ ਮੁਕਾਬਲਾ ਸਿੱਧੂ-ਬਾਦਲ ਮੈਡਮ ਦੇ ਵਿਚਕਾਰ ਹੋਵੇ ਤਾਂ ਚੋਣ ਦੇ ਆਖਰੀ ਦਿਨ ਤੱਕ ਵਨਡੇ ਮੈਚ ਦੀ ਤਰ੍ਹਾਂ ਸਸਪੈਂਸ ਬਣਿਆ ਰਹੇਗਾ, ਜਦੋਂ ਕਿ ਚੋਣ ਨਤੀਜੇ ਵਿਚ ਸੰਸਾਰ ਦੇ ਮੀਡੀਆ ਦੀਆਂ ਨਜ਼ਰਾਂ ਅੰਤ ਤੱਕ ਇਸ ਸੀਟ ਨੂੰ ਘੂਰਦੀਆਂ ਰਹਿਣਗੀਆਂ ਕਿਉਂਕਿ ਇਸ ਦੀ ਚਰਚਾ ਸਿਆਸੀ ਪਾਰਟੀਆਂ ਦੇ ਮੁਕਾਬਲੇ ਦੀ ਬਜਾਏ ਉਮੀਦਵਾਰਾਂ ਦੇ ਚਿਹਰਿਆਂ 'ਤੇ ਰਹੇਗੀ।