ਲੌਂਗੋਵਾਲ ਨੇ ਖਾਲਸਾ ਏਡ ਦੇ ਸੰਸਥਾਪਕ ''ਤੇ ਹੋਈ ਨਸਲੀ ਟਿੱਪਣੀ ਦੀ ਸਖਤ ਸ਼ਬਦਾ ''ਚ ਕੀਤੀ ਨਿੰਦਾ

Wednesday, Aug 21, 2019 - 05:45 PM (IST)

ਲੌਂਗੋਵਾਲ ਨੇ ਖਾਲਸਾ ਏਡ ਦੇ ਸੰਸਥਾਪਕ ''ਤੇ ਹੋਈ ਨਸਲੀ ਟਿੱਪਣੀ ਦੀ ਸਖਤ ਸ਼ਬਦਾ ''ਚ ਕੀਤੀ ਨਿੰਦਾ

ਅੰਮ੍ਰਿਤਸਰ (ਦੀਪਕ ਸ਼ਰਮਾ) : ਆਸਟਰੀਆ ਦੇ ਸ਼ਹਿਰ ਵਿਆਨਾ ਦੇ ਹਵਾਈ ਅੱਡੇ 'ਤੇ ਕਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ 'ਤੇ ਹੋਈ ਨਸਲੀ ਟਿੱਪਣੀ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਵੀ ਸਿੰਘ ਦੀ ਅਗਵਾਈ ਹੇਠ ਖਾਲਸਾ ਏਡ ਵਲੋਂ ਬਿਨ੍ਹਾਂ ਕਿਸੇ ਵਿਤਕਰੇ ਦੇ ਲੋੜਵੰਦਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸੰਸਥਾ ਦੇ ਵਲੰਟੀਅਰ ਗੁਰੂ ਸਾਹਿਬ ਵਲੋਂ ਬਖਸ਼ੇ ਸਿਧਾਂਤਾਂ ਅਨੁਸਾਰ ਬਿਨਾ ਭੇਦਭਾਵ ਕੀਤੇ ਨਿਸ਼ਕਾਮ ਤੌਰ 'ਤੇ ਸੇਵਾਵਾਂ ਨਿਭਾਉਂਦੇ ਹਨ। ਦੁਨੀਆ ਭਰ 'ਚ ਆਈਆਂ ਮੁਸੀਬਤਾਂ ਸਮੇਂ ਇਸ ਸੰਸਥਾ ਵਲੋਂ ਲੋੜਵੰਦਾਂ ਦੀ ਬਾਂਹ ਫੜ ਕੇ ਸਿੱਖ ਧਰਮ ਦਾ ਨਾਮ ਉੱਚਾ ਕੀਤਾ ਹੈ। 

ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਵਿਸ਼ਵ ਸ਼ਾਂਤੀ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਯਤਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਿੱਖਾਂ ਨੇ ਆਪਣੀ ਮਿਹਨਤ ਸਦਕਾ ਉੱਚ ਮੁਕਾਮ ਹਾਸਲ ਕੀਤੇ ਹਨ ਅਤੇ ਸਬੰਧਤ ਦੇਸ਼ਾਂ ਦੇ ਵਿਕਾਸ 'ਚ ਵੱਡਾ ਯੋਗਦਾਨ ਪਾਇਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਖਾਲਸਾ ਪੰਥ ਦੇ ਸਿਧਾਂਤਾਂ ਅਨੁਸਾਰ ਬਿਨਾ ਭੇਦਭਾਵ ਦੇ ਕੀਤੀ ਜਾ ਰਹੀ ਸੇਵਾ ਦੇ ਕਾਰਨ ਰਵੀ ਸਿੰਘ ਦੀ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਹੈ। ਮਨੁੱਖਤਾ ਦੀ ਸੇਵਾ ਲਈ ਸਦਾ ਤੱਤਪਰ ਰਹਿਣ ਵਾਲੇ ਅਜਿਹੇ ਸਿੱਖ 'ਤੇ ਸੌੜੀ ਸੋਚ ਕਾਰਨ ਕੀਤੀ ਗਈ ਗਲਤ ਟਿੱਪਣੀ ਅਤੀ ਨਿੰਦਣਯੋਗ ਹੈ। 

ਸ਼੍ਰੋਮਣੀ ਕਮੇਟੀ ਦੇ ਦਫਤਰ ਤੋਂ ਜਾਰੀ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਆਸਟਰੀਆ 'ਚ ਵਾਪਰੀ ਇਹ ਘਟਨਾ ਕਾਰਨ ਸਿੱਖ ਹਿਰਦਿਆਂ 'ਚ ਰੋਸ ਹੈ ਅਤੇ ਅਜਿਹੀਆਂ ਟਿੱਪਣੀਆਂ ਵਿਦੇਸ਼ਾਂ 'ਚ ਵੱਸ ਰਹੇ ਸਿੱਖਾਂ 'ਚ ਚਿੰਤਾ ਪੈਦਾ ਕਰਦੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਬਧੰਤ ਦੇਸ਼ ਪਾਸ ਇਹ ਮਸਲਾ ਉਠਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਟਿੱਪਣੀ ਨਾ ਕਰ ਸਕੇ।


author

Baljeet Kaur

Content Editor

Related News