ਜੇ. ਸੀ. ਬੀ. ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ
Wednesday, Jun 12, 2019 - 09:22 AM (IST)

ਅੰਮ੍ਰਿਤਸਰ (ਰਮਨ) : ਨਗਰ ਨਿਗਮ ਦੀ ਜੇ. ਸੀ. ਬੀ. ਮਸ਼ੀਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਜਗਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਗਪ੍ਰੀਤ ਨਾਲ ਉਸ ਦਾ ਚਚੇਰਾ ਭਰਾ ਵੀ ਸੀ, ਜਿਸ ਨੇ ਸਮਾਂ ਰਹਿੰਦੇ ਪਿੱਛੇ ਹਟ ਕੇ ਆਪਣਾ ਬਚਾਅ ਕਰ ਲਿਆ। ਜੇ. ਸੀ. ਬੀ. ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਜਗਪ੍ਰੀਤ ਸਿੰਘ (22) ਵਾਸੀ ਦੀਨੇਵਾਲਾ ਅਜਨਾਲਾ ਜੋ ਕਿ ਭਗਤਾਂਵਾਲਾ ਸਥਿਤ ਅਖਾੜਾ ਕੱਲੂ ਨਜ਼ਦੀਕ ਇਕ ਵਰਕਸ਼ਾਪ 'ਚ ਵਾਸ਼ਿੰਗ ਦਾ ਕੰਮ ਕਰਦਾ ਸੀ, ਅੱਜ ਸਵੇਰੇ ਜਿਵੇਂ ਹੀ ਆਪਣੇ ਭਰਾ ਨਾਲ ਆਟੋ 'ਚੋਂ ਉਤਰਿਆ ਤੇ ਉਹ ਸੜਕ ਪਾਰ ਕਰ ਕੇ ਦੂਜੇ ਪਾਸੇ ਜਾਣ ਲੱਗਾ ਤਾਂ ਇਸ ਦੌਰਾਨ ਉਹ ਨਗਰ ਨਿਗਮ ਦੀ ਜੇ. ਸੀ. ਬੀ. ਦੀ ਲਪੇਟ ਵਿਚ ਆ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਜੇ. ਸੀ. ਬੀ. ਨੰ. ਪੀ ਬੀ 02 ਸੀ ਆਰ 3386 ਕਬਜ਼ੇ 'ਚ ਲੈ ਕੇ ਕਥਿਤ ਦੋਸ਼ੀ ਖਿਲਾਫ ਧਾਰਾ 304-ਏ ਅਤੇ 279 ਦੇ ਦੋਸ਼ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।