ਅੰਮ੍ਰਿਤਸਰ, ਜੰਮੂ ਸਣੇ ਕਈ ਰੂਟਾਂ ''ਤੇ ਅੱਜ ਤੋਂ ਚੱਲਣਗੀਆਂ ਟਰੇਨਾਂ

Monday, Nov 23, 2020 - 09:05 AM (IST)

ਅੰਮ੍ਰਿਤਸਰ, ਜੰਮੂ ਸਣੇ ਕਈ ਰੂਟਾਂ ''ਤੇ ਅੱਜ ਤੋਂ ਚੱਲਣਗੀਆਂ ਟਰੇਨਾਂ

ਜਲੰਧਰ/ਲੁਧਿਆਣਾ (ਗੁਲਸ਼ਨ, ਗੌਤਮ): ਪੰਜਾਬ ਵਿਚ ਕਿਸਾਨ ਜੱਥੇਬੰਦੀਆਂ ਵਲੋਂ ਧਰਨਾ ਖ਼ਤਮ ਕਰਨ ਦੇ ਬਾਅਦ ਰੇਲਵੇ ਸਟੇਸ਼ਨਾਂ 'ਤੇ ਹਲਚਲ ਸ਼ੁਰੂ ਹੋ ਗਈ ਹੈ। ਬੰਦ ਪਈ ਰੇਲ ਆਵਾਜਾਈ ਨੂੰ ਚਾਲੂ ਕਰਨ ਲਈ ਬੜੌਦਾ ਹਾਊਸ ਤੋਂ ਨਿਰਦੇਸ਼ ਆਉਂਦੇ ਹੀ ਵਿਭਾਗ ਨੇ ਇੰਜੀਨਿਅਰਿੰਗ ਸਟਾਫ, ਆਪ੍ਰੇਟਿੰਗ ਸਟਾਫ, ਸਿਗਨਲ ਅਤੇ ਕਮਰਸ਼ੀਅਲ ਸਟਾਫ ਦੇ ਇੰਚਾਰਜਾਂ ਨੂੰ ਅਲਰਟ ਕਰ ਦਿੱਤਾ ਹੈ, ਜਿਸ ਦੇ ਚਲਦੇ ਵੱਖ-ਵੱਖ ਵਿਭਾਗਾਂ ਦੇ ਸਟਾਫ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰੇਨਾਂ ਦੀ ਆਵਾਜਾਈ ਸ਼ੁਰੂ ਕਰਨ ਤੋਂ ਪਹਿਲਾਂ ਰੇਲਵੇ ਵਿਭਾਗ ਨੇ ਰੇਲ ਟ੍ਰੈਕਸ ਦੀ ਫਿਟਨੈੱਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 17 ਟਰੇਨਾਂ ਵਿਚੋਂ 9 ਜੰਮੂ-ਕੱਟੜਾ ਲਾਈਨ 'ਤੇ ਅਤੇ 8 ਪੰਜਾਬ ਵਾਲੇ ਰੂਟ 'ਤੇ ਚੱਲਣ ਨਾਲ ਮੁਸਾਫਰਾਂ ਨੂੰ ਵੱਡੀ ਰਾਹਤ ਮਿਲੇਗੀ। ਰੇਲਵੇ ਨੇ ਐਤਵਾਰ ਦੇਰ ਸ਼ਾਮ ਅੰਮ੍ਰਿਤਸਰ, ਚੰਡੀਗੜ੍ਹ, ਜੰਮੂ-ਤਵੀ ਆਦਿ ਰੂਟਾਂ 'ਤੇ ਟਰੇਨਾਂ ਨੂੰ ਬਹਾਲ ਕਰਨ ਦਾ ਫ਼ੈਸਲਾ ਲਿਆ ਹੈ। ਕੁਝ ਟਰੇਨਾਂ 23 ਨਵੰਬਰ ਤੋਂ ਬਹਾਲ ਕਰ ਦਿੱਤੀਆਂ ਗਈਆਂ ਹਨ ਪਰ ਕੁਝ ਟਰੇਨਾਂ ਅਜੇ ਵੀ ਰੱਦ ਰਹਿਣਗੀਆਂ। ਸਿਸਟਮ ਰੂਟੀਨ ਵਿੱਚ ਆਉਂਦੇ ਹੀ ਛੇਤੀ ਹੀ ਇਨ੍ਹਾਂ ਟਰੇਨਾਂ ਨੂੰ ਵੀ ਬਹਾਲ ਕਰ ਦਿੱਤਾ ਜਾਵੇਗਾ। ਵਿਭਾਗ ਵਲੋਂ ਇਸ ਸਬੰਧ ਵਿਚ 80 ਪੈਸੇਂਜਰ ਟਰੇਨਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਵਰਣਨਯੋਗ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵਲੋਂ ਪਿਛਲੇ ਕਰੀਬ 2 ਮਹੀਨਿਆਂ ਤੋਂ ਰੇਲ ਟ੍ਰੈਕ ਜਾਮ ਕਰਨ ਕਰਕੇ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਈ ਪਈ ਸੀ ਅਤੇ ਪੰਜਾਬ ਦੇ ਸਾਰੇ ਛੋਟੇ-ਵੱਡੇ ਰੇਲਵੇ ਸਟੇਸ਼ਨਾਂ 'ਤੇ ਪੂਰੀ ਤਰ੍ਹਾਂ ਸੁੰਨਸਾਨ ਛਾਈ ਹੋਈ ਸੀ।

ਦੂਜੇ ਪਾਸੇ ਐਤਵਾਰ ਨੂੰ ਫਿਰੋਜ਼ਪੁਰ ਰੇਲ ਮੰਡਲ ਦੇ ਅਧਿਕਾਰੀਆਂ ਵਲੋਂ ਰੇਲ ਟ੍ਰੈਕ ਦੀ ਫਿਟਨੈੱਸ ਦੀ ਜਾਂਚ ਲਈ 11 ਇੰਜਣਾਂ ਨੂੰ ਵੱਖ-ਵੱਖ ਰੂਟਾਂ 'ਤੇ ਰਵਾਨਾ ਕੀਤਾ ਗਿਆ। ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਵੀ 3 ਇੰਜਣਾਂ ਨੂੰ ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਲਈ ਰਵਾਨਾ ਕੀਤਾ ਗਿਆ। ਇੰਜਣ ਦੇ ਲੋਕੋ ਪਾਇਲਟਾਂ ਦੇ ਨਾਲ ਜੀ. ਆਰ. ਪੀ. , ਆਰ. ਪੀ. ਐੱਫ. ਅਤੇ ਇੰਜੀਨਿਅਰਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ ਤਾਂ ਕਿ ਸੁਰੱਖਿਆ ਮਾਪਦੰਡਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਸਕੇ ।

ਰੇਲ ਮੁਸਾਫਰਾਂ ਨੂੰ ਐੱਸ. ਐੱਮ. ਐੱਸ. ਰਾਹੀਂ ਦਿੱਤੀ ਜਾਵੇਗੀ ਜਾਣਕਾਰੀ
ਟਰੇਨਾਂ ਦੇ ਬਹਾਲ ਹੋਣ ਸਬੰਧੀ ਮੁਸਾਫਰਾਂ ਨੂੰ ਜਾਣਕਾਰੀ ਦੇਣ ਲਈ ਵੀ ਰੇਲਵੇ ਹੈੱਡਕੁਆਰਟਰ ਵਲੋਂ ਉਚਿਤ ਨਿਰਦੇਸ਼ ਦਿੱਤੇ ਗਏ ਹਨ। ਰੇਲਵੇ ਸਟੇਸ਼ਨਾਂ 'ਤੇ ਪੁੱਛਗਿਛ ਕੇਂਦਰਾਂ ਤੋਂ ਅਨਾਊਂਸਮੈਂਟ ਕਰਨ ਦੇ ਇਲਾਵਾ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਟਿਕਟ ਬੁੱਕ ਕਰਵਾਈ ਹੋਈ ਹੈ, ਉਨ੍ਹਾਂ ਦੇ ਮੋਬਾਇਲ ਫੋਨ 'ਤੇ ਐੱਸ. ਐੱਮ. ਐੱਸ . ਰਾਹੀਂ ਜਾਣਕਾਰੀ ਦਿੱਤੀ ਜਾਵੇਗੀ।

ਵੀ. ਆਈ. ਪੀ. ਟਰੇਨਾਂ 24 ਨੂੰ ਚੱਲਣਗੀਆਂ
23 ਨਵੰਬਰ ਨੂੰ ਟਰੇਨਾਂ ਸ਼ੁਰੂ ਹੋਣ ਤੋਂ ਬਾਅਦ 24 ਨਵੰਬਰ ਨੂੰ ਵੀ. ਆਈ. ਪੀ. ਟਰੇਨਾਂ ਸ਼ਤਾਬਦੀ ਐਕਸਪ੍ਰੈੱਸ, ਵੰਦੇ ਭਾਰਤ, ਰਾਜਧਾਨੀ ਚਲਾਈਆਂ ਜਾਣਗੀਆਂ ਕਿਉਂਕਿ ਸਾਰੀਆਂ ਟਰੇਨਾਂ ਅੰਬਾਲਾ ਤੋਂ ਹੀ ਰਵਾਨਾ ਕੀਤੀਆਂ ਜਾ ਰਹੀਆਂ ਸਨ ਅਤੇ ਇਥੋਂ ਹੀ ਟਰਮੀਨੇਟ । ਇਨ੍ਹਾਂ ਵਿਚੋਂ 17 ਟਰੇਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅੰਬਾਲਾ ਤੋਂ ਚਲਾਇਆ ਜਾਵੇਗਾ ਅਤੇ 15 ਰੱਦ ਕੀਤੀਆਂ ਗਈਆਂ ਟਰੇਨਾਂ ਨੂੰ ਦੁਬਾਰਾ ਚਲਾਇਆ ਜਾਵੇਗਾ।


author

Baljeet Kaur

Content Editor

Related News