ਕੌਮਾਂਤਰੀ ਨਗਰ ਕੀਰਤਨ ਬਿਲਾਸਪੁਰ ਤੋਂ ਅਗਲੇ ਪੜਾਅ ਲਈ ਰਵਾਨਾ
Friday, Sep 06, 2019 - 05:35 PM (IST)
 
            
            ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ ਅੱਜ ਸੰਬਲਪੁਰ ਤੋਂ ਅਗਲੇ ਪੜਾਅ ਬਿਲਾਸਪੁਰ ਲਈ ਰਵਾਨਾ ਹੋ ਗਿਆ। ਦੱਸਣਯੋਗ ਹੈ ਕਿ ਪਹਿਲਾਂ ਨਗਰ ਕੀਰਤਨ ਦੇ ਅੱਜ ਦਾ ਰਾਤ ਦਾ ਵਿਸ਼ਰਾਮ ਕੋਰਬਾ ਵਿਖੇ ਰੱਖਿਆ ਗਿਆ ਪਰ ਰਸਤਾ ਖਰਾਬ ਹੋਣ ਕਾਰਨ ਹੁਣ ਬਿਲਾਸਪੁਰ ਵਿਖੇ ਵਿਸ਼ਰਾਮ ਕਰੇਗਾ।
ਪ੍ਰਤਾਪ ਸਿੰਘ ਨੇ ਦੱਸਿਆ ਕਿ ਸੰਬਲਪੁਰ ਵਿਖੇ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਅਰਦਾਸ ਮਗਰੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਰਵਾਨਗੀ ਕੀਤੀ ਗਈ। ਇਸ ਤੋਂ ਪਹਿਲਾਂ ਬੀਤੀ ਰਾਤ ਸੰਬਲਪੁਰ ਪੁੱਜਣ 'ਤੇ ਸਥਾਨਕ ਸੰਗਤਾਂ ਨੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਨਗਰ ਕੀਰਤਨ ਦੀ ਰਵਾਨਗੀ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਸੈਕਟਰੀ ਅਮਰਜੀਤ ਸਿੰਘ, ਖਜ਼ਾਨਚੀ  ਗੀਤਮ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਨਗਰ ਕੀਰਤਨ ਨਾਲ ਸੇਵਾ ਨਿਭਾਅ ਰਹੇ ਵਧੀਕ ਸਕੱਤਰ ਪ੍ਰਤਾਪ ਸਿੰਘ, ਵਧੀਕ ਮੈਨੇਜਰ ਪਰਮਜੀਤ ਸਿੰਘ, ਪਰਵਾਈਜ਼ਰ ਰਜਵੰਤ ਸਿੰਘ ਰੰਧਾਵਾ, ਗੁਰਮੇਜ ਸਿੰਘ, ਬਲਦੇਵ ਸਿੰਘ, ਗੁਰਦੇਵ ਸਿੰਘ, ਬਖ਼ਸ਼ੀਸ ਸਿੰਘ, ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ, ਭਾਈ ਗੁਰਸੇਵਕ ਸਿੰਘ ਪ੍ਰਚਾਰਕ, ਭਾਈ ਰਾਜਬੀਰ ਸਿੰਘ ਤੇ ਭਾਈ ਖੁਸ਼ਬੀਰ ਸਿੰਘ ਸਮੇਤ ਹੋਰ ਮੌਜੂਦ ਸਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            