3 ਪੀੜ੍ਹੀਆਂ ਨਾਲ ਵੋਟ ਪਾਉਣ ਜਾਵੇਗੀ ਬਟਵਾਰੇ ਦੌਰਾਨ ਭਾਰਤ ਆਈ ''ਦਾਦੀ''

04/23/2019 12:56:10 PM

ਅੰਮ੍ਰਿਤਸਰ(ਸਫਰ) : ਇਹ ਕੰਸ ਕੌਰ ਹਨ। ਸਕੂਲ ਤਾਂ ਕਦੇ ਗਈ ਨਹੀਂ ਪਰ ਕਹਿੰਦੀ ਹੈ ਕਿ ਜਦੋਂ ਭਾਰਤ-ਪਾਕਿਸਤਾਨ ਦਾ ਵਟਵਾਰਾ ਹੋਇਆ ਸੀ ਤਦ ਮੈਂ 12 ਸਾਲ ਦੀ ਸੀ। ਹੁਣ ਦਾਦੀ ਅੰਮਾ ਹੀ ਨਹੀਂ ਪੋਤਰਿਆਂ ਦੇ ਬੱਚਿਆਂ ਦੀ ਦਾਦੀ-ਨਾਨੀ ਅੰਮਾ ਬਣ ਗਈ ਹੈ। ਅੰਮ੍ਰਿਤਸਰ ਦੇ ਝਬਾਲ ਰੋਡ ਸਥਿਤ ਸਾਂਘਣਾ ਪਿੰਡ ਦੀ ਰਹਿਣ ਵਾਲੀ ਕੰਸ ਕੌਰ ਕਹਿੰਦੀ ਹੈ ਕਿ ਜਦੋਂ ਤੋਂ ਮੈਨੂੰ ਸਰਕਾਰ ਨੇ ਵੋਟ ਪਾਉਣ ਦਾ ਅਧਿਕਾਰ ਦਿੱਤਾ ਮੈਂ ਅੱਜ ਤੱਕ ਅਜਿਹਾ ਕੋਈ ਚੋਣ ਨਹੀਂ ਹੋਇਆ ਹੈ ਜਿਸ ਵਿਚ ਵੋਟ ਨਾ ਪਾਈ ਹੋਵੇ। ਵੋਟ ਪਾ ਕੇ ਚੰਗੀ ਸਰਕਾਰ ਚੁਣਨ ਦਾ ਸੁਨੇਹਾ ਕੰਸ ਕੌਰ ਦਿੰਦੀ ਹੈ।

ਭਾਰਤ-ਪਾਕਿਸਤਾਨ ਬਟਵਾਰੇ ਨੂੰ ਆਪਣੀਆਂ ਅੱਖਾਂ ਨਾਲ ਵੇਖ ਚੁੱਕੀ ਕੰਸ ਕੌਰ ਦੱਸਦੀ ਹੈ ਕਿ ਚਾਰੇ ਪਾਸੇ ਲੜਾਈ ਮਚੀ ਸੀ। ਦੋਵਾਂ ਦੇਸ਼ਾਂ ਵਿਚ ਅਜਿਹੀ ਤਬਾਹੀ ਦਾ ਮੰਜਰ ਮੈਂ ਕਦੇ ਨਹੀਂ ਵੇਖਿਆ ਅਤੇ ਰੱਬ ਦਿਖਾਏ ਵੀ ਨਾ। ਔਰਤਾਂ ਦੀ ਇੱਜ਼ਤ ਨੀਲਾਮ ਕੀਤੀ ਜਾ ਰਹੀ ਸੀ। ਪਿੰਡ ਦੇ ਪਿੰਡ ਪਲਾਇਨ ਕਰ ਰਹੇ ਸਨ। ਸਾਡੇ ਪਿੰਡ ਸਿੱਖ ਅਤੇ ਹਿੰਦੂ ਜ਼ਿਆਦਾ ਸਨ। ਉਸ ਰਾਤ ਪਿੰਡ ਵਾਲਿਆਂ ਨੇ ਤੈਅ ਕੀਤਾ ਕਿ ਉਹ ਪਾਕਿਸਤਾਨ ਛੱਡ ਦੇਣਗੇ। ਅੱਧੀ ਰਾਤ ਨੂੰ ਪਿੰਡ ਖਾਲੀ ਹੋ ਗਿਆ। ਸਾਨੂੰ ਪਾਕਿਸਤਾਨ ਦੀ ਸੀਮਾ ਤੋਂ ਭਾਰਤ ਪੁੱਜਣ 'ਚ ਕਈ ਦਿਨ ਲੱਗ ਗਏ। ਕਿਵੇਂ ਜਾਨ ਬਚਾ ਕੇ ਸਾਡਾ ਪਰਿਵਾਰ ਭਾਰਤ ਆਇਆ, ਇਹ ਮੇਰਾ ਦਿਲ ਹੀ ਜਾਣਦਾ ਹੈ। ਪਿਤਾ ਜੌਹਰ ਸਿੰਘ ਬਲਵਾਨ ਸਨ ਅਤੇ ਇਲਾਕੇ ਵਿਚ ਉਨ੍ਹਾਂ ਦਾ ਕਾਫੀ ਨਾਂ ਸੀ। ਮਾਂ ਰਾਜ ਕੌਰ ਨੇ ਕਈ ਸਾਲਾਂ ਬਾਅਦ ਰਾਜ਼ ਖੋਲ੍ਹਿਆ ਸੀ ਕਿ 'ਤੁਹਾਡੇ ਪਿਤਾ ਨੇ ਕਿਹਾ ਸੀ ਕਿ ਜੇਕਰ ਮੇਰੀ ਧੀ ਜਾਂ ਪਤਨੀ ਨੂੰ ਕਿਸੇ ਨੇ ਹੱਥ ਲਾਇਆ ਤਾਂ ਮੈਂ ਉਸ ਦੀ ਗਰਦਨ ਕੱਟ ਦੇਵਾਂਗਾ ਚਾਹੇ ਮੇਰਾ ਪਰਿਵਾਰ ਰਹੇ ਜਾਂ ਨਾ ਰਹੇ। ਪਿਤਾ ਜ਼ਿੰਦਾਦਿਲ ਇਨਸਾਨ ਸਨ ਅਤੇ ਸਾਰੇ ਉਨ੍ਹਾਂ ਦੀ ਸੁਣਦੇ ਸਨ।

ਸਾਡੇ ਨਾਲ ਪਿੰਡ ਦੇ ਕਈ ਪਰਿਵਾਰ ਵੀ ਨਦੀ-ਨਾਲਿਆਂ ਦੇ ਨਾਲ-ਨਾਲ ਅੱਗੇ ਵਧਦੇ ਹੋਏ ਪਾਕਿਸਤਾਨ ਤੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੁੱਜੇ। ਉਥੇ ਇਕ ਪਿੰਡ ਮੁਸਲਮਾਨਾਂ ਦਾ ਸੀ ਜੋ ਛੱਡ ਕੇ ਪਾਕਿਸਤਾਨ ਚਲੇ ਗਏ ਸਨ, ਸਾਡਾ ਪਰਿਵਾਰ ਉਸ ਪਿੰਡ ਵਿਚ ਰਹਿਣ ਲੱਗਾ। ਜ਼ਮੀਨਾਂ ਪਾਕਿਸਤਾਨ ਵਿਚ ਤਾਂ ਸੀ ਪਰ ਭਾਰਤ ਵਿਚ ਨਹੀਂ ਮਿਲੀਆਂ।

ਕੰਸ ਕੌਰ ਦੱਸਦੀ ਹੈ ਕਿ ਮਾਤਾ-ਪਿਤਾ ਦਾ ਦਿਹਾਂਤ ਹੋ ਗਿਆ ਅਤੇ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਹੋ ਗਿਆ। ਅੰਮ੍ਰਿਤਸਰ ਵਿਚ ਰਹਿੰਦੇ ਹੋਏ ਵੀ ਹਰ ਵਾਰ ਉਨ੍ਹਾਂ ਨੇ ਵੋਟ ਪਾਏ ਸਨ। ਇਸ ਵਾਰ ਪੁੱਤਰ ਕੇਹਰ ਸਿੰਘ ਅਤੇ ਪੋਤਾ ਗੁਰਲਾਲ ਸਿੰਘ ਦੇ ਨਾਲ ਵੋਟ ਪਾਉਣ ਜਾਉਂਗੀ।

ਕੰਸ ਕੌਰ ਬੋਲੀ, ਅਜੋਕੇ ਨੇਤਾ ਜ਼ਿਆਦਾ ਭ੍ਰਿਸ਼ਟਾਚਾਰੀ
ਪ੍ਰਸ਼ਨ- ਅਜੋਕੇ ਨੇਤਾ ਚੰਗੇ ਹਨ ਜਾਂ ਤੁਸੀਂ ਜਦੋਂ ਪਹਿਲੀ ਵਾਰ ਵੋਟ ਦਿੱਤੀ ਸੀ ਉਨ੍ਹਾਂ ਦਿਨਾਂ ਦੇ ਨੇਤਾ ਚੰਗੇ ਸਨ?
ਉਤਰ- ਉਸ ਸਮੇਂ ਦੇ ਨੇਤਾ ਦੇਸ਼ ਦੇ ਬਾਰੇ ਵਿਚ ਸੋਚਦੇ ਸਨ, ਅਜੋਕੇ ਨੇਤਾ ਆਪਣੇ ਅਤੇ ਆਪਣਿਆਂ ਦੇ ਬਾਰੇ ਵਿਚ ਸੋਚਦੇ ਹਨ।

ਪ੍ਰਸ਼ਨ- ਉਸ ਸਮੇਂ ਬੇਈਮਾਨੀ ਜ਼ਿਆਦਾ ਸੀ ਜਾਂ ਹੁਣ, ਉਸ ਸਮੇਂ ਪੜ੍ਹਾਈ ਜ਼ਿਆਦਾ ਸੀ ਜਾਂ ਹੁਣ?
ਉਤਰ- ਅੱਜ ਬੇਈਮਾਨੀ ਜ਼ਿਆਦਾ ਹੈ, ਅੱਜ ਪੜ੍ਹਾਈ ਜ਼ਿਆਦਾ ਹੈ ਪਰ ਨੌਕਰੀਆਂ ਨਹੀਂ ਹਨ।

ਪ੍ਰਸ਼ਨ- ਤੁਸੀਂ ਫਿਲਮਾਂ ਵੇਖੀਆਂ ਸਨ ਆਪਣੇ ਜ਼ਮਾਨੇ 'ਚ ?
ਉਤਰ-ਇਹ ਸਭ ਤਾਂ ਫਿਲਮਾਂ ਅਤੇ ਟੀ. ਵੀ. ਦਾ ਹੀ ਸਿਆਪਾ ਹੈ, ਸ਼ਰਮ ਹੀ ਨਹੀਂ ਰਹੀ ਬੱਚਿਆਂ ਨੂੰ ।

ਪ੍ਰਸ਼ਨ-ਤੁਹਾਡੇ ਸਮੇਂ ਨੂੰਹ-ਸੱਸ ਅਤੇ ਗੁਰੂ-ਚੇਲੇ ਦੀ ਮਰਿਆਦਾ ਜ਼ਿਆਦਾ ਸੀ ਜਾਂ ਹੁਣ ਹੈ?
ਉਤਰ- ਹੁਣ ਮਰਿਆਦਾ ਰਹੀ ਕਿੱਥੇ, ਸੰਸਕਾਰ ਭੁੱਲਦੇ ਜਾ ਰਹੇ ਹਾਂ ਅਸੀਂ, ਦੇਸ਼ ਨੂੰ ਨੇਤਾ ਵਿਗਾੜ ਰਹੇ ਹਨ ਅਤੇ ਨੇਤਾਵਾਂ ਨੂੰ ਪੈਸੇ ਲੈ ਕੇ ਵੋਟ ਦੇ ਕੇ ਜਨਤਾ ਵਿਗਾੜ ਰਹੀ ਹੈ। ਸਾਰਿਆਂ ਨੂੰ ਆਪਣੀ-ਆਪਣੀ ਪਈ ਹੈ, ਦੇਸ਼ ਤੋਂ ਕੀ ਲੈਣਾ-ਦੇਣਾ। ਮੈਂ ਗਾਂਧੀ ਨੂੰ ਵੀ ਵੇਖਿਆ ਹੈ ਅਤੇ ਜਵਾਹਰ ਲਾਲ ਨਹਿਰੂ ਨੂੰ ਵੀ। ਭਾਰਤ ਨੂੰ ਬਚਾਉਣਾ ਹੈ ਤਾਂ ਵੋਟ ਉਨ੍ਹਾਂ ਨੂੰ ਦਿਓ ਜੋ ਦੇਸ਼ ਲਈ ਰਾਜਨੀਤੀ ਕਰਨ।


cherry

Content Editor

Related News