ਅੰਮ੍ਰਿਤਸਰ : ਛੱਪੜ ਦੀ ਸਫਾਈ ਦੇ ਨਾਂ ''ਤੇ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

10/17/2019 3:12:09 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਪਿੰਡ ਗੁਮਾਨਪੁਰਾ 'ਚ ਛੱਪੜ ਦੀ ਸਫਾਈ ਦੇ ਨਾਂ 'ਤੇ 20 ਫੁੱਟ ਤੱਕ ਰੇਤ ਤੇ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨਾਜਾਇਜ਼ ਮਾਇਨਿੰਗ ਦੇ ਦੋਸ਼ ਸਰਪੰਚ 'ਤੇ ਲੱਗ ਰਹੇ ਹਨ। ਦਰਅਸਲ ਪਿੰਡ ਦੀ ਨੂੰਹ ਤੇ ਸਮਾਜਸੇਵਕਾ ਸੋਨੀਆ ਮੱਟੂ ਨੇ ਦੋਸ਼ ਲਾਇਆ ਹੈ ਕਿ ਉਸ ਵਲੋਂ ਪਿੰਡ ਦੀ ਬਹਿਤਰੀ ਲਈ ਕਰਵਾਏ ਜਾ ਰਹੇ ਕੰਮਾਂ 'ਚ ਅੜਿੱਕਾ ਪਾਉਂਦੇ ਹੋਏ ਸਰਪੰਚ ਨੇ ਉਸ ਵਲੋਂ ਕਰਵਾਈ ਜਾ ਰਹੀ ਛੱਪੜ ਦਾ ਕੰਮ ਰੁਕਵਾ ਦਿੱਤਾ ਹੈ ਜਦਕਿ ਦੂਜੇ ਛੱਪੜ 'ਤੋਂ ਸਰਪੰਚ ਮਹਿੰਗੇ ਭਾਅ ਦੀ ਮਿੱਟੀ ਤੇ ਰੇਤ ਕੱਢ ਕੇ ਵੇਚ ਰਿਹਾ ਹੈ।

ਇਨ੍ਹਾਂ ਦੋਸ਼ਾਂ ਦੀ ਸੱਚਾਈ ਜਾਨਣ ਲਈ ਜਦੋਂ 'ਜਗਬਾਣੀ' ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਵੇਖਿਆ ਕਿ ਮਨਜ਼ੂਰੀ ਤੋਂ ਕਈ ਗੁਣਾ ਵੱਧ ਛੱਪੜ ਦੀ ਖੁਦਾਈ ਕੀਤੀ ਜਾ ਰਹੀ ਸੀ। ਉਧਰ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਮਿੱਟੀ ਤੇ ਰੇਤ ਵੇਚ ਨਹੀਂ ਰਹੇ ਬਲਕਿ ਸਿਰਫ ਟਰਾਲੀ ਤੇ ਜੇਸੀਬੀ ਦਾ ਖਰਚਾ ਹੀ ਕੱਢਿਆ ਜਾ ਰਿਹਾ ਹੈ।

ਦੋਵਾਂ ਧਿਰਾਂ ਦੀ ਖਿੱਚੋਤਾਣ 'ਚ ਪਿੰਡ ਦੇ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ 'ਚ ਕੋਈ ਸੰਜੀਦਗੀ ਵਿਖਾਉਂਦੀ ਹੈ ਜਾਂ ਫਿਰ ਆਪਸੀ ਖਹਿਬਾਜ਼ੀਆਂ ਦਾ ਖਾਮਿਆਜ਼ਾ ਪਿੰਡ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ।


Baljeet Kaur

Content Editor

Related News