ਹੁਕਮਨਾਮਾ ਸਾਹਿਬ ਨੂੰ ਅੱਖਰਕਾਰੀ ''ਚ ਸਜਾਉਣ ਵਾਲੇ ਭਾਈ ਜਸਪਾਲ ਸਿੰਘ ਘਈ

Saturday, Mar 23, 2019 - 10:19 AM (IST)

ਹੁਕਮਨਾਮਾ ਸਾਹਿਬ ਨੂੰ ਅੱਖਰਕਾਰੀ ''ਚ ਸਜਾਉਣ ਵਾਲੇ ਭਾਈ ਜਸਪਾਲ ਸਿੰਘ ਘਈ

ਅੰਮ੍ਰਿਤਸਰ : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸਿਫਤ ਸਲਾਹ ਦਾ ਸਭ ਤੋਂ ਵਡਮੁੱਲਾ ਵੇਲਾ ਅੰਮ੍ਰਿਤ ਵਾਲੇ ਨੂੰ ਹੀ ਦੱਸਿਆ ਹੈ ''ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ''। ਜਿਨ੍ਹਾਂ ਨੇ ਇਸ ਵੇਲੇ ਨੂੰ ਸੰਭਾਲਿਆ ਰੱਬ ਨੇ ਉਨ੍ਹਾਂ ਦੀ ਝੋਲੀ ਰਹਿਮਤਾਂ ਨਾਲ ਭਰ ਦਿੱਤੀ। ਅੰਮ੍ਰਿਤ ਵੇਲੇ ਉਠ ਕੇ ਬਿਨਾਂ ਛੁੱਟੀ ਕੀਤਿਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਵਾਲੀਆਂ ਅਨੇਕਾਂ ਕਰਮਾਂ ਵਾਲੀਆਂ ਰੂਹਾਂ ਹਨ। ''ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ'' ਵਾਲਾ ਸ਼ਬਦ ਬੋਲਣ ਵਾਲੇ ਭਾਈ ਗਿਆਨੀ ਗੋਪਾਲ ਸਿੰਘ, ਜੋ ਅੱਖਾਂ ਤੋਂ ਸੂਰਮੇ ਸਿੰਘ ਸਨ, ਨੇ ਬਿਨਾਂ ਨਾਗਾ ਕੀਤਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦਾ ਲਗਾਤਾਰ ਇਕ ਸਾਲ ਕੀਰਤਨ ਕੀਤਾ ਸੀ। ਇਹ ਮਾਣ ਇਹ ਉੱਤਮ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਸੇ-ਕਿਸੇ ਨੂੰ ਬਖਸ਼ਿਆ ਹੈ। 

ਇਸੇ ਤਰ੍ਹਾਂ ਦੀ ਇਕ ਰੱਬੀ ਰੂਹ ਭਾਈ ਜਸਪਾਲ ਸਿੰਘ ਘਈ ਜੀ ਹਨ, ਜੋ ਬੜੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਪਹਿਲਾ ਵਾਕ ਆਪਣੇ ਹੱਥਾਂ ਨਾਲ ਸੁੰਦਰ ਅੱਖਰਾਂ 'ਚ ਲਿਖਦੇ ਹਨ। ਅੱਖਰਕਾਰੀ 'ਚ ਸ਼ਾਨਦਾਰ ਖਿੱਚ ਪੈਦਾ ਕਰਨ ਵਾਲੇ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਲਿਖਦੇ ਸਮੇਂ ਮੈਨੂੰ ਕੁਝ ਨਹੀਂ ਪਤਾ ਹੁੰਦਾ, ਇਹ ਤਾਂ ਗੁਰੂ ਸਾਹਿਬ ਆਪਣੇ ਹੀ ਦਾਸ ਕੋਲੋਂ ਸੇਵਾ ਲੈਂਦੇ ਹਨ। ਇਹ ਸਭ ਗੁਰੂ ਰਾਮਦਾਸ ਜੀ ਮਹਾਰਾਜ ਹੀ ਜਾਣਦੇ ਹਨ। 

ਸਾਰੇ ਦਿਨ ਦੀ ਮਿਹਨਤ ਤੇ ਭੱਜ ਦੌੜ ਤੋਂ ਬਾਅਦ ਰਾਤ ਨੂੰ ਥੱਕੇ ਹਾਰੇ ਜਦੋਂ ਸੌਣ ਲੱਗੀ ਦਾ ਤਾਂ ਇੰਝ ਲੱਗਦਾ ਹੈ ਜਿਵੇਂ 9 ਵਜੇਂ ਤੋਂ ਪਹਿਲੰ ਜਾਗ ਨਹੀਂ ਆਉਣੀ ਪਰ ਅਕਾਲ ਪੁਰਖ ਦੀ ਇੰਨੀ ਕਿਰਪਾ ਹੈ ਕਿ ਸਵੇਰੇ ਆਪਣੇ-ਆਪ ਨੀਂਦ ਖੁੱਲ੍ਹ ਜਾਂਦੀ ਹੈ। ਮੀਂਹ ਹੋਵੇ ਜਾਂ ਗਰਮੀ ਜਾਂ ਅੱਜ ਦੀ ਸਰਦੀ ਪੈਰ ਆਪਣੇ ਆਪ ਗੁਰੂ ਘਰ ਵੱਲ ਚਲ ਪੈਂਦੇ ਹਨ। 

ਹੁਕਮਨਾਮਾ ਲਿਖਦੇ ਸਮੇਂ ਇਹ ਕਦੀ ਮਨ 'ਚ ਵਿਚਾਰ ਨਹੀਂ ਆਇਆ ਕਿ ਮੈਂ ਇਹ ਲਿਖਿਆ ਹੈ। ਬਸ ਗੁਰੂ ਰਾਮਦਾਸ ਜੀ ਦੀ ਕਿਰਪਾ ਮੰਨ ਕੇ ਚੱਲਦੇ ਹਾਂ। ਭਾਈ ਜਸਪਾਲ ਸਿੰਘ ਘਈ ਨੇ ਦੱਸਿਆ ਕਿ ਮੇਰਾ ਬੇਟਾ ਵੀ ਸ਼ਹੀਦ ਬਾਬਾ ਦੀਪ ਸਿੰਘ ਦੇ ਗੁਰਦੁਆਪਾ ਸ਼ਹੀਦਾਂ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਲਿਖਦਾ ਹੈ। ਅਸੀਂ ਅੱਖਰਕਾਰੀ ਦੇ ਢੰਗ ਨੂੰ ਕਿਸੇ ਤੋਂ ਸਿੱਖਿਆ ਨਹੀਂ। ਇਹ ਸਭ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ। ਸਤਿਗੁਰ ਆਪਣੇ ਚਰਨਾਂ ਨਾਲ ਲਾਈ ਰੱਖਣ।


author

Baljeet Kaur

Content Editor

Related News