ਗੁਰਦੁਆਰੇ ''ਚ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਗ੍ਰਿਫਤਾਰ

08/08/2019 10:26:13 AM

ਅੰਮ੍ਰਿਤਸਰ (ਸੰਜੀਵ) : ਗੁਰਦੁਆਰਾ ਸਾਹਿਬ 'ਚ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਹਰਜੀਤ ਸਿੰਘ ਵਾਸੀ ਇੰਦੌਰ ਨੂੰ ਅੱਜ ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਇੰਦੌਰ ਦਾ ਰਹਿਣ ਵਾਲਾ ਹੈ ਅਤੇ ਸਥਾਨਕ ਸੁਲਤਾਨਵਿੰਡ ਸਥਿਤ ਇਕ ਬਿਰਧ ਆਸ਼ਰਮ 'ਚ ਕਮਰਾ ਲੈ ਕੇ ਰਹਿ ਰਿਹਾ ਸੀ। ਬੱਚੀ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਦੀ ਵਾਇਰਲ ਵੀਡੀਓ ਹੋਣ ਤੋਂ ਬਾਅਦ ਉਸ ਨੂੰ ਅੱਜ ਉਸ ਸਮੇਂ ਪੁਲਸ ਨੇ ਦਬੋਚ ਲਿਆ, ਜਦੋਂ ਉਹ ਅੰਮ੍ਰਿਤਸਰ ਮਾਲ ਦੇ ਥੀਏਟਰ 'ਚ ਫਿਲਮ ਦੇਖਣ ਬੈਠਾ ਹੋਇਆ ਸੀ। ਥਾਣਾ ਸੀ-ਡਵੀਜ਼ਨ ਦੀ ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।
 

ਇਹ ਹੈ ਮਾਮਲਾ
ਕਰੀਬ 2 ਦਿਨ ਪਹਿਲਾਂ ਹਰਜੀਤ ਸਿੰਘ ਚਾਟੀਵਿੰਡ ਰੋਡ 'ਤੇ ਸਥਿਤ ਇਕ ਗੁਰਦੁਆਰੇ 'ਚ ਮੱਥਾ ਟੇਕਣ ਗਿਆ ਸੀ, ਜਿਥੇ ਉਸ ਨੇ ਇਕ ਬੱਚੀ ਨੂੰ ਬੁਲਾਇਆ, ਜਿਸ ਦੇ ਘਰ ਵਾਲੇ ਉਥੇ ਹੀ ਸੇਵਾ ਕਰ ਰਹੇ ਸਨ, ਜਿਸ ਤੋਂ ਬਾਅਦ ਹਰਜੀਤ ਸਿੰਘ ਨੇ ਉਸ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੂਰਾ ਘਟਨਾਚੱਕਰ ਗੁਰਦੁਆਰੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਿਆ। ਮੁਲਜ਼ਮ ਦੇ ਫਰਾਰ ਹੋ ਜਾਣ ਤੋਂ ਬਾਅਦ ਬੱਚੀ ਦੇ ਘਰ ਵਾਲਿਆਂ ਨੇ ਗੁਰਦੁਆਰੇ ਤੋਂ ਸੀ. ਸੀ. ਟੀ. ਵੀ. ਫੁਟੇਜ ਕਢਵਾਈ ਅਤੇ ਮੁਲਜ਼ਮ ਦੀ ਪਛਾਣ ਲਈ ਉਸ ਨੂੰ ਵਾਇਰਲ ਕਰ ਦਿੱਤਾ। ਅੱਜ ਸਵੇਰੇ ਹਰਜੀਤ ਸਿੰਘ ਜੀ. ਟੀ. ਰੋਡ 'ਤੇ ਖੜ੍ਹਾ ਹੋ ਕੇ ਕਿਸੇ ਵਿਅਕਤੀ ਤੋਂ ਲਿਫਟ ਮੰਗਣ ਲੱਗਾ, ਜਦੋਂ ਉਸ ਵਿਅਕਤੀ ਨੇ ਉਸ ਲਿਫਟ ਦਿੱਤੀ ਅਤੇ ਬਿਠਾ ਕੇ ਆਪਣੇ ਨਾਲ ਲਿਜਾ ਰਿਹਾ ਸੀ ਤਾਂ ਵਾਇਰਲ ਹੋਈ ਵੀਡੀਓ 'ਚ ਮੁਲਜ਼ਮ ਦਾ ਚਿਹਰਾ ਅਤੇ ਉਸ ਨਾਲ ਬੈਠੇ ਵਿਅਕਤੀ ਦਾ ਚਿਹਰਾ ਮੇਲ ਖਾਂਦਾ ਦਿਖਾਈ ਦਿੱਤਾ, ਜਿਸ ਨੇ ਤੁਰੰਤ ਉਸ ਨੂੰ ਪਛਾਣ ਲਿਆ। ਮੁਲਜ਼ਮ ਮਾਲ ਆਫ ਅੰਮ੍ਰਿਤਸਰ ਦੇ ਨੇੜੇ ਉੱਤਰਿਆ ਅਤੇ ਅੰਦਰ ਚਲਾ ਗਿਆ। ਲਿਫਟ ਦੇਣ ਵਾਲੇ ਨੌਜਵਾਨ ਨੇ ਉਸ ਦਾ ਪਿੱਛਾ ਕੀਤਾ ਅਤੇ ਦੇਖਿਆ ਕਿ ਉਹ ਥੀਏਟਰ ਦੀ ਸਕਿਓਰਿਟੀ ਨੂੰ ਵੀ ਚਕਮਾ ਦੇ ਕੇ ਅੰਦਰ ਚਲਾ ਗਿਆ ਅਤੇ ਜਾ ਕੇ ਬੈਠ ਗਿਆ। ਪਛਾਣਨ ਵਾਲੇ ਨੌਜਵਾਨ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ, ਜਿਸ 'ਤੇ ਥਾਣਾ ਮਕਬੂਲਪੁਰਾ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀ ਨੂੰ ਦਬੋਚ ਲਿਆ ਅਤੇ ਉਸ ਨੂੰ ਥਾਣਾ ਸੀ-ਡਵੀਜ਼ਨ ਦੀ ਪੁਲਸ ਹਵਾਲੇ ਕਰ ਦਿੱਤਾ। ਮੁਲਜ਼ਮ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਦੋਸ਼ੀ ਰਿਟਾਇਰਡ ਪ੍ਰੋਫੈਸਰ ਹੈ ਅਤੇ ਇਕ ਬਜ਼ੁਰਗ ਆਸ਼ਰਮ 'ਚ ਰਹਿ ਰਿਹਾ ਹੈ। ਇੰਦੌਰ ਦਾ ਰਹਿਣ ਵਾਲਾ ਹਰਜੀਤ ਸਿੰਘ ਅੰਮ੍ਰਿਤਸਰ 'ਚ ਆ ਕੇ ਕਿਉਂ ਰਹਿ ਰਿਹਾ ਹੈ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਵੀਡੀਓ 'ਚ ਮੁਲਜ਼ਮ ਬੱਚੀ ਨਾਲ ਜੋ ਅਸ਼ਲੀਲ ਹਰਕਤਾਂ ਕਰ ਰਿਹਾ ਹੈ, ਸਬੰਧੀ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।


Baljeet Kaur

Content Editor

Related News