ਵਿਦੇਸ਼ਾਂ ''ਚ ਸਿੱਖਾਂ ''ਤੇ ਨਸਲੀ ਹਮਲੇ ਰੋਕਣ ਲਈ ਠੋਸ ਕਦਮ ਚੁੱਕੇ ਭਾਰਤ ਸਰਕਾਰ : ਭਾਈ ਲੌਂਗੋਵਾਲ

08/19/2018 9:13:48 AM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਿਦੇਸ਼ਾਂ 'ਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਨੂੰ ਰੋਕਣ ਸਬੰਧੀ ਠੋਸ ਕਾਰਵਾਈ ਕਰਨ ਲਈ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖਿਆ ਹੈ। ਭਾਈ ਲੌਂਗੋਵਾਲ ਨੇ ਵਿਦੇਸ਼ ਮੰਤਰੀ ਨੂੰ ਇਹ ਪੱਤਰ ਬੀਤੇ ਕੱਲ ਅਮਰੀਕਾ ਦੇ ਨਿਊਜਰਸੀ 'ਚ ਤਰਲੋਕ ਸਿੰਘ ਨਾਂ ਦੇ ਸਿੱਖ ਦੀ ਹੋਈ ਹੱਤਿਆ ਮਾਮਲੇ ਦੇ ਨਾਲ-ਨਾਲ ਅਮਰੀਕਾ ਵਿਚ ਹੀ ਇਸ ਤੋਂ ਕੁਝ ਦਿਨ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਸਿੱਖਾਂ 'ਤੇ ਹੋ ਰਹੇ ਨਫ਼ਰਤੀ ਹਮਲਿਆਂ ਨੂੰ ਠੱਲ੍ਹਣ ਲਈ ਭਾਰਤ ਦਾ ਵਿਦੇਸ਼ ਮੰਤਰਾਲਾ ਕੋਈ ਠੋਸ ਨੀਤੀ ਬਣਾਵੇ ਤੇ ਅਜਿਹਾ ਕਰਨ ਵਿਚ ਉਸ ਨੂੰ ਦੇਰੀ ਨਾ ਕਰਦਿਆਂ ਤੁਰੰਤ ਹਰਕਤ 'ਚ ਆਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਹੋਰ ਦੁੱਖ ਦੀ ਗੱਲ ਕੀ ਹੋ ਸਕਦੀ ਹੈ ਕਿ ਬੀਤੇ 3 ਹਫ਼ਤਿਆਂ ਵਿਚ ਹੀ ਅਮਰੀਕਾ 'ਚ 3 ਸਿੱਖਾਂ ਨੂੰ ਨਸਲੀ ਵਿਰੋਧ ਦਾ ਸ਼ਿਕਾਰ ਹੋਣਾ ਪਿਆ। ਕੈਲੀਫੋਰਨੀਆ ਵਿਚ 31 ਜੁਲਾਈ ਨੂੰ ਸੁਰਜੀਤ ਸਿੰਘ ਮੱਲ੍ਹੀ ਤੇ ਫਿਰ 6 ਅਗਸਤ ਨੂੰ ਇਸੇ ਹੀ ਇਲਾਕੇ 'ਚ 71 ਸਾਲਾ ਬਜ਼ੁਰਗ ਸਾਹਿਬ ਸਿੰਘ ਦੀ ਕੁੱਟ-ਮਾਰ ਕੀਤੀ ਗਈ। ਇਨ੍ਹਾਂ ਘਟਨਾਵਾਂ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਹੁਣ ਨਿਊਜਰਸੀ ਵਿਚ ਤਰਲੋਕ ਸਿੰਘ ਨਾਂ ਦੇ ਸਿੱਖ ਦੀ ਉਸ ਦੇ ਸਟੋਰ ਅੰਦਰ ਹੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜੇਕਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋਵੇਗਾ ਅਤੇ ਉਹ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨਗੇ।

ਦੇਸ਼ 'ਚ ਸਿੱਖਾਂ ਵਿਰੁੱਧ ਵਾਪਰਦੀਆਂ ਘਟਨਾਵਾਂ ਦਾ ਲਿਆ ਸਖ਼ਤ ਨੋਟਿਸ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ 'ਚ ਸਿੱਖਾਂ ਵਿਰੁੱਧ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲਿਆ ਹੈ। ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵਾਰ-ਵਾਰ ਘੱਟਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਦੁੱਖਦ ਪਹਿਲੂ ਇਹ ਹੈ ਕਿ ਸਰਕਾਰਾਂ ਅਜਿਹੀਆਂ ਘਟਨਾਵਾਂ ਰੋਕਣ ਲਈ ਢੁੱਕਵੇਂ ਕਦਮ ਨਹੀਂ ਚੁੱਕ ਰਹੀਆਂ, ਜਿਸ ਕਰ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਹੌਸਲੇ ਹੋਰ ਵੱਧ ਰਹੇ ਹਨ।
ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਵਾਂ 'ਚ ਹਰਿਆਣਾ ਦੇ ਹਿਸਾਰ ਵਿਖੇ ਸਿੱਖ ਪਰਿਵਾਰ ਅਤੇ ਰਾਜਸਥਾਨ 'ਚ ਬੀਕਾਨੇਰ ਜ਼ਿਲੇ ਦੇ ਖਾਜੂਵਾਲਾ ਕਸਬੇ 'ਚ ਇਕ ਸਿੱਖ ਦੀ ਕੁੱਟ-ਮਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਗਈ। ਆਪਣੇ ਹੀ ਦੇਸ਼ ਅੰਦਰ ਘੱਟਗਿਣਤੀ ਸਿੱਖਾਂ ਨਾਲ ਅਜਿਹਾ ਵਿਤਕਰਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ 'ਚ ਸਿੱਖ ਕੌਮ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।ਦੇਸ਼ ਲਈ ਸਿੱਖਾਂ ਦੇ ਇਸ ਯੋਗਦਾਨ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਹੀ ਦੇਸ਼ 'ਚ ਬੇਗਾਨਿਆਂ ਤੇ ਦੂਜੇ ਦਰਜੇ ਦੇ ਸ਼ਹਿਰੀਆਂ ਵਰਗਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਕਰਨਾ ਮੁਸ਼ਕਿਲ ਹੈ।


Related News