ਸਰਚ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ਨੂੰ ਬੰਨ੍ਹਿਆ
Friday, Jan 31, 2020 - 12:35 PM (IST)
ਅੰਮ੍ਰਿਤਸਰ (ਸੰਜੀਵ) : ਸ਼ਰਾਬ ਵੇਚਣ ਦੀ ਸੂਚਨਾ 'ਤੇ ਘਰ ਦੀ ਸਰਚ ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ਨੂੰ ਬੰਨ੍ਹਣ ਤੋਂ ਬਾਅਦ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚ ਕੇ ਐਕਸਾਈਜ਼ ਅਧਿਕਾਰੀਆਂ ਨੂੰ ਰੈਸਕਿਊ ਕੀਤਾ। ਦੂਜੇ ਪਾਸੇ ਪੀੜਤ ਪਰਿਵਾਰ ਦਾ ਕਹਿਣਾ ਸੀ ਕਿ ਐਕਸਾਈਜ਼ ਵਿਭਾਗ ਬਿਨਾਂ ਕਿਸੇ ਸਰਚ ਵਾਰੰਟ ਦੇ ਉਨ੍ਹਾਂ ਦੇ ਘਰ 'ਚ ਦਾਖਲ ਹੋਇਆ ਅਤੇ ਘਰ ਦਾ ਕੋਨਾ-ਕੋਨਾ ਖੰਗਾਲਿਆ ਪਰ ਉਨ੍ਹਾਂ ਨੂੰ ਕੁਝ ਵੀ ਨਹੀਂ ਮਿਲਿਆ। ਵਿਭਾਗ ਨੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਕਾਰਵਾਈ ਕੀਤੀ। ਫਿਲਹਾਲ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਸਰਕਾਰੀ ਡਿਊਟੀ ਦੌਰਾਨ ਅਧਿਕਾਰੀਆਂ ਨੂੰ ਬੰਨ੍ਹਣ ਅਤੇ ਡਿਊਟੀ 'ਚ ਵਿਘਨ ਪਾਉਣ ਦਾ ਕੇਸ ਦਰਜ ਕਰ ਲਿਆ ਹੈ, ਜਿਸ ਦੀ ਪੁਸ਼ਟੀ ਥਾਣਾ ਮੁਖੀ ਨੇ ਕੀਤੀ।
ਕੀ ਹੈ ਮਾਮਲਾ
ਕੁਝ ਦਿਨ ਪਹਿਲਾਂ ਅਜੀਤ ਨਗਰ ਸਥਿਤ ਹਾਊਸ ਨੰਬਰ 226 ਦੀ ਜਾਂਚ ਦੌਰਾਨ ਐਕਸਾਈਜ਼ ਵਿਭਾਗ ਵੱਲੋਂ 39 ਬੋਤਲਾਂ ਰਿਕਵਰ ਕੀਤੀਆਂ ਗਈਆਂ ਸਨ, ਜਿਸ ਵਿਚ ਘਰ ਦੇ ਮਾਲਕ ਅਮਨ ਭੱਲਾ ਵਿਰੁੱਧ ਐਕਸਾਈਜ਼ ਐਕਟ ਅਧੀਨ ਕੇਸ ਵੀ ਦਰਜ ਕੀਤਾ ਗਿਆ ਸੀ ਅਤੇ ਪਰਿਵਾਰ ਨੂੰ ਅਜਿਹਾ ਅੱਗੇ ਤੋਂ ਨਾ ਕਰਨ ਦੀ ਹਦਾਇਤ ਵੀ ਦਿੱਤੀ ਗਈ ਸੀ। ਅੱਜ ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਉਕਤ ਘਰ 'ਚ ਫਿਰ ਸ਼ਰਾਬ ਵੇਚੀ ਜਾ ਰਹੀ ਹੈ, ਜਿਸ 'ਤੇ ਵਿਭਾਗ ਦਾ ਇਕ ਵੱਡਾ ਅਮਲਾ ਜਾਂਚ ਲਈ ਘਰ ਵਿਚ ਦਾਖਲ ਹੋਇਆ, ਜਦੋਂ ਵਿਭਾਗ ਦੇ ਅਧਿਕਾਰੀ ਘਰ ਦੀ ਜਾਂਚ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਘਰ 'ਚ ਬੰਦ ਕਰ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਥਾਣੇ 'ਚ ਸੂਚਨਾ ਦਿੱਤੀ ਅਤੇ ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਬਾਹਰ ਕੱਢਿਆ। ਦੂਜੇ ਪਾਸੇ ਘਰ ਦੇ ਮਾਲਕ ਅਜੇ ਭੱਲਾ ਦਾ ਕਹਿਣਾ ਹੈ ਕਿ ਉਹ 5 ਭਰਾ ਹਨ ਅਤੇ ਇਕ ਹੀ ਘਰ 'ਚ ਇਕੱਠੇ ਰਹਿੰਦੇ ਹਨ, ਬੇਸ਼ੱਕ ਕੁਝ ਦਿਨ ਪਹਿਲਾਂ ਵਿਭਾਗ ਨੂੰ ਉਨ੍ਹਾਂ ਦੇ ਘਰੋਂ ਸ਼ਰਾਬ ਦੀਆਂ ਬੋਤਲਾਂ ਰਿਕਵਰ ਹੋਈਆਂ ਸਨ ਪਰ ਅੱਜ ਬਿਨਾਂ ਕਿਸੇ ਰਿਕਵਰੀ ਅਤੇ ਸੂਚਨਾ ਦੇ ਫਿਰ ਉਨ੍ਹਾਂ ਦੇ ਘਰ 'ਚ ਰੇਡ ਕੀਤੀ ਗਈ।
ਕੀ ਕਹਿਣਾ ਹੈ ਪੁਲਸ ਦਾ
ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐਕਸਾਈਜ਼ ਵਿਭਾਗ ਦੀ ਟੀਮ ਨੂੰ ਬੰਧਕ ਬਣਾਇਆ ਗਿਆ ਹੈ, ਜਿਸ 'ਤੇ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਟੀਮ ਨੂੰ ਬਾਹਰ ਕੱਢਿਆ ਅਤੇ ਮੁਲਜ਼ਮਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ।