ਸਾਰੇ ਰਾਜਾਂ ਦੇ ਨਸ਼ਾ ਸਮੱਗਲਰਾਂ ਦਾ ਤਿਆਰ ਹੋਵੇਗਾ ਇਕ ਡਾਟਾਬੇਸ : ਡੀ. ਜੀ. ਪੀ

09/12/2019 11:18:36 AM

ਅੰਮ੍ਰਿਤਸਰ (ਸੰਜੀਵ) : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸੁਰੱਖਿਆ ਦਲ ਹੁਣ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨਾਲ ਤਾਲ-ਮੇਲ ਬਿਠਾ ਕੇ ਨਸ਼ਾ ਸਮੱਗਲਰਾਂ ਵਿਰੁੱਧ ਸਾਂਝੇ ਤੌਰ 'ਤੇ ਲੜਾਈ ਲੜਨ ਜਾ ਰਹੇ ਹਨ। ਸਾਰੇ ਰਾਜਾਂ 'ਚ ਫੈਲੇ ਨਸ਼ਾ ਸਮੱਗਲਰਾਂ ਦਾ ਇਕ ਸਾਂਝਾ ਡਾਟਾਬੇਸ ਤਿਆਰ ਕਰ ਕੇ ਉਨ੍ਹਾਂ ਨਾਲ ਇਕੱਠੇ ਲੜਾਈ ਲੜੀ ਜਾਵੇਗੀ। ਇਹ ਕਹਿਣਾ ਸੀ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਦਾ, ਜੋ ਅੱਜ ਬੀ. ਐੱਸ. ਐੱਫ. ਹੈੱਡ ਕੁਆਰਟਰ 'ਚ ਕੇਂਦਰੀ ਏਜੰਸੀਆਂ ਤੇ ਹੋਰ ਰਾਜਾਂ ਦੇ ਅਧਿਕਾਰੀਆਂ ਨਾਲ ਡਰੱਗ ਮਾਫੀਆ 'ਤੇ ਤਿਆਰ ਕੀਤੀ ਜਾ ਰਹੀ ਰਣਨੀਤੀ ਵਿਚ ਹਿੱਸਾ ਲੈਣ ਆਏ ਹੋਏ ਸਨ।

ਮੀਟਿੰਗ ਉਪਰੰਤ ਡੀ. ਜੀ. ਪੀ. ਨੇ ਜਗ ਬਾਣੀ ਨਾਲ ਕੀਤੀ ਇਕ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਹੁਣ ਪੰਜਾਬ ਪੁਲਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਸੰਯੁਕਤ ਰੂਪ ਨਾਲ ਰਾਜ 'ਚ ਨਸ਼ਾ ਸਮੱਗਲਰਾਂ ਵਿਰੁੱਧ ਸਖਤ ਅਭਿਆਨ ਛੇੜਨ ਜਾ ਰਹੇ ਹਨ। ਉਨ੍ਹਾਂ ਸਰਹੱਦ ਪਾਰ ਪਾਕਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਬਾਰੇ ਕਿਹਾ ਕਿ ਜਿਸ ਤਰ੍ਹਾਂ ਸਮੱਗਲਰ ਆਪਣਾ ਰੂਟ ਬਦਲ ਕੇ ਜੇ. ਐਂਡ ਕੇ. ਅਤੇ ਦਿੱਲੀ ਵੱਲ ਹੋ ਰਹੇ ਹਨ ਤੇ ਐੱਲ. ਓ. ਸੀ. ਵੱਲੋਂ ਆਉਣ ਵਾਲੇ ਨਸ਼ੇ 'ਚ ਅਫਗਾਨ ਅਤੇ ਵਿਦੇਸ਼ੀ ਕੋਰੀਅਰ ਦਾ ਇਸਤੇਮਾਲ ਹੋ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਪੁਲਸ ਵੀ ਆਪਣੀ ਰਣਨੀਤੀ ਤਿਆਰ ਕਰ ਕੇ ਇਨ੍ਹਾਂ ਰੂਟਾਂ 'ਤੇ ਸਖਤ ਪਹਿਰਾ ਬਿਠਾਉਣ ਜਾ ਰਹੀ ਹੈ। ਸੋਸ਼ਲ ਮੀਡੀਆ ਬਾਰੇ ਉਨ੍ਹਾਂ ਕਿਹਾ ਕਿ ਇਸ 'ਤੇ ਆਉਣ ਵਾਲੀਆਂ ਸੂਚਨਾਵਾਂ ਕਈ ਵਾਰ ਪਬਲਿਕ ਨੂੰ ਗੁੰਮਰਾਹ ਵੀ ਕਰਦੀਆਂ ਹਨ ਪਰ ਕਈ ਵਾਰ ਇਸ ਦਾ ਫਾਇਦਾ ਵੀ ਮਿਲਦਾ ਹੈ। ਜੇਲਾਂ ਤੋਂ ਚੱਲ ਰਹੀ ਨਸ਼ਾ ਸਮੱਗਲਿੰਗ 'ਤੇ ਉਨ੍ਹਾਂ ਕਿਹਾ ਕਿ ਬਹੁਤ ਛੇਤੀ ਜੇਲਾਂ 'ਚ ਬੈਠੇ ਹਰ ਸਮੱਗਲਰ ਦਾ ਇਕ ਵੱਖ ਡਾਟਾ ਤਿਆਰ ਕੀਤਾ ਜਾਵੇਗਾ ਅਤੇ ਅੰਦਰੋਂ ਆਪ੍ਰੇਟ ਕਰਨ ਵਾਲਿਆਂ 'ਤੇ ਵੀ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਦਿੱਤਾ ਜਾਵੇਗਾ।

ਐੱਨ. ਸੀ. ਬੀ. ਅਤੇ ਪੰਜਾਬ ਪੁਲਸ ਸਾਂਝੇ ਤੌਰ 'ਤੇ ਕਰੇਗੀ ਟ੍ਰੇਨਿੰਗ ਤੇ ਇਨਵੈਸਟੀਗੇਸ਼ਨ ਕੋਰਸ
ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਬਹੁਤ ਛੇਤੀ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਪੰਜਾਬ ਪੁਲਸ ਦੇ ਅਧਿਕਾਰੀ ਸਾਂਝੇ ਤੌਰ 'ਤੇ ਟ੍ਰੇਨਿੰਗ ਲੈਣ ਜਾ ਰਹੇ ਹਨ, ਜਿਸ ਵਿਚ ਸਮੱਗਲਰਾਂ ਵਿਰੁੱਧ ਲੜਾਈ ਲੜਨ ਦੇ ਨਾਲ-ਨਾਲ ਜਾਂਚ ਕਰਨ ਦੇ ਵੀ ਵੱਖ ਕੋਰਸ ਕਰਵਾਏ ਜਾਣਗੇ। ਪੰਜਾਬ 'ਚ ਸਪੈਸ਼ਲ ਟਾਸਕ ਫੋਰਸ ਨੂੰ ਮਜ਼ਬੂਤ ਕਰਨ ਲਈ ਇਸ ਵਿਚ ਜਾਂਬਾਜ਼ ਅਧਿਕਾਰੀਆਂ ਨੂੰ ਜੋੜਿਆ ਜਾਵੇਗਾ। ਐੱਸ. ਟੀ. ਐੱਫ. ਨੂੰ ਲੋੜ ਅਨੁਸਾਰ ਨਫਰੀ ਦਿੱਤੀ ਜਾਵੇਗੀ ਤਾਂ ਕਿ ਉਹ ਪੰਜਾਬ ਭਰ 'ਚ ਸਮੱਗਲਰਾਂ ਵਿਰੁੱਧ ਛੇੜੀ ਗਈ ਜੰਗ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਸਕੇ। ਐੱਨ. ਸੀ. ਬੀ ਅਤੇ ਪੰਜਾਬ ਪੁਲਸ ਵੱਲੋਂ ਜਲੰਧਰ 'ਚ ਕੀਤੇ ਇਕ ਸੰਯੁਕਤ ਆਪ੍ਰੇਸ਼ਨ 'ਤੇ ਡੀ. ਜੀ. ਪੀ. ਨੇ ਦੱਸਿਆ ਕਿ ਪੰਜਾਬ 'ਚ ਆਉਣ ਵਾਲੇ ਕੋਕੀਨ ਅਤੇ ਹਸ਼ੀਸ਼ ਜਿਹੇ ਨਸ਼ਿਆਂ 'ਤੇ ਵੀ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਹਾਲ ਹੀ 'ਚ ਜਲੰਧਰ ਤੋਂ 2 ਸਮੱਗਲਰਾਂ ਨੂੰ ਐੱਨ. ਸੀ. ਬੀ. ਅਤੇ ਪੰਜਾਬ ਪੁਲਸ ਨੇ ਗ੍ਰਿਫਤਾਰ ਕਰ ਕੇ ਨਸ਼ੇ ਵਾਲਾ ਪਦਾਰਥ ਫੜਿਆ ਸੀ। ਪੰਜਾਬ ਦੀ ਸੁਰੱਖਿਆ ਏਜੰਸੀ ਕਾਊਂਟਰ ਇੰਟੈਲੀਜੈਂਸ ਵੱਲੋਂ ਸੂਬੇ 'ਚ ਲਗਾਤਾਰ ਆਪ੍ਰੇਸ਼ਨ ਕਰ ਕੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਸੀ. ਆਈ. ਵੱਲੋਂ ਕਪੂਰਥਲਾ ਅਤੇ ਹੋਰ ਰਾਜਾਂ 'ਚ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਨਾਰਕੋਟਿਕਸ ਕੰਟਰੋਲ ਬਿਊਰੋ, ਕਸਟਮ, ਬੀ. ਐੱਸ. ਐੱਫ. ਤੇ ਹੋਰ ਅਧਿਕਾਰੀਆਂ ਨਾਲ ਹੋਈ ਅੱਜ ਦੀ ਮੀਟਿੰਗ 'ਚ ਜਿਥੇ ਰਾਜਾਂ ਦਾ ਇਕ ਸਾਂਝਾ ਡਾਟਾਬੇਸ ਤਿਆਰ ਕਰਨ 'ਤੇ ਸਹਿਮਤੀ ਹੋਈ, ਉਥੇ ਹੀ ਪੰਜਾਬ ਨਾਲ ਲੱਗਣ ਵਾਲੇ ਹੋਰ ਰਾਜਾਂ ਦੀਆਂ ਸੀਮਾਵਾਂ 'ਤੇ ਸੰਯੁਕਤ ਆਪ੍ਰੇਸ਼ਨ ਕਰਨ 'ਤੇ ਵੀ ਸਹਿਮਤੀ ਬਣੀ ਹੈ। ਤਿਉਹਾਰਾਂ 'ਤੇ ਸੁਰੱਖਿਆ ਸਬੰਧੀ ਪੁੱਛੇ ਗਏ ਸਵਾਲ 'ਤੇ ਉਨ੍ਹਾਂਂ ਕਿਹਾ ਕਿ ਪੰਜਾਬ ਦੀ ਸੁਰੱਖਿਆ ਨੂੰ ਪੁਖਤਾ ਬਣਾਉਣ ਲਈ ਸਾਰੇ ਜ਼ਿਲਿਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ, ਹਰ ਜ਼ਿਲੇ ਨੂੰ ਐਕਸਟਰਾ ਪੁਲਸ ਬਲ ਵੀ ਮੁਹੱਈਆ ਕਰਵਾਇਆ ਗਿਆ ਹੈ।

ਇਹ ਅਧਿਕਾਰੀ ਸਨ ਮੌਜੂਦ–
- ਰਾਕੇਸ਼ ਅਸਥਾਨਾ, ਡਾਇਰੈਕਟਰ ਜਨਰਲ ਐੱਨ. ਸੀ. ਬੀ।
- ਐੱਸ. ਪਵਾਰ, ਐਡੀਸ਼ਨਲ ਡਾਇਰੈਕਟਰ ਜਨਰਲ ਬੀ. ਐੱਸ. ਐੱਫ।
- ਐੱਸ. ਕੇ. ਝਾਅ, ਡਿਪਟੀ ਡਾਇਰੈਕਟਰ ਜਨਰਲ ਐੱਨ. ਸੀ. ਬੀ।
- ਮਹੀਪਾਲ ਯਾਦਵ, ਆਈ. ਜੀ. ਬੀ. ਐੱਸ. ਐੱਫ.।
- ਹਰਪ੍ਰੀਤ ਸਿੰਘ ਸਿੱਧੂ, ਵਧੀਕ ਡਾਇਰੈਕਟਰ ਜਨਰਲ ਐੱਸ. ਟੀ. ਐੱਫ.।
- ਚੰਦਰ ਸ਼ੇਖਰ, ਵਧੀਕ ਡਾਇਰੈਕਟਰ ਜਨਰਲ ਡੀ. ਆਰ. ਆਈ.।
- ਮਨਮੋਹਨ ਸਿੰਘ, ਵਧੀਕ ਡਾਇਰੈਕਟਰ ਆਈ. ਜੀ.।
- ਦੀਪਕ ਕੁਮਾਰ ਗੁਪਤਾ, ਕਮਿਸ਼ਨਰ ਕਸਟਮ।
- ਅਸ਼ੋਕ ਗੌਤਮ, ਜੁਆਇੰਟ ਡਾਇਰੈਕਟਰ ਈ. ਡੀ.।
- ਰੁਚਿਕਾ ਜੈਨ, ਜੁਆਇੰਟ ਡਾਇਰੈਕਟਰ ਆਈ. ਡੀ.।
- ਸੰਜੇ ਸ਼੍ਰੀਨੰਤ, ਈ. ਡੀ. ਚੰਡੀਗੜ੍ਹ।
- ਬਰਿੰਦਰ ਕੁਮਾਰ, ਜ਼ੋਨਲ ਡਾਇਰੈਕਟਰ ਐੱਨ. ਸੀ. ਬੀ.।
- ਆਰ. ਦੁੱਗਲ, ਏ. ਸੀ. ਐੱਸ. ਆਈ. ਜੀ.।
- ਧਰਮਵੀਰ ਯਾਦਵ ਕਮਾਂਡੈਂਟ ਸੀ. ਆਈ. ਐੱਸ. ਐੱਫ.।
- ਮੋਹਿੰਦਰਜੀਤ ਸਿੰਘ, ਅਸਿਸਟੈਂਟ ਡਾਇਰੈਕਟਰ ਐੱਨ. ਸੀ. ਬੀ.।
- ਬੀ. ਐੱਲ. ਯਾਦਵ, ਅਸਿਸਟੈਂਟ ਡਾਇਰੈਕਟਰ ਐੱਨ. ਸੀ. ਬੀ.।
- ਕੇ. ਪੀ. ਤ੍ਰਿਪਾਠੀ, ਸੁਪਰਡੈਂਟ ਐੱਨ. ਸੀ. ਬੀ.।
- ਸਚਿਨ ਗੁਲੇਰੀਆ ਸੁਪਰਡੈਂਟ ਐੱਨ. ਸੀ. ਬੀ.।


Baljeet Kaur

Content Editor

Related News