ਡੋਪ ਟੈਸਟ ''ਚ ਪਾਸ ਹੋਣ ਲਈ ਨਸ਼ੇੜੀ ਕਰਨ ਲੱਗੇ ''ਪੁੱਠੇ ਕੰਮ''
Wednesday, Apr 03, 2019 - 03:41 PM (IST)
ਅੰਮ੍ਰਿਤਸਰ (ਦਲਜੀਤ) : ਡੋਪ ਟੈਸਟ 'ਚ ਪਾਸ ਹੋਣ ਲਈ ਹੁਣ ਨਸ਼ੇੜੀ ਗਲਤ ਢੰਗ ਅਪਨਾਉਣ ਲੱਗ ਪਏ ਹਨ। ਸਿਵਲ ਹਸਪਤਾਲ 'ਚ ਅੱਜ ਡੋਪ ਟੈਸਟ ਕਰਵਾਉਣ ਆਏ ਨਸ਼ੇ ਦੇ ਆਦੀ ਵਿਅਕਤੀ ਨੇ ਖੂਬ ਹੰਗਾਮਾ ਕੀਤਾ, ਜਿਸ ਨੇ ਆਪਣੇ ਰਿਸ਼ਤੇਦਾਰ ਦਾ ਪਿਸ਼ਾਬ ਟੈਸਟ ਕਰਨ ਲਈ ਲੈਬਾਰਟਰੀ ਵਿਚ ਦੇ ਦਿੱਤਾ। ਲੈਬਾਰਟਰੀ ਦੇ ਟੈਕਨੀਸ਼ੀਅਨ ਨੇ ਜਦੋਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਸਥਿਤੀ ਸਪੱਸ਼ਟ ਕੀਤੀ ਤਾਂ ਰਿਸ਼ਤੇਦਾਰ ਮੌਕੇ ਤੋਂ ਭੱਜ ਗਿਆ ਤੇ ਨਸ਼ੇੜੀ ਕਾਬੂ ਆ ਗਿਆ। ਹਸਪਤਾਲ 'ਚ ਹੋਏ ਡੋਪ ਟੈਸਟ 'ਚ ਉਕਤ ਵਿਅਕਤੀ ਫੇਲ ਹੋ ਗਿਆ ਤੇ ਉਸ ਦੇ ਟੈਸਟ 'ਚ ਅਫੀਮ ਦੀ ਮਾਤਰਾ ਆਈ। ਹਸਪਤਾਲ ਪ੍ਰਸ਼ਾਸਨ ਨੇ ਧੋਖਾਦੇਹੀ ਕਰਨ ਦੇ ਦੋਸ਼ 'ਚ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਡੋਪ ਟੈਸਟ ਕਰਨ ਲਈ ਅਸਲਾਧਾਰਕਾਂ ਦਾ ਸਰਕਾਰੀ ਮੁਲਾਜ਼ਮ ਦੇ ਸਾਹਮਣੇ ਬਾਥਰੂਮ ਵਿਚ ਪਿਸ਼ਾਬ ਦਾ ਸੈਂਪਲ ਲਿਆ ਜਾਂਦਾ ਹੈ। ਹਸਪਤਾਲ 'ਚ ਅੱਜ ਇਕ ਵਿਅਕਤੀ ਆਧਾਰ ਕਾਰਡ ਤੇ ਪਿਸ਼ਾਬ ਦਾ ਸੈਂਪਲ ਲੈ ਕੇ ਡੋਪ ਟੈਸਟ ਕਰਵਾਉਣ ਲਈ ਲੈਬਾਰਟਰੀ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਕੋਲ ਆਇਆ, ਜਦੋਂ ਉਸ ਨੇ ਆਧਾਰ ਕਾਰਡ ਤੇ ਮੌਜੂਦਾ ਵਿਅਕਤੀ ਦੀ ਸ਼ਕਲ ਦੇਖੀ ਤਾਂ ਉਹ ਮੇਲ ਨਹੀਂ ਖਾ ਰਹੀ ਸੀ, ਸ਼ਰਮਾ ਨੇ ਇਸ ਸਬੰਧੀ ਜਦੋਂ ਉਸ ਤੋਂ ਪੁੱਛ-ਪੜਤਾਲ ਕੀਤੀ ਤਾਂ ਉਹ ਹੱਥ ਛੁਡਾ ਕੇ ਭੱਜ ਗਿਆ ਪਰ ਲੈਬਾਰਟਰੀ ਦੇ ਬਾਹਰ ਖੜ੍ਹਾ ਆਧਾਰ ਕਾਰਡ ਦੀ ਪਛਾਣ ਵਾਲਾ ਵਿਅਕਤੀ ਕਾਬੂ ਆ ਗਿਆ। ਹਸਪਤਾਲ ਪ੍ਰਸ਼ਾਸਨ ਨੇ ਜਦੋਂ ਆਧਾਰ ਕਾਰਡ ਵਾਲੇ ਵਿਅਕਤੀ ਦਾ ਟੈਸਟ ਕਰਵਾਇਆ ਤਾਂ ਉਸ ਵਿਚ ਅਫੀਮ ਦੀ ਮਾਤਰਾ ਆਈ। ਸਿਵਲ ਹਸਪਤਾਲ ਦੇ ਇੰਚਾਰਜ ਡਾ. ਚਰਨਜੀਤ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ, ਡੋਪ ਟੈਸਟ 'ਚ ਕੋਈ ਧੋਖਾਦੇਹੀ ਨਹੀਂ ਹੋਣ ਦਿੱਤੀ ਜਾ ਰਹੀ, ਸਖਤੀ ਨਾਲ ਇਹ ਟੈਸਟ ਕਰਵਾਇਆ ਜਾ ਰਿਹਾ ਹੈ, ਜਿਹੜੇ ਲੋਕ ਹਸਪਤਾਲ ਪ੍ਰਸ਼ਾਸਨ ਨੂੰ ਗੁੰਮਰਾਹ ਕਰਨਗੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
