ਚੋਣ ਰੰਜਿਸ਼ ਕਾਰਨ ਹੋਏ ਹਮਲੇ ''ਚ ਜ਼ਖਮੀ ਡੈਮੋਕ੍ਰੇਟਿਕ ਪਾਰਟੀ ਦੇ ਵਰਕਰ ਦੀ ਮੌਤ
Wednesday, May 22, 2019 - 11:31 AM (IST)

ਅੰਮ੍ਰਿਤਸਰ/ਗੁਰੂ ਕਾ ਬਾਗ (ਅਰੁਣ/ਭੱਟੀ/ਨਿਰਵੈਲ) : ਥਾਣਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਜਗਦੇਵ ਕਲਾਂ 'ਚ 17 ਮਈ ਦੀ ਰਾਤ ਚੋਣ ਰੰਜਿਸ਼ ਕਾਰਨ ਹੋਏ ਹਮਲੇ 'ਚ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਦੇ ਵਰਕਰ ਬੁੱਧ ਸਿੰਘ ਦੀ ਬੀਤੇ ਕੱਲ ਇਲਾਜ ਦੌਰਾਨ ਸਰਕਾਰੀ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਵਲੋਂ ਮੌਤ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਗਏ ਬਿਆਨ ਦੇ ਆਧਾਰ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਆਮ ਆਦਮੀ ਪਾਰਟੀ ਨਾਲ ਸਬੰਧਤ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਕੀਤੀ ਸ਼ਿਕਾਇਤ 'ਚ ਜਗਦੇਵ ਕਲਾਂ ਵਾਸੀ ਸਿਮਰਨ ਸਿੰਘ ਨੇ ਦੱਸਿਆ ਕਿ 17 ਮਈ ਨੂੰ ਉਸ ਦਾ ਪਿਤਾ ਰਾਤ ਕਰੀਬ 9:30 ਵਜੇ ਮੋਟਰਸਾਈਕਲ ਲੈ ਕੇ ਗਿਆ ਸੀ ਪਰ ਕਾਫੀ ਸਮਾਂ ਬੀਤ ਜਾਣ 'ਤੇ ਵੀ ਉਹ ਵਾਪਸ ਨਹੀਂ ਪਰਤਿਆ। 11 ਵਜੇ ਦੇ ਕਰੀਬ ਪਿਤਾ ਦੇ ਮੋਬਾਇਲ 'ਤੇ ਫੋਨ ਕਰਨ 'ਤੇ ਉਨ੍ਹਾਂ ਦੱਸਿਆ ਕਿ ਕੁਝ ਵਿਅਕਤੀਆਂ ਨੇ ਸੱਟਾਂ ਮਾਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਮੌਕੇ 'ਤੇ ਪੁੱਜ ਕੇ ਉਨ੍ਹਾਂ ਨੂੰ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ 20 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਉਸ ਦੇ ਪਿਤਾ ਨੇ ਦੱਸਿਆ ਸੀ ਕਿ 17 ਮਈ ਦੀ ਰਾਤ ਚੋਣ ਰੰਜਿਸ਼ ਕਾਰਨ ਪਿੰਡ ਵਾਸੀ ਲਾਡੀ ਪੁੱਤਰ ਸਵਰਨ ਸਿੰਘ, ਰੇਸ਼ਮ ਸਿੰਘ ਗੋਰਾ ਪੁੱਤਰ ਬੱਬਾ ਸਿੰਘ, ਪਿੰਕਾ ਪੁੱਤਰ ਹਰਜੀਤ ਸਿੰਘ ਅਤੇ ਨੰਗਲੀ ਵਾਸੀ ਪੰਮਾ ਨੇ ਹਮਲਾ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ। ਪੁਲਸ ਨੇ ਧਾਰਾ 304-34 ਆਈ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਲਾਡੀ, ਰੇਸ਼ਮ ਸਿੰਘ ਪਿੰਕਾ ਵਾਸੀ ਜਗਦੇਵ ਕਲਾਂ ਅਤੇ ਪੰਮਾ ਵਾਸੀ ਨੰਗਲੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਕਰ ਰਹੀ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ : ਥਾਣਾ ਮੁਖੀ
ਥਾਣਾ ਰਾਜਾਸਾਂਸੀ ਮੁਖੀ ਇੰਸਪੈਕਟਰ ਭਾਰਤ ਭੂਸ਼ਣ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦਰਜ ਇਸ ਮਾਮਲੇ ਦੀ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਦੋਸ਼ੀ ਪਾਏ ਜਾਣ ਵਾਲੇ ਸਾਰੇ ਮੁਲਜ਼ਮਾਂ ਨੂੰ ਬਿਨਾਂ ਦੇਰੀ ਗ੍ਰਿਫਤਾਰ ਕੀਤਾ ਜਾਵੇਗਾ।