ਹਥਿਆਰਾਂ ਦੇ ਜ਼ੋਰ ''ਤੇ ਧੀ ਦੇ ਪ੍ਰੇਮੀ ਨੂੰ ਕੀਤਾ ਅਗਵਾ
Friday, Sep 20, 2019 - 03:13 PM (IST)

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਪਿੰਡ ਭੰਗਵਾਂ 'ਚ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਇਕ ਘਰ 'ਤੇ ਹਮਲਾ ਕਰ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਨਾ ਸਿਰਫ ਘਰ 'ਚ ਭੰਨਤੋੜ ਕੀਤੀ ਸਗੋਂ ਘਰ 'ਚ ਬੱਝੇ ਕੁੱਤੇ ਨੂੰ ਵੀ ਜ਼ਖ਼ਮੀ ਕਰ ਦਿੱਤਾ। ਹਮਲੇ ਦਾ ਕਾਰਣ ਲੜਕੇ ਦੇ ਪ੍ਰੇਮ ਸੰਬੰਧ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪਰਿਵਾਰ ਦੇ ਲੜਕੇ ਬਲਜਿੰਦਰ ਸਿੰਘ ਲਵਲੀ ਦੇ ਕਿਸੇ ਲੜਕੀ ਨਾਲ ਪ੍ਰੇਮ ਸੰਬੰਧ ਸਨ ਅਤੇ ਪਿਛਲੇ 1-ਡੇਢ ਮਹੀਨੇ ਤੋਂ ਦੋਵੇਂ ਕੁੜੀ ਮੁੰਡਾ ਇਕੱਠੇ ਰਹੇ ਸਨ। ਲੜਕੇ ਦੇ ਪਰਿਵਾਰ ਮੁਤਾਬਕ ਇਸ ਮਾਮਲੇ 'ਚ ਰਾਜ਼ੀਨਾਮਾ ਵੀ ਹੋ ਗਿਆ ਸੀ ਪਰ ਹੁਣ ਕੁੜੀ ਵਾਲਿਆਂ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।
ਦੂਜੇ ਪਾਸੇ ਪੁਲਸ ਨੇ ਪੀੜਤ ਪਰਿਵਾਰ ਦੇ ਬਿਆਨਾਂ 'ਤੇ ਕੁੜੀ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇ ਮਾਰੇ ਜਾ ਰਹੇ ਹਨ।