ਦਲ ਖਾਲਸਾ ਨੇ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਦਾ ਕੀਤਾ ਫੈਸਲਾ

Saturday, May 04, 2019 - 11:03 AM (IST)

ਦਲ ਖਾਲਸਾ ਨੇ ਲੋਕ ਸਭਾ ਚੋਣਾਂ ਤੋਂ ਦੂਰ ਰਹਿਣ ਦਾ ਕੀਤਾ ਫੈਸਲਾ

ਅੰਮ੍ਰਿਤਸਰ : ਸਿੱਖ ਜਥੇਬੰਦੀ ਦਲ ਖਾਲਸਾ ਨੇ ਆਪਣਾ ਨੀਤੀ ਪੱਤਰ ਜਾਰੀ ਕਰਦਿਆਂ ਇਨ੍ਹਾਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣਾਂ ਸਵੈ-ਨਿਰਣੈ ਦੇ ਹੱਕ ਤੋਂ ਬਿਨ੍ਹਾਂ ਬੇਮਾਇਨੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਇਥੇ ਜਥੇਬੰਦੀ ਦੇ ਪ੍ਰਧਾਨ ਹਰਪਾਲ ਹਰਪਾਲ ਸਿੰਘ, ਕੰਵਰਪਾਲ ਸਿੰਘ, ਪਰਮਜੀਤ ਸਿੰਘ ਟਾਂਡਾ ਤੇ ਸਿੱਖ ਯੂਥ ਆਫ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਜਥੇਬੰਦੀ ਨੇ ਇਨ੍ਹਾਂ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਸੂਬੇ 'ਚ ਵੱਸਦੇ ਸਿੱਖ ਭਾਈਚਾਰੇ ਨੂੰ ਕਿਹਾ ਕਿ ਜਿਹੜੇ ਸਿੱਖ ਅਕਾਲੀ ਭਾਜਪਾ ਗੱਠਜੋੜ ਜਾਂ ਕਾਂਗਰਸ ਨੂੰ ਵੋਟਾਂ ਪਾਉਣ ਦਾ ਮਨ ਬਣਾ ਚੁੱਕੇ ਹਨ, ਉਹ 1984 ਤੋਂ ਪਹਿਲਾਂ ਤੇ ਬਾਅਦ ਇਨ੍ਹਾਂ ਪਾਰਟੀਆਂ ਵਲੋਂ ਸੱਤਾ 'ਚ ਆ ਕੇ ਕੀਤੇ ਗਏ ਜ਼ੁਲਮਾ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਨਸ਼ਾ ਤਸਕਰਾਂ ਦੀ ਕੀਤੀ ਪੁਸ਼ਤ-ਪਨਾਹੀ ਤੇ ਦਾਗੀ ਤੇ ਦੋਸ਼ੀ ਪੁਲਸ ਅਫਸਰਾਂ ਦਾ ਪੱਖ ਪੂਰਨ ਦੇ ਮਾਮਲੇ ਯਾਦ ਰੱਖਣ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਪੰਜ ਸਾਲਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ 'ਚ ਘੱਟ ਗਿਣਤੀਆਂ ਨਾਲ ਵਿੱਤਕਰਾ ਕੀਤਾ ਗਿਆ ਹੈ। ਉਨ੍ਹਾਂ ਭਾਵੇ ਖੁਦ ਚੋਣਾਂ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਪਰ ਚੋਣ ਮੈਦਾਨ 'ਚ ਨਿੱਤਰੇ ਸਿਮਰਨਜੀਤ ਸਿੰਘ ਮਾਨ, ਪਰਮਜੀਤ ਕੌਰ ਖਾਲੜਾ ਤੇ ਡਾ. ਧਰਮਵੀਰ ਗਾਂਧੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਾਰਟੀ ਪ੍ਰਧਾਨ ਨੇ ਕਿਹਾ ਕਿ ਦਲ ਖਾਲਸਾ ਦਾ ਨਿਸ਼ਾਨਾ ਪ੍ਰਭੂਸੱਤਾ ਸੰਪਨ ਰਾਜ ਹੈ, ਜਿਸ ਦੀ ਪ੍ਰਾਪਤੀ ਲਈ ਜਥੇਬੰਦੀ ਕਈ ਵਰ੍ਹਿਆ ਤੋਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਵੈ-ਨਿਰਣੈ ਦੇ ਹੱਕ ਦੇ ਏਜੰਡੇ ਤਹਿਤ ਹੀ ਸਿੱਖਾਂ ਨੂੰ ਚੋਣਾਂ 'ਚ ਹਿੱਸਾ ਲੈਣਾ ਚਾਹੀਦਾ ਹੈ। 


author

Baljeet Kaur

Content Editor

Related News