ਕੋਰਟ ਕੰਪਲੈਕਸ ਦੀ ਪਾਰਕਿੰਗ ''ਚ ਖੜ੍ਹੀ ਸਕਾਰਪੀਓ ਸੜੀ

01/01/2020 10:37:59 AM

ਅੰਮ੍ਰਿਤਸਰ (ਸੰਜੀਵ) : ਕੋਰਟ ਕੰਪਲੈਕਸ ਦੀ ਪਾਰਕਿੰਗ 'ਚ ਖੜ੍ਹੀ ਸਕਾਰਪੀਓ ਨੰ. ਪੀ ਬੀ 02 ਏ ਐੱਨ 0700 ਨੂੰ ਅਚਾਨਕ ਅੱਗ ਲੱਗ ਗਈ, ਜਦੋਂ ਤੱਕ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਂਦੀਆਂ, ਪੂਰੀ ਗੱਡੀ ਸੜ ਕੇ ਲੋਹੇ ਦੇ ਢਾਂਚੇ 'ਚ ਤਬਦੀਲ ਹੋ ਚੁੱਕੀ ਸੀ। ਗੱਡੀ ਦੇ ਮਾਲਕ ਕੁਲਵਿੰਦਰ ਸਿੰਘ ਵਾਸੀ ਕੋਟਮਿੱਤ ਸਿੰਘ ਤਰਨਤਾਰਨ ਰੋਡ ਨੇ ਹੋਏ ਨੁਕਸਾਨ ਦਾ ਪਾਰਕਿੰਗ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਉਨ੍ਹਾਂ ਵਿਰੁੱਧ ਚੌਕੀ ਕੋਰਟ ਕੰੰਪਲੈਕਸ ਦੇ ਇੰਚਾਰਜ ਏ. ਐੱਸ. ਆਈ. ਅਸ਼ਵਨੀ ਕੁਮਾਰ ਨੂੰ ਇਸ ਬਾਰੇ ਲਿਖਤੀ ਸ਼ਿਕਾਇਤ ਦੇ ਕੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ।

ਗੱਡੀ ਦੇ ਮਾਲਕ ਨੇ ਦੱਸਿਆ ਕਿ ਉਹ 3 ਵਜੇ ਦੇ ਕਰੀਬ ਆਪਣੇ ਭਰਾ ਮਲਕੀਤ ਸਿੰਘ ਨਾਲ ਸਕਾਰਪੀਓ 'ਚ ਜ਼ਿਲਾ ਕਚਹਿਰੀ ਰਜਿਸਟਰੀ ਕਰਵਾਉਣ ਆਇਆ ਸੀ। ਉਹ ਆਪਣੀ ਗੱਡੀ ਨੂੰ ਕੋਰਟ ਕੰਪਲੈਕਸ ਦੇ ਬਾਹਰ ਬਣੀ ਪਾਰਕਿੰਗ 'ਚ ਲਾ ਕੇ ਪਾਰਕਿੰਗ ਸਲਿਪ ਲੈ ਕੇ ਅੰਦਰ ਚਲਾ ਗਿਆ, ਜਿਥੇ ਉਸ ਨੇ ਆਪਣੀ ਪਲਾਟ ਦੀ ਰਜਿਸਟਰੀ ਕਰਵਾਉਣੀ ਸੀ। ਉਹ ਤਹਿਸੀਲਦਾਰ ਦਫ਼ਤਰ 'ਚ ਖੜ੍ਹਾ ਸੀ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੀ ਗੱਡੀ ਨੂੰ ਅੱਗ ਲੱਗ ਗਈ ਹੈ। ਉਹ ਬਾਹਰ ਆਇਆ ਅਤੇ ਉਸ ਨੇ ਦੇਖਿਆ ਕਿ ਉਸ ਦੀ ਗੱਡੀ ਬੁਰੀ ਤਰ੍ਹਾਂ ਸੜ ਰਹੀ ਸੀ। ਗੱਡੀ ਦਾ ਨੁਕਸਾਨ ਪਾਰਕਿੰਗ ਵਾਲਿਆਂ ਦੀ ਅਣਦੇਖੀ ਕਾਰਣ ਹੋਇਆ। ਉਹ ਆਪਣੀ ਗੱਡੀ ਉਨ੍ਹਾਂ ਦੇ ਹਵਾਲੇ ਕਰ ਕੇ ਪਾਰਕਿੰਗ ਸਲਿਪ ਲੈ ਕੇ ਗਿਆ ਸੀ, ਇਸ ਤੋਂ ਬਾਅਦ ਪਾਰਕਿੰਗ ਮਾਲਕ ਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਉਸ ਦਾ ਧਿਆਨ ਰੱਖੇ। ਜੇਕਰ ਗੱਡੀ 'ਚੋਂ ਧੂੰਆਂ ਜਾਂ ਅੱਗ ਲੱਗਣ ਦਾ ਅਹਿਸਾਸ ਹੋਇਆ ਸੀ ਤਾਂ ਪਾਰਕਿੰਗ ਵਾਲਿਆਂ ਕੋਲ ਕੋਈ ਅੱਗ ਬੁਝਾਊ ਯੰਤਰ ਨਹੀਂ ਸੀ, ਜਿਸ ਨਾਲ ਉਹ ਤੁਰੰਤ ਅੱਗ 'ਤੇ ਕਾਬੂ ਪਾ ਸਕਦੇ। ਇਹੀ ਕਾਰਣ ਸੀ ਕਿ ਜਦੋਂ ਤੱਕ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ, ਤਦ ਤੱਕ ਉਹ ਪੂਰੀ ਤਰ੍ਹਾਂ ਸੜ ਚੁੱਕੀ ਸੀ। ਉਸ ਨੇ ਪੁਲਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਪਾਰਕਿੰਗ ਵਾਲਿਆਂ ਤੋਂ ਉਸ ਦੀ ਗੱਡੀ ਦਾ ਹਰਜਾਨਾ ਦਿਵਾਇਆ ਜਾਵੇ।

ਧਮਾਕੇ ਨਾਲ ਸੜੀ ਗੱਡੀ
ਅੱਗ ਲੱਗਣ ਦੇ ਕੁਝ ਮਿੰਟਾਂ ਬਾਅਦ ਸਕਾਰਪੀਓ ਗੱਡੀ 'ਚ ਇਕ ਜ਼ੋਰਦਾਰ ਧਮਾਕਾ ਹੋਇਆ, ਜਿਸ ਤੋਂ ਬਾਅਦ ਗੱਡੀ ਵਿਚ ਪਈ ਬੈਟਰੀ ਦੇ ਪਰਖੱਚੇ ਉੱਡ ਗਏ। ਕੁਝ ਦੇਰ ਲਈ ਸੜਕ 'ਤੇ ਇਕੱਠੀ ਹੋਈ ਲੋਕਾਂ ਦੀ ਭੀੜ ਭੱਜ ਗਈ ਪਰ ਤਦ ਤੱਕ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਆ ਗਈਆਂ ਅਤੇ ਤੁਰੰਤ ਅੱਗ 'ਤੇ ਕਾਬੂ ਪਾਉਣ ਲੱਗੀਆਂ। ਇਸ ਸਬੰਧੀ ਫਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਤੁਰੰਤ ਉਹ ਆਪਣੇ ਕਰਮਚਾਰੀਆਂ ਨਾਲ ਗੱਡੀਆਂ ਲੈ ਕੇ ਮੌਕੇ 'ਤੇ ਪਹੁੰਚ ਗਏ ਸਨ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।

ਪਾਰਕਿੰਗ ਮਾਲਕ ਤੋਂ ਨਿਯਮਾਂ ਦੀ ਕਾਪੀ ਮੰਗਵਾ ਕੇ ਕਰਨਗੇ ਜਾਂਚ : ਚੌਕੀ ਇੰਚਾਰਜ
ਚੌਕੀ ਕੋਰਟ ਕੰਪਲੈਕਸ ਦੇ ਇੰਚਾਰਜ ਏ. ਐੱਸ. ਆਈ. ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਸ਼ਿਕਾਇਤ ਮਿਲ ਚੁੱਕੀ ਹੈ, ਉਹ ਪਾਰਕਿੰਗ ਮਾਲਕ ਨੂੰ ਸੱਦ ਕੇ ਮਾਮਲੇ ਦੀ ਗੰਭੀਰ ਜਾਂਚ ਕਰਨਗੇ। ਪਾਰਕਿੰਗ ਸਬੰਧੀ ਨਗਰ ਨਿਗਮ ਵੱਲੋਂ ਤੈਅ ਕੀਤੇ ਗਏ ਪਾਰਕਿੰਗ ਨਿਯਮਾਂ ਦੀ ਕਾਪੀ ਵੀ ਮੰਗਵਾ ਕੇ ਜਾਂਚ ਕਰਵਾਉਣਗੇ।


Baljeet Kaur

Content Editor

Related News