ਕੋਰੋਨਾ ਵਾਇਰਸ ਨੂੰ ਲੈ ਕੇ ਨਹੀਂ ਗੰਭੀਰ ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ
Friday, Mar 20, 2020 - 05:54 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਸਬੰਧ 'ਚ ਜਾਰੀ ਨਿਰਦੇਸ਼ਾਂ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਪਾਲਣਾ ਨਹੀਂ ਹੋ ਰਹੀ। ਹਸਪਤਾਲ ਪ੍ਰਸ਼ਾਸਨ ਦੀ ਢਿੱਲ ਦੇ ਚੱਲਦਿਆ ਇਥੇ ਐਮਰਜੈਂਸੀ ਸਮੇਤ ਵੱਖ-ਵੱਖ ਵਾਰਡਾਂ 'ਚ ਮਰੀਜ਼ ਸਣੇ ਪਰਿਵਾਰਕ ਮੈਂਬਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਹਸਪਤਾਲ 'ਚ ਡਾਕਟਰ ਅਤੇ ਸਟਾਫ ਬਿਨਾਂ ਮਾਸਕ ਲਗਾਏ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਸੰਸਥਾਵਾਂ ਸਮੇਤ ਮਹੱਤਵਪੂਰਨ ਸਥਾਨਾਂ 'ਤੇ 20 ਵਿਅਕਤੀਆਂ ਤੋਂ ਵੱਧ ਦੇ ਇਕੱਠੇ ਹੋਣ 'ਤੇ ਪਾਬੰਧੀ ਲਗਾਈ ਗਈ ਹੈ। ਪਰ ਸਰਕਾਰ ਦੇ ਇਨ੍ਹਾਂ ਨਿਰਦੇਸ਼ਾਂ ਦੀ ਗੁਰੂ ਨਾਨਕ ਦੇਵ ਹਸਪਤਾਲ 'ਚ ਕੋਈ ਪਾਲਣਾ ਹੀਂ ਹੁੰਦੀ ਦਿਖਾਈ ਦੇ ਰਹੀ। 1200 ਬੈੱਡਾ ਵਾਲਾ ਹਸਪਤਾਲ ਇਸ ਸਮੇਂ ਮਰੀਜ਼ਾ ਨਾਲ ਭਰਿਆ ਪਿਆ ਹੈ ਤੇ ਹਰ ਮਰੀਜ਼ ਦੇ ਨਾਲ ਦੋ ਪਰਿਵਾਰਕ ਮੈਂਬਰ ਵੀ ਇਥੇ ਮੌਜੂਦ ਹਨ।
ਕੋਰਟ ਕੰਪਲੈਕਸ 'ਚ ਲਗਾਏ ਸਿਹਤ ਵਿਭਾਗ ਨੇ ਨੋਡਰ ਅਧਿਕਾਰੀ
ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਵਲੋਂ ਕੋਰਟ ਕੰਪਲੈਕਸ 'ਚ ਆਪਣੇ ਨੋਡਲ ਅਧਿਕਾਰੀ ਲਗਾ ਦਿੱਤੇ ਗਏ ਹਨ। ਇੰਚਾਰਜ ਡਾਕਟਰ ਬ੍ਰਿਜਮੋਹਰਨ ਨੂੰ ਨੋਡਲ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੀ ਅਗਵਾਈ 'ਚ ਡਾਕਟਰ ਅਤੇ ਸਟਾਫ ਦੀ ਟੀਮ ਇਥੇ ਤਾਇਨਾਤ ਕੀਤੀ ਗਈ ਹੈ।
ਦੋਹਾ ਦੀ ਫਲਾਈਟ ਰਾਹੀਂ ਚਾਰ ਹੋਰ ਯਾਤਰੀ ਪੁੱਜੇ ਕੌਮਾਂਤਰੀ ਏਅਰਪੋਰਟ
ਦੋਹਾ ਦੀ ਫਲਾਈਟ ਰਾਹੀਂ ਅੰਮ੍ਰਿਤਸਰ ਏਅਰਪੋਰਟ ਅੱਜ ਸਵੇਰੇ 3.00 ਵਜੇ ਚਾਰ ਯਾਤਰੀ ਪਹੁੰਚੇ। ਸਿਹਤ ਵਿਭਾਗ ਵਲੋਂ ਕੀਤੀ ਗਈ ਸਕ੍ਰੀਨਿੰਗ ਦੌਰਾਨ ਇਨ੍ਹਾਂ ਯਾਤਰੀਆਂ 'ਚ ਕੋਈ ਲੱਛਣ ਨਹੀਂ ਪਾਇਆ ਗਿਆ ਪਰ ਫਿਰ ਵੀ ਵਿਭਾਗ ਵਲੋਂ ਚੌਕਸੀ ਵਰਤਦੇ ਹੋਏ ਉਨ੍ਹਾਂ ਨੂੰ 24 ਘੰਟੇ ਲਈ ਸਰਕਾਰੀ ਰੀ-ਹੱਬ ਕੇਂਦਰ ਰੱਖਿਆ ਗਿਆ ਹੈ। ਵਿਭਾਗ ਮੁਤਾਬਕ ਸਵੇਰੇ ਸ਼ਾਮ ਇਨ੍ਹਾਂ ਯਾਤਰੀਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ।
ਸਿਹਤ ਵਿਭਾਗ ਵਲੋਂ ਹੈਲਪ-ਲਾਈਨ ਨੰਬਰ ਜਾਰੀ
ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਲਈ ਜ਼ਿਲਾ ਪੱਧਰ 'ਤੇ ਇਕ ਹੈਲਪ-ਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 0183-2535322 ਅਤੇ 2535323 'ਤੇ ਕੋਈ ਵੀ ਵਿਅਕਤੀ ਫੋਨ ਕਰਕੇ ਇਸ ਸਬੰਧੀ ਜਾਣਕਾਰੀ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਨੰਬਰ ਲੋਕਾਂ ਦੀ ਸੁਵਿਧਾ ਲਈ ਜਾਰੀ ਕੀਤੇ ਗਏ ਹਨ।