''ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ'' ਦੀ ਛੱਤ ਦੀ ਸੀਲਿੰਗ ਡਿੱਗੀ, ਬੱਚੇ ਦੀ ਮੌਤ

Friday, Dec 20, 2019 - 02:28 PM (IST)

''ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ'' ਦੀ ਛੱਤ ਦੀ ਸੀਲਿੰਗ ਡਿੱਗੀ, ਬੱਚੇ ਦੀ ਮੌਤ

ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰ ਕੇ ਕੁਝ ਸਾਲ ਪਹਿਲਾਂ ਬਣਾਈ 'ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ' ਦੀ ਛੱਤ ਤੋਂ ਡਿੱਗੀ ਸੀਲਿੰਗ ਤੋਂ ਬੱਚਾ ਵਾਰਡ 'ਚ ਦਾਖਲ 2 ਨਵਜੰਮੇ ਵਾਲ-ਵਾਲ ਬਚੇ। ਸੀਲਿੰਗ ਇੰਨੀ ਵਜ਼ਨਦਾਰ ਸੀ ਕਿ ਜਿਥੇ ਇਕ ਨਵਜੰਮੇ ਬੱਚੇ ਦੇ ਸਰੀਰ ਨਾਲ ਟੱਚ ਕਰ ਗਈ, ਉਥੇ ਹੀ ਦੂਜੇ ਬੱਚੇ ਦੇ ਮਾਪਿਆਂ ਨੂੰ ਸੱਟ ਵੀ ਲੱਗ ਗਈ। ਹਾਦਸੇ ਦੇ ਕੁਝ ਸਮੇਂ ਬਾਅਦ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ, ਜਦਕਿ ਡਾਕਟਰਾਂ ਦਾ ਕਹਿਣਾ ਹੈ ਕਿ ਬੱਚਾ ਬੀਤੀ ਰਾਤ ਤੋਂ ਗੰਭੀਰ ਰੂਪ 'ਚ ਬੀਮਾਰ ਸੀ, ਜਿਸ ਕਾਰਣ ਉਸ ਦੀ ਮੌਤ ਹੋਈ ਹੈ, ਸੀਲਿੰਗ ਡਿੱਗਣ ਨਾਲ ਉਸ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਕੰਪਲੈਕਸ 'ਚ ਕੁਝ ਸਾਲ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰ ਕੇ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੀ ਨਵੀਂ ਇਮਾਰਤ ਬਣਾਈ ਗਈ ਹੈ। ਸਰਕਾਰ ਦੇ ਕਹਿਣੇ ਅਨੁਸਾਰ ਇਹ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਅਸਲੀਅਤ 'ਚ ਇਮਾਰਤ ਦੇ ਹਾਲਾਤ ਸਰਕਾਰ ਦੇ ਦਾਅਵਿਆਂ ਨੂੰ ਝੂਠੇ ਕਰਦੇ ਨਜ਼ਰ ਆ ਰਹੇ ਹਨ। ਸੈਂਟਰ ਦੀ ਤੀਜੀ ਮੰਜ਼ਿਲ 'ਤੇ ਸਥਿਤ 2 ਨੰਬਰ ਯੂਨਿਟ ਬੱਚਾ ਵਾਰਡ ਵਿਚ 8 ਫਿਜ਼ੀਓਥੈਰੇਪੀ ਮਸ਼ੀਨਾਂ ਲਾਈਆ ਗਈਆਂ ਹਨ। ਡਾਕਟਰਾਂ ਵੱਲੋਂ ਮਸ਼ੀਨਾਂ 'ਚ ਸਮੇਂ ਤੋਂ ਪਹਿਲਾਂ ਜਨਮੇ ਕਮਜ਼ੋਰ ਬੱਚਿਆਂ ਨੂੰ ਰੱਖਿਆ ਜਾਂਦਾ ਹੈ, ਜਿਨ੍ਹਾਂ 'ਚ ਅੱਜ ਵੀ ਨਵਜੰਮੇ ਬੱਚੇ ਰੱਖੇ ਗਏ ਸਨ। ਕਰੋੜਾਂ ਦੀ ਲਾਗਤ ਨਾਲ ਬਣੇ ਸੈਂਟਰ ਦੀ ਸੀਲਿੰਗ ਅਚਾਨਕ ਫਿਜ਼ੀਓਥੈਰੇਪੀ ਮਸ਼ੀਨ ਨੰਬਰ 3 'ਤੇ ਡਿੱਗ ਗਈ। ਹਾਦਸੇ ਦੌਰਾਨ ਸੀਲਿੰਗ ਵਿਚ ਲੱਗਾ ਪੱਖਾ ਵੀ ਲਟਕ ਕੇ ਹੇਠਾਂ ਆ ਗਿਆ। ਸੀਲਿੰਗ ਦਾ ਭਾਰ ਇੰਨਾ ਸੀ ਕਿ ਮਸ਼ੀਨ ਵਿਚ ਪਏ ਬੱਚੇ ਦੀ ਕਮਰ ਨੂੰ ਸੀਲਿੰਗ ਦਾ ਕੁਝ ਹਿੱਸਾ ਵੀ ਛੂਹ ਗਿਆ। ਇਸ ਦੌਰਾਨ ਬੱਚੇ ਨੂੰ ਬਚਾਉਣ ਆਏ ਮਾਪਿਆਂ ਦੇ ਹੱਥ 'ਤੇ ਸੱਟ ਲੱਗ ਗਈ। ਘਟਨਾ ਦੇ ਕੁਝ ਹੀ ਸਮੇਂ ਬਾਅਦ ਇਕ ਬੱਚੇ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਬੱਚੇ ਨੂੰ ਤੰਦਰੁਸਤ ਦੱਸ ਕੇ ਡਾਕਟਰ ਵੱਲੋਂ ਉਸ ਨੂੰ ਛੁੱਟੀ ਦੇ ਦਿੱਤੀ ਗਈ।

ਜਿਸ ਨਵਜੰਮੇ ਬੱਚੇ ਦੀ ਕਮਰ ਨਾਲ ਸੀਲਿੰਗ ਦਾ ਹਿੱਸਾ ਟੱਚ ਕਰ ਗਿਆ, ਉਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਡਾਕਟਰਾਂ ਅਨੁਸਾਰ ਇਹ ਬੱਚਾ ਹੀ ਕਮਜ਼ੋਰ ਸੀ। ਬੱਚੇ ਦੇ ਬਚਣ ਦੀਆਂ ਸੰਭਾਵਨਾਵਾਂ ਬੇਹੱਦ ਘੱਟ ਸਨ। ਡਾਕਟਰਾਂ ਨੇ ਇਸ ਗੱਲ ਤੋਂ ਮਨ੍ਹਾ ਕੀਤਾ ਕਿ ਬੱਚੇ ਦੀ ਮੌਤ ਸੀਲਿੰਗ ਡਿੱਗਣ ਨਾਲ ਹੋਈ ਹੈ। ਹਾਦਸੇ ਤੋਂ ਬਾਅਦ ਮ੍ਰਿਤਕ ਬੱਚੇ ਨੂੰ ਲੈ ਕੇ ਪਰਿਵਾਰ ਹਸਪਤਾਲ ਤੋਂ ਚਲਾ ਗਿਆ। ਦੂਜੇ ਬੱਚੇ ਨੂੰ ਤੰਦਰੁਸਤ ਦੱਸ ਕੇ ਡਾਕਟਰਾਂ ਨੇ ਮਾਪਿਆਂ ਨਾਲ ਘਰ ਭੇਜ ਦਿੱਤਾ।

ਹਸਪਤਾਲ ਪ੍ਰਸ਼ਾਸਨ ਮਾਮਲੇ ਨੂੰ ਦਬਾਉਂਦਾ ਰਿਹਾ
ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਸੈਂਟਰ 'ਚ ਛੱਤ ਤੋਂ ਸੀਲਿੰਗ ਡਿੱਗਣ ਨਾਲ ਭਾਵੇਂ ਨਵਜੰਮੇ ਬੱਚੇ ਦੀ ਮੌਤ ਨਹੀਂ ਹੋਈ ਪਰ ਹਸਪਤਾਲ ਪ੍ਰਸ਼ਾਸਨ ਇਸ ਮਾਮਲੇ ਨੂੰ ਦਬਾਉਣ ਦੀ ਪੂਰੀ ਕੋਸ਼ਿਸ਼ ਕਰਦਾ ਰਿਹਾ। ਮੀਡੀਆ ਕਰਮਚਾਰੀਆਂ ਵਲੋਂ ਜਦੋਂ ਵਾਰਡ 'ਚ ਮੌਜੂਦ ਡਾਕਟਰਾਂ ਤੋਂ ਮ੍ਰਿਤਕ ਬੱਚੇ ਦੇ ਮਾਪਿਆਂ ਦਾ ਪਤਾ ਜਾਂ ਮੋਬਾਇਲ ਨੰਬਰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਕੁਝ ਡਾਕਟਰਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੀਡੀਆ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦੇਣੀ।

ਸੀਲਿੰਗ ਕਾਫ਼ੀ ਪੁਰਾਣੀ ਹੋ ਗਈ ਸੀ
ਬੱਚਾ ਵਾਰਡ ਦੇ ਇੰਚਾਰਜ ਡਾ. ਅਸ਼ਵਨੀ ਸਰੀਨ ਦਾ ਕਹਿਣਾ ਹੈ ਕਿ ਸੀਲਿੰਗ ਕਾਫ਼ੀ ਪੁਰਾਣੀ ਸੀ ਪਰ ਬੱਚੇ ਦੀ ਮੌਤ ਸੀਲਿੰਗ ਡਿੱਗਣ ਨਾਲ ਨਹੀਂ ਹੋਈ। ਇਹ ਬੱਚਾ ਬੀਤੀ ਰਾਤ ਫਿਜ਼ੀਓਥੈਰੇਪੀ ਯੂਨਿਟ 'ਚ ਲਿਆਂਦਾ ਗਿਆ ਸੀ। ਬੇਹੱਦ ਕਮਜ਼ੋਰ ਸੀ। ਉਸ ਦੀ ਮੌਤ ਸਰੀਰਕ ਕਮਜ਼ੋਰੀ ਕਾਰਣ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਨੂੰ ਸੀਲਿੰਗ ਥਿਕਨੈੱਸ ਸਬੰਧੀ ਪਹਿਲਾਂ ਹੀ ਪੱਤਰ ਲਿਖਿਆ ਗਿਆ ਸੀ।

ਕੁਝ ਸਾਲ ਪਹਿਲਾਂ ਬਣੀ ਇਮਾਰਤ 'ਚ ਸੀਲਿੰਗ ਡਿੱਗਣਾ ਭ੍ਰਿਸ਼ਟਾਚਾਰ ਵੱਲ ਕਰ ਰਿਹਾ ਇਸ਼ਾਰਾ- ਸਮਾਜ ਸੇਵਕ ਰਵਿੰਦਰ ਕੁਮਾਰ ਸੁਲਤਾਨਵਿੰਡ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਹੀ ਕਰੋੜਾਂ ਰੁਪਏ ਖਰਚ ਕਰ ਕੇ ਇਹ ਇਮਾਰਤ ਬਣਾਈ ਗਈ ਸੀ ਪਰ ਇਸ ਇਮਾਰਤ ਨੂੰ ਬਣਾਉਂਦੇ ਸਮੇਂ ਘਟੀਆ ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਕਾਰਣ ਕੁਝ ਸਾਲਾਂ 'ਚ ਹੀ ਇਹ ਖੰਡਰ ਵਿਚ ਤਬਦੀਲ ਹੋ ਰਹੀ ਹੈ। ਥਾਂ-ਥਾਂ 'ਤੇ ਇਮਾਰਤ 'ਚ ਤਰੇੜਾਂ ਆ ਗਈਆਂ ਹਨ ਅਤੇ ਛੱਤਾਂ ਤੋਂ ਸੀਲਿੰਗ ਵੀ ਉੱਖੜ ਰਹੀ ਹੈ। ਨਾ ਤਾਂ ਹਸਪਤਾਲ ਪ੍ਰਸ਼ਾਸਨ ਤੇ ਨਾ ਹੀ ਸਬੰਧਤ ਵਿਭਾਗ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ। ਅਧਿਕਾਰੀਆਂ ਦੀ ਨਾਲਾਇਕੀ ਕਾਰਣ ਕਦੇ ਵੀ ਇਥੇ ਕੋਈ ਘਟਨਾ ਵਾਪਰ ਸਕਦੀ ਹੈ। ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਵਾਉਣੀ ਚਾਹੀਦੀ ਹੈ।


author

Baljeet Kaur

Content Editor

Related News