ਮਾਝੇ ਦੇ ''ਬਾਗੀ'' ਅਕਾਲੀ ਆਗੂਆਂ ਨੇ ਸ਼ਕਤੀ ਪ੍ਰਦਰਸ਼ਨ ਦੀ ਖਿੱਚੀ ਤਿਆਰੀ
Monday, Oct 29, 2018 - 03:25 PM (IST)

ਅੰਮ੍ਰਿਤਸਰ : ਮਾਝੇ ਦੇ 'ਬਾਗੀ' ਅਕਾਲੀ ਆਗੂਆਂ ਨੇ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ ਖਿੱਚ ਲਈ ਹੈ। ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ 4 ਨਵੰਬਰ ਨੂੰ ਇਤਿਹਾਸਕ ਕਸਬਾ ਚੋਹਲਾ ਸਾਹਿਬ 'ਚ ਵੱਡੀ ਰੈਲੀ ਕਰ ਰਹੇ ਹਨ। ਇਸ ਸਬੰਧੀ ਬ੍ਰਹਮਪੁਰਾ ਦੇ ਬੇਟੇ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਇਕ ਮੀਟਿੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਇਹ ਪੰਥਕ ਪਾਰਟੀ ਹੈ ਤੇ ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਹੈ, ਇਸ ਕਰ ਕੇ ਇਸ ਉਤੇ ਕਿਸੇ ਪਰਿਵਾਰ ਦਾ ਕਬਜ਼ਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਭਾਵੇਂ ਇਸ ਮੀਟਿੰਗ ਨੂੰ ਵਰਕਰਾਂ ਤੇ ਆਗੂਆਂ ਦਾ ਸਾਧਾਨਕ ਇਕੱਠ ਦੱਸਿਆ ਜਾ ਰਿਹਾ ਹੈ ਪਰ ਸੰਕੇਤ ਇਕ ਮਿਲ ਰਹੇ ਹਨ ਕਿ ਮਾਝੇ ਦੇ ਟਕਸਾਲੀ ਆਗੂ ਇਸ ਇਕੱਠ ਵਿਚ ਆਪਣੀ ਤਾਕਤ ਵਿਖਾਉਣਗੇ ਤੇ ਬਾਦਲ ਪਰਿਵਾਰ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਇਸ ਪੰਥਕ ਧਿਰ ਕਿਸੇ ਇਕ ਪਰਿਵਾਰ ਦੀ ਅਗਵਾਈ ਹੇਠ ਕੰਮ ਨਹੀਂ ਕਰੇਗੀ। ਬ੍ਰਹਮਪੁਰਾ ਦੇ ਬੇਟੇ ਨੇ ਇਕ ਸ਼ੇਅਰ ਰਾਹੀਂ ਪਾਰਟੀ ਵਿਚ ਪਰਿਵਾਰਵਾਦ ਉਤੇ ਸੱਟ ਮਾਰੀ। ਦੱਸ ਦਈਏ ਕਿ ਸੁਖਬੀਰ ਬਾਦਲ ਮਾਝੇ ਦੇ ਲੀਡਰਾਂ ਨਾਲ ਮੁਲਾਕਾਤ ਕਰ ਰਹੇ ਹਨ।
ਪਿਛਲੇ ਦਿਨੀਂ ਉਨ੍ਹਾਂ ਨੇ ਬ੍ਰਹਮਪੁਰਾ ਸਣੇ ਸਾਰੇ ਧੜਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਹ ਹੇਠਲੇ ਲੀਡਰਾਂ ਤੇ ਵਰਕਰਾਂ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਖਬੀਰ ਬਾਦਲ ਦੀ ਇਸ ਰਣਨੀਤੀ ਦਾ ਜਵਾਬ ਦੇਣ ਲਈ ਬ੍ਰਹਮਪੁਰਾ ਚਾਰ ਨਵੰਬਰ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਸੁਨੇਹਾ ਦੇਣਗੇ ਕਿ ਵਰਕਰ ਵੀ ਉਨ੍ਹਾਂ ਦੇ ਹਰ ਫੈਸਲੇ ਨਾਲ ਖੜ੍ਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਬ੍ਰਹਮਪੁਰਾ ਸਣੇ ਬਾਗੀ ਲੀਡਰ ਸੁਖਬੀਰ ਬਾਦਲ ਵਲੋਂ ਤਿੰਨ ਨਵੰਬਰ ਨੂੰ ਦਿੱਲੀ 'ਚ ਜੰਤਰ ਮੰਤਰ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਨਹੀਂ ਹੋਣਗੇ।