''ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਜ਼ੁਲਮਾਂ ਦਾ ਬਦਲਾ ਲੋਕ ਵੋਟ ਰਾਹੀਂ ਲੈਣਗੇ''

Monday, Apr 29, 2019 - 11:10 AM (IST)

ਅੰਮ੍ਰਿਤਸਰ (ਵਾਲੀਆ) : ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਵਲੋਂ ਸਾਂਝੇ ਤੌਰ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੱਕ ਲਿਜਾਂਦਿਆਂ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਉਪਰੰਤ ਪਿੰਡ ਲੋਪੋਕੇ ਵਿਖੇ ਇਕ ਵਿਸ਼ਾਲ ਚੋਣ ਰੈਲੀ ਕੀਤੀ ਗਈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਪੰਚ-ਸਰਪੰਚ ਤੇ ਕਾਂਗਰਸੀ ਵਰਕਰ ਹਾਜ਼ਰ ਹੋਏ। ਇਸਤੋਂ ਪਹਿਲਾਂ ਸਰਕਾਰੀਆ ਤੇ ਔਜਲਾ ਵਲੋਂ ਪਿੰਡ ਚੂਚਕਵਾਲ ਤੇ ਪਿੰਡ ਚੋਗਾਵਾਂ ਵਿਖੇ ਕਰਵਾਈਆਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿਚ ਹਾਜ਼ਰ ਕਾਂਗਰਸੀ ਵਰਕਰਾਂ ਨੂੰ ਵੀ ਸੰਬੋਧਨ ਕੀਤਾ ਗਿਆ। ਲੋਪੋਕੇ ਵਿਖੇ ਹੋਈ ਚੋਣ ਰੈਲੀ ਨੂੰ ਸੰਬੋਧਨ ਦੌਰਾਨ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਰਾਜ ਵਿੱਚ ਅਕਾਲੀ ਆਗੂਆਂ ਨੇ ਪੰਜਾਬ ਨੂੰ ਦੋਹੀਂ ਹੱਥੀ ਲੁੱਟਿਆ ਤੇ ਹੱਕ ਮੰਗਦੇ ਪੰਜਾਬ ਵਾਸੀਆਂ ਨੂੰ ਕੁੱਟਿਆ। 

ਸਰਕਾਰੀਆ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਰਾਜਾਸਾਂਸੀ ਵਿੱਚ ਇਕ ਅਕਾਲੀ ਆਗੂ ਦੇ ਇਸ਼ਾਰੇ ਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆਂ ਕਾਂਗਰਸੀ ਵਰਕਰਾਂ ਤੇ ਨਜਾਇਜ ਪਰਚਿਆਂ ਸਮੇਤ ਲੁੱਟਣ ਕੁਟਣ ਦਾ ਭਾਰੀ ਤਸ਼ੱਦਦ ਕੀਤਾ। ਸਰਕਾਰੀਆ ਨੇ ਦਾਅਵਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਹਲਕਾ ਵਾਸੀਆਂ ਤੇ ਢਾਹੇ 10 ਸਾਲ ਦੇ ਜੁਲਮਾਂ ਦਾ ਬਦਲਾ ਲੋਕ ਵੋਟ ਰਾਹੀਂ ਲੈਂਦੇ ਹੋਏ ਕਾਂਗਰਸੀ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿਤਾਉਣਗੇ। ਇਸ ਸਮੇਂ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਪ੍ਰਧਾਨ ਦਿਲਰਾਜ ਸਿੰਘ ਸਰਕਾਰੀਆ ਮੈਂਬਰ ਜ਼ਿਲ਼੍ਹਾ ਪ੍ਰੀਸ਼ਦ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਦੀ ਨਲਾਇਕੀ ਕਾਰਨ ਨਸ਼ਿਆਂ ਦੀ ਮਾਰ ਹੇਠ ਆਏ ਬੇਰੁਜਗਾਰ ਨੌਜੁਆਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਿਸੇਸ਼ ਨੀਤੀ ਤਹਿਤ ਥਾਂ-ਥਾਂ ਤੇ ਰੁਜਗਾਰ ਮੇਲੇ ਲਗਾ ਕੇ ਉਨ੍ਹਾਂ ਨੂੰ ਰੁਜਗਾਰ ਦਿਤਾ ਜਾ ਗਿਆ ਹੈ। ਸਰਕਾਰੀਆ ਨੇ ਕਿਹਾ ਕਿ ਗਠਜੋੜ ਸਰਕਾਰ ਸਮੇਂ ਅਕਾਲੀ ਆਗੂ ਦੀ ਰਹਿਨੁਮਾਈ ਹੇਠ ਅਕਾਲੀ ਸਰਪੰਚਾਂ ਵਲੋਂ ਵੱਡੇ ਪੱਧਰ ਤੇ ਸਰਕਾਰੀ ਪੈਸੇ ਦੀ ਲੁੱਟ ਕੀਤੀ ਗਈ। ਇਸ ਸਮੇਂ ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਨੇ ਆਪਣੇ ਪਿਛਲੇ ਚੋਣ ਮਨੋਰਥ ਪੱਥਰ ਵਿੱਚ ਕੀਤੇ ਵਾਅਦਿਆਂ ਨੂੰ ਇਕ ਸਿਆਸੀ ਜੁਮਲਾ ਦੱਸਿਆ ਸੀ ਜਦਕਿ ਇਸ ਵਾਰ ਵੀ ਭਾਜਪਾ ਦਾ ਚੋਣ ਮਨੋਰਥ ਪੱਤਰ ਜੁਮਲਾ ਸਾਬਤ ਹੋਣ ਵਾਲਾ ਹੈ। ਔਜਲਾ ਨੇ ਕਿਹਾ ਕਿ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਦੱਸਣ ਵਾਲੇ ਪ੍ਰਧਾਨ ਮੰਤਰੀ ਮੋਦੀ ਇਕ ਨਕਲੀ ਚੌਕੀਦਾਰ ਸਾਬਤ ਹੋਏ ਹਨ, ਦੇਸ਼ ਦਾ ਨਕਲੀ ਚੌਕੀਦਾਰ ਸੁੱਤਾ ਰਿਹਾ ਤੇ ਉਨ੍ਹਾਂ ਦੇ ਰਾਜ ਵਿੱਚ ਹੀ ਵਿਜੈ ਮਾਲਿਆ, ਲਲਿਤ ਮੋਦੀ ਤੇ ਨੀਰਵ ਮੋਦੀ ਦੇਸ਼ ਦੇ ਅਰਬਾਂ ਰੁਪਏ ਤੇ ਡਾਕਾ ਮਾਰਕੇ ਵਿਦੇਸ਼ ਦੌੜ ਗਏ। ਔਜਲਾ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਨਣ ਤੇ ਦੇਸ਼ ਵਾਸੀਆਂ ਦੇ ਲੁੱਟੇ ਗਏ ਅਰਬਾਂ ਰੁਪਏ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿਛੇ ਧੱਕਾਂਗੇ।


Baljeet Kaur

Content Editor

Related News