ਚੰਗੀ ਖ਼ਬਰ : ਅੰਮ੍ਰਿਤਸਰ ਜ਼ਿਲ੍ਹੇ ’ਚ ਬੀਤੇ ਦਿਨ 345 ਲੋਕਾਂ ਨੇ ਕੋਰੋਨਾ ਨੂੰ ਹਰਾਇਆ, 4 ਦੀ ਮੌਤ, 4240 ਨੂੰ ਲੱਗੀ ਵੈਕਸੀਨ
Saturday, Jun 05, 2021 - 10:28 AM (IST)
ਅੰਮ੍ਰਿਤਸਰ (ਜ.ਬ, ਦਲਜੀਤ) - ਕੋਰੋਨਾ ਇਨਫ਼ੈਕਸ਼ਨ ਦੇ ਮਾਮਲਿਆਂ ’ਚ ਬੀਤੇ ਕੁਝ ਦਿਨਾਂ ’ਚ ਗਿਰਾਵਟ ਨਾਲ ਉਮੀਦ ਦੀ ਇਕ ਕਿਰਨ ਜਾਗੀ ਹੈ ਕਿ ਕੋਰੋਨਾ ਦੀ ਰਫ਼ਤਾਰ ਘੱਟ ਹੋ ਰਹੀ ਹੈ। ਇਸ ਤਰਜ਼ ’ਤੇ ਸ਼ੁੱਕਰਵਾਰ ਨੂੰ ਫਿਰ ਤੋਂ ਕੁਲ 144 ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੂਜੇ ਪਾਸੇ ਸ਼ੁੱਕਰਵਾਰ ਨੂੰ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ। ਚੰਗੀ ਖ਼ਬਰ ਇਹ ਹੈ ਕਿ ਅੱਜ ਵੀ ਜੋ ਲੋਕ ਰਿਕਵਰ ਹੋਏ ਹਨ ਉਹ ਸਾਹਮਣੇ ਆਏ ਮਾਮਲਿਆਂ ’ਚ ਜ਼ਿਆਦਾ ਹਨ। ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 345 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਜ਼ਿਲ੍ਹੇ ਭਰ ’ਚੋਂ ਕੁਲ 4492 ਦੇ ਲਗਭਗ ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ ਉਕਤ ਅੰਕੜੇ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਕੋਰੋਨਾ ਦਾ ਇਹ ਸੈਕਿੰਡ ਵੈਰੀਅਟ ਮਰੀਜ਼ ਨੂੰ ਇਸ ਹੱਦ ਤੱਕ ਪਹੁੰਚਾ ਦਿੰਦਾ ਹੈ ਕਿ ਮਰੀਜ਼ ਨੂੰ ਜਲਦੀ ਹੀ ਜ਼ਿੰਦਗੀ ਅਤੇ ਮੌਤ ਦਰਮਿਆਨ ਲੜਾਈ ਲੜਨੀ ਪੈ ਜਾਂਦੀ ਹੈ। ਸ਼ਹਿਰ ’ਚ ਬੀਤੇ ਦਿਨੀਂ ਹਾਲਾਤ ਇੰਨੀ ਨਾਜ਼ੁਕ ਹਾਲਤ ’ਚ ਪਹੁੰਚ ਚੁੱਕੇ ਸਨ ਕਿ ਲੋਕਾਂ ਦੇ ਮਨਾਂ ’ਚ ਇਸ ਪ੍ਰਤੀ ਦਹਿਸ਼ਤ ਬੈਠ ਗਈ ਸੀ। ਲੋਕਾਂ ਵਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਹੁਣ ਵੀ ਜਿਵੇਂ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਲੋਕ ਸਿਹਤ ਵਿਭਾਗ ਵਲੋਂ ਕੋਵਿਡ-19 ਪ੍ਰਤੀ ਜਾਰੀ ਕੀਤੇ ਗਏ ਨਿਯਮ ਅਤੇ ਹਦਾਇਤਾਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਨਹੀਂ ਕਰ ਰਹੇ ਹਨ।
ਦੂਜੇ ਪਾਸੇ ਦੁਕਾਨਾਂ ਵਾਲੇ ਵੀ ਹਦਾਇਤਾਂ ਦੀ ਜੰਮ ਕੇ ਧੱਜੀਆਂ ਉੱਡਾ ਰਹੇ ਹਨ। ਪੇਂਡੂ ਖੇਤਰਾਂ ਦਾ ਤਾਂ ਸਭ ਤੋਂ ਮਾੜਾ ਹਾਲ ਹੈ। ਪਿੰਡ ਦੇ ਸਾਰੇ ਲੋਕ ਕੋਰੋਨਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰ ਰਹੇ ਅਤੇ ਅੰਕੜਿਆਂ ਨੂੰ ਉਹ ਇਕ ਭੁਲੇਖਾ ਪੈਦਾ ਕਰਨ ਵਾਲਾ ਦੱਸਦੇ ਹਨ। ਪ੍ਰਸ਼ਾਸਨ ਵਲੋਂ ਥੋੜੀ ਸਖ਼ਤੀ ਵਰਤੇ ਜਾਣ ਨਾਲ ਸਾਰੇ ਲੋਕਾਂ ਨੇ ਤਾਂ ਮੂੰਹ ’ਤੇ ਮਾਸਕ ਪਾਉਣਾ ਸ਼ੁਰੂ ਤਾਂ ਕਰ ਦਿੱਤਾ ਹੈ ਪਰ ਸੋਸ਼ਲ ਡਿਸਟੈਂਸ ਦੀਆਂ ਤਾਂ ਹਰ ਪਾਸੇ ਧੱਜੀਆਂ ਉੱਡਦੀਆਂ ਵਿਖਾਈ ਦਿੰਦੀਆਂ ਹਨ। ਵਰਤਮਾਨ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ ਸਰਗਰਮ ਕੇਸ 2344 ਹੋ ਚੁੱਕੇ ਹਨ, ਉੱਥੇ ਪਿਛਲੇ 24 ਘੰਟਿਆਂ ਲਈ ਟੀਕਾਕਰਨ ਲਈ ਰਫ਼ਤਾਰ ਘੱਟ ਰਹੀ ਅਤੇ ਕੁਲ 4240 ਲੋਕਾਂ ਨੂੰ ਵੈਕਸੀਨ ਲੱਗ ਸਕੀ ।
ਇਨ੍ਹਾਂ ਲੋਕਾਂ ਦੀ ਹੋਈ ਮੌਤ
ਚੌਕ ਪਰਾਗਦਾਸ ਵਾਸੀ 67 ਸਾਲਾ ਜਨਾਨੀ ਜਸਬੀਰ ਕੌਰ ।
ਮਹਿਤਾ ਵਾਸੀ 47 ਸਾਲਾ ਜਨਾਨੀ ਬਲਵਿੰਦਰ ਕੌਰ।
ਕੋਟ ਖਾਲਸਾ ਵਾਸੀ 68 ਸਾਲਾ ਰਣਜੀਤ ਕੁਮਾਰ।
ਜਸਰੂਰ ਅਜਨਾਲਾ ਵਾਸੀ 58 ਸਾਲਾ ਮੁਖ਼ਤਿਆਰ ਸਿੰਘ।
ਇਹ ਰਹੇ ਅੰਕੜੇ
ਕਮਿਊਨਿਟੀ ਤੋਂ ਮਿਲੇ : 94
ਕਾਂਟੇਕਟ ਤੋਂ ਮਿਲੇ : 50
ਐਕਟਿਵ ਕੇਸ : 2344
ਕੁਲ ਇਨਫ਼ੈਕਟਿਡ :45211
ਹੁਣ ਤੱਕ ਤੰਦਰੁਸਤ ਹੋਏ : 41388
ਹੁਣ ਤੱਕ ਮੌਤਾਂ : 2344