ਨਵਾਂ ਖ਼ੁਲਾਸਾ: ਬ੍ਰਿਟੇਨ ਦੀ ਨਾਗਰਿਕਤਾ ਲੈਣ ਦੀ ਫਿਰਾਕ 'ਚ ਸੀ ਅੰਮ੍ਰਿਤਪਾਲ
Friday, Mar 24, 2023 - 10:45 AM (IST)
ਇੰਟਰਨੈਸ਼ਨਲ ਡੈਸਕ- 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਨਾਗਰਿਕਤਾ ਚਾਹੁੰਦਾ ਹੈ। ਚੋਟੀ ਦੇ ਖ਼ੁਫੀਆ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਨੇ ਫਰਵਰੀ ਵਿੱਚ ਬ੍ਰਿਟਿਸ਼ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ, ਕਿਉਂਕਿ ਉਸ ਦਾ ਵਿਆਹ ਯੂ.ਕੇ. ਦੀ ਨਾਗਰਿਕ ਕਿਰਨ ਕੌਰ ਨਾਲ ਹੋਇਆ ਹੈ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦੀ ਅਰਜ਼ੀ ਬ੍ਰਿਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਹੈ ਅਤੇ ਉਨ੍ਹਾਂ ਨੇ ਇਸ ਮਾਮਲੇ 'ਤੇ ਅਜੇ ਫ਼ੈਸਲਾ ਲੈਣਾ ਹੈ।
ਇਹ ਵੀ ਪੜ੍ਹੋ: ਸ਼੍ਰੀਲੰਕਾ ਨੇ ਭਾਰਤ ਤੋਂ ਮੰਗਵਾਏ 20 ਲੱਖ ਆਂਡੇ, ਇਸ ਕਾਰਨ ਲਿਆ ਇਹ ਫ਼ੈਸਲਾ
ਦੱਸ ਦੇਈਏ ਕਿ ਅਮ੍ਰਿਤਪਾਲ ਸਿੰਘ 'ਵਾਰਿਸ ਪੰਜਾਬ ਦੇ' ਸੰਗਠਨ ਦੀ ਅਗਵਾਈ ਕਰਦਾ ਹੈ, ਜੋ ਅਭਿਨੇਤਾ ਅਤੇ ਕਾਰਕੁਨ ਦੀਪ ਸਿੱਧੂ ਵੱਲੋਂ ਸ਼ੁਰੂ ਕੀਤਾ ਗਿਆ ਇਕ ਕਟੜਪੰਥੀ ਸੰਗਠਨ ਹੈ, ਜਿਸਦੀ ਪਿਛਲੇ ਸਾਲ ਫਰਵਰੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ਪੁਲਸ ਨੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ 'ਵਾਰਿਸ ਪੰਜਾਬ ਦੇ' ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਆਪਰੇਸ਼ਨ ਚਲਾਇਆ ਸੀ ਪਰ ਅੰਮ੍ਰਿਤਪਾਲ ਸਿੰਘ ਪੁਲਸ ਨੂੰ ਚਕਮਾ ਕੇ ਫਰਾਰ ਹੋਣ 'ਚ ਸਫ਼ਲ ਰਿਹਾ, ਜੋ ਕਿ ਅਜੇ ਤੱਕ ਪੁਲਸ ਦੇ ਹੱਥ ਨਹੀਂ ਲੱਗਾ। ਹੁਣ ਖ਼ਬਰ ਆ ਰਹੀ ਹੈ ਕਿ ਅੰਮ੍ਰਿਤਪਾਲ ਦੇ ਪੰਜਾਬ 'ਚੋਂ ਭੱਜਣ ਤੋਂ ਬਾਅਦ ਉੱਤਰਾਖੰਡ 'ਚ ਆਉਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਖਾਲਿਸਤਾਨੀ ਸਮਰਥਕਾਂ ਨੇ ਹੁਣ ਪੰਜਾਬੀ ਰੈਸਟੋਰੈਂਟ ਨੂੰ ਬਣਾਇਆ ਨਿਸ਼ਾਨਾ (ਵੀਡੀਓ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।