ਮੁੜ ਚਰਚਾ 'ਚ ਆਇਆ ਅੰਮ੍ਰਿਤਪਾਲ ਸਿੰਘ, ਬੈਰਕ 'ਚੋਂ ਮਿਲਿਆ ਇਤਰਾਜ਼ਯੋਗ ਸਾਮਾਨ! (ਵੀਡੀਓ)

Saturday, Feb 17, 2024 - 07:39 PM (IST)

ਮੁੜ ਚਰਚਾ 'ਚ ਆਇਆ ਅੰਮ੍ਰਿਤਪਾਲ ਸਿੰਘ, ਬੈਰਕ 'ਚੋਂ ਮਿਲਿਆ ਇਤਰਾਜ਼ਯੋਗ ਸਾਮਾਨ! (ਵੀਡੀਓ)

ਗੁਹਾਟੀ- ਆਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਸੁਰੱਖਿਆ ਦੀ ਵੱਡੀ ਉਲੰਘਣਾ ਹੋਣ ਦੀ ਸੂਚਨਾ ਮਿਲੀ ਹੈ। ਇੱਥੇ ਵੱਖਵਾਦੀ ਆਗੂ ਅਤੇ ‘ਵਾਰਿਸ ਪੰਜਾਬ ਦੇ’ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਸਾਥੀ ਬੰਦ ਹਨ। ਸੂਤਰਾਂ ਮੁਤਾਬਕ, ਅੰਮ੍ਰਿਤਪਾਲ ਸਿੰਘ ਦੀ ਬੈਰਕ ’ਚੋਂ ਸ਼ਨੀਵਾਰ ਇੱਕ ਜਾਸੂਸੀ ਕੈਮਰਾ, ਇੱਕ ਸਮਾਰਟ ਫ਼ੋਨ, ਇੱਕ ਕੀ-ਪੈਡ ਫ਼ੋਨ, ਪੈੱਨ ਡਰਾਈਵ, ਬਲਿਊਟੁੱਥ ਹੈੱਡਫ਼ੋਨ, ਸਪੀਕਰ, ਇੱਕ ਸਮਾਰਟ-ਵਾਚ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਹੋਈਆਂ ਹਨ।

ਇਸ ਸਬੰਧੀ ‘ਐਕਸ’ ’ਤੇ ਜਾਣਕਾਰੀ ਦਿੰਦੇ ਹੋਏ ਆਸਾਮ ਪੁਲਸ ਦੇ ਅਧਿਕਾਰੀ ਜੀ. ਪੀ. ਸਿੰਘ ਨੇ ਕਿਹਾ ਕਿ ਡਿਬਰੂਗੜ੍ਹ ਜੇਲ੍ਹ ’ਚ ਐੱਨ. ਐੱਸ. ਏ. ਅਧੀਨ ਨਜ਼ਰਬੰਦ ਕੈਦੀਆਂ ਦੇ ਸੈੱਲਾਂ ’ਚ ਹੋਣ ਵਾਲੀਆਂ ਗੈਰ- ਕਾਨੂਨੀ ਸਰਗਰਮੀਆਂ ਦੀ ਸੂਚਨਾ ਮਿਲਣ ’ਤੇ ਉੱਥੇ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਸਨ।

ਗੈਰ-ਕਾਨੂਨੀ ਸਰਗਰਮੀਆਂ ਦੀ ਪੁਸ਼ਟੀ ਹੋਣ ’ਤੇ ਜੇਲ੍ਹ ਸਟਾਫ ਨੇ ਸ਼ਨੀਵਾਰ ਸਵੇਰੇ ਐੱਨ. ਐੱਸ. ਏ. ਸੈੱਲ ਦੇ ਕੰਪਲੈਕਸ ਦੀ ਤਲਾਸ਼ੀ ਲਈ। ਇਸ ਦੌਰਾਨ ਸਿਮ ਵਾਲਾ ਇੱਕ ਸਮਾਰਟ ਫੋਨ, ਇੱਕ ਕੀ-ਪੈਡ ਫੋਨ, ਕੀ-ਬੋਰਡ ਵਾਲਾ ਟੀ.ਵੀ. ਰਿਮੋਟ, ਜਾਸੂਸੀ-ਕੈਮ ਪੈੱਨ, ਪੈਨ ਡਰਾਈਵ, ਬਲਿਊਟੁੱਥ ਹੈੱਡਫੋਨ, ਸਪੀਕਰ ਅਤੇ ਇੱਕ ਸਮਾਰਟ ਘੜੀ ਨੂੰ ਜੇਲ੍ਹ ਸਟਾਫ਼ ਨੇ ਜ਼ਬਤ ਕਰ ਲਿਆ। ਇਨ੍ਹਾਂ ਅਣਅਧਿਕਾਰਤ ਵਸਤੂਆਂ ਨੂੰ ਇੱਥੇ ਪਹੁੰਚਾਉਣ ਵਾਲੇ ਸੋਮਿਆਂ ਅਤੇ ਢੰਗ ਦਾ ਪਤਾ ਲਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ 18 ਮਾਰਚ ਨੂੰ ਪੂਰੇ ਪੰਜਾਬ ਵਿਚ ਇੱਕ ਮੈਗਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ। ਭਾਵੇਂ ਅੰਮ੍ਰਿਤਪਾਲ ਸਿੰਘ ਨੂੰ 23 ਅਪ੍ਰੈਲ ਨੂੰ ਮੋਗਾ ਦੇ ਰੋਡੇ ਪਿੰਡ ਤੋਂ ਕਥਿਤ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਇਕ ਮਹੀਨੇ ਬਾਅਦ ਹੀ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸੇ ਦਿਨ, 18 ਮਾਰਚ ਨੂੰ, ਜਿਸ ਦਿਨ ਇਹ ਆਪ੍ਰੇਸ਼ਨ ਸ਼ੁਰੂ ਹੋਇਆ ਸੀ, ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਸੀ।


author

Rakesh

Content Editor

Related News