...ਤੇ ਹੁਣ ਮੋਹਾਲੀ ਦੇ ਇਸ ਇਲਾਕੇ ''ਚ ਪੁੱਜਿਆ ਗੁੱਤਾਂ ਕੱਟਣ ਵਾਲਾ ਭੂਤ, ਅੰਮ੍ਰਿਤਧਾਰੀ ਔਰਤ ਦੇ ਕੱਟੇ ਵਾਲ

Wednesday, Aug 09, 2017 - 12:05 PM (IST)

...ਤੇ ਹੁਣ ਮੋਹਾਲੀ ਦੇ ਇਸ ਇਲਾਕੇ ''ਚ ਪੁੱਜਿਆ ਗੁੱਤਾਂ ਕੱਟਣ ਵਾਲਾ ਭੂਤ, ਅੰਮ੍ਰਿਤਧਾਰੀ ਔਰਤ ਦੇ ਕੱਟੇ ਵਾਲ

ਡੇਰਾਬੱਸੀ (ਗੁਰਪ੍ਰੀਤ) : ਪੰਜਾਬ ਦੇ ਕਈ ਇਲਾਕਿਆਂ 'ਚ ਗੁੱਤਾਂ ਕੱਟਣ ਵਾਲੇ ਭੂਤ ਦੀ ਦਹਿਸ਼ਤ ਹੁਣ ਮੋਹਾਲੀ ਤੱਕ ਵੀ ਪੁੱਜ ਗਈ ਹੈ। ਇੱਥੇ ਮੋਹਾਲੀ ਦੇ ਡੇਰਾਬੱਸੀ ਇਲਾਕੇ 'ਚ ਇਕ ਅੰਮ੍ਰਿਤਧਾਰੀ ਔਰਤ ਦੇ ਵਾਲ ਕੱਟੇ ਗਏ ਹਨ, ਜਿਸ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ। ਜਾਣਕਾਰੀ ਮੁਤਾਬਕ ਡੇਰਾਬੱਸੀ ਦੇ ਰਹਿਣ ਵਾਲੇ ਸਵਰਣ ਸਿੰਘ ਦੇ ਘਰ ਉਸ ਦੀ ਪਤਨੀ ਚੰਪਾ ਕੌਰ ਅਤੇ 2 ਬੱਚੇ ਵੀ ਹਨ। ਸਵਰਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਅੰਮ੍ਰਿਤਧਾਰੀ ਹੈ। ਉਸ ਨੇ ਦੱਸਿਆ ਕਿ ਸਾਰੇ ਲੋਕ ਸੋਮਵਾਰ ਦੀ ਰਾਤ 11 ਵਜੇ ਦੇ ਕਰੀਬ ਕਮਰੇ 'ਚ ਸੌਣ ਚਲੇ ਗਏ। ਇਸ ਦੌਰਾਨ ਬਿਜਲੀ ਚਲੀ ਗਈ। ਤੜਕੇ ਕਰੀਬ 4 ਵਜੇ ਜਦੋਂ ਚੰਪਾ ਕੌਰ ਉੱਠ ਕੇ ਵਾਲ ਬੰਨ੍ਹ੍ਹਣ ਲੱਗੀ ਤਾਂ ਉਸ ਨੂੰ ਆਪਣੇ ਵਾਲ ਪਹਿਲਾਂ ਨਾਲੋਂ ਛੋਟੇ ਲੱਗੇ। ਉਸ ਨੇ ਸ਼ੀਸ਼ੇ 'ਚ ਦੇਖਿਆ ਤਾਂ ਉਸ ਦੇ ਵਾਲ ਇਕ ਪਾਸਿਓਂ ਕੱਟੇ ਹੋਏ ਸਨ ਅਤੇ ਵਾਲਾਂ ਦਾ ਗੁੱਛਾ ਮੰਜੇ ਹੇਠਾਂ ਪਿਆ ਹੋਇਆ ਸੀ। ਇਸ ਤੋਂ ਬਾਅਦ ਚੰਪਾ ਸਮੇਤ ਪੂਰਾ ਪਰਿਵਾਰ ਡਰ ਗਿਆ। ਇਸ ਖਬਰ ਦੇ ਫੈਲਣ 'ਤੇ ਉਨ੍ਹਾਂ ਦੇ ਘਰ ਲੋਕਾਂ ਦਾ ਤਾਂਤਾ ਲੱਗ ਗਿਆ। ਇਸ ਦੌਰਾਨ ਮੀਰਪੁਰ 'ਚ ਇਕ-ਦੋ ਹੋਰ ਪਰਿਵਾਰਾਂ ਦੇ ਘਰ ਗੁੱਤ ਕੱਟਣ ਦੀਆਂ ਖਬਰਾਂ ਆਈਆਂ ਪਰ ਇਨ੍ਹਾਂ ਨੂੰ ਅਫਵਾਹ ਹੀ ਮੰਨਿਆ ਜਾ ਰਿਹਾ ਹੈ। ਫਿਲਹਾਲ ਸਵਰਣ ਸਿੰਘ ਮੁਤਾਬਕ ਭੁੱਲ ਬਖਸ਼ਾਉਣ ਅਤੇ ਮਨ ਦੀ ਸ਼ਾਂਤੀ ਲਈ ਉਸ ਨੇ ਗੁਰਦੁਆਰੇ ਜਾ ਕੇ ਅਰਦਾਸ ਕਰਵਾਈ। ਇਸ ਮਾਮਲੇ 'ਚ ਸਵਰਣ ਸਿੰਘ ਨੇ ਪੁਲਸ 'ਚ ਸ਼ਿਕਾਇਤ ਦੇਣਾ ਜ਼ਰੂਰੀ ਨਹੀਂ ਸਮਝਿਆ।


Related News