ਮੁੱਖ ਮੰਤਰੀ ਅਮਰਿੰਦਰ ਨੇ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਇਕ ਸਾਲ ਦੀ ਸਜ਼ਾ ਕੀਤੀ ਮੁਆਫ
Monday, Aug 14, 2017 - 06:49 AM (IST)
ਜਲੰਧਰ/ਚੰਡੀਗੜ੍ਹ (ਧਵਨ/ਭੁੱਲਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿਚ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਇਕ ਸਾਲ ਦੀ ਸਜ਼ਾ ਮੁਆਫ ਕਰਨ ਦੀ ਸਿਫਾਰਿਸ਼ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਸਿਫਾਰਿਸ਼ ਅੱਜ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਭੇਜੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਸੰਵਿਧਾਨ ਵਿਚ ਰਾਜਪਾਲ ਨੂੰ ਧਾਰਾ 161 ਦੇ ਤਹਿਤ ਕੈਦੀਆਂ ਦੀ ਸਜ਼ਾ ਨੂੰ ਘੱਟ ਕਰਨ ਜਾਂ ਮੁਆਫ ਕਰਨ ਦੀਆਂ ਮਿਲੀਆਂ ਤਾਕਤਾਂ ਨੂੰ ਦੇਖਦੇ ਹੋਏ ਆਜ਼ਾਦੀ ਦਿਵਸ ਦੇ ਮੌਕੇ 'ਤੇ ਸੂਬੇ ਦੇ ਲੋਕਾਂ ਅੰਦਰ ਇਕ ਚੰਗਾ ਸੰਦੇਸ਼ ਦੇਣ ਲਈ ਇਕ ਉਕਤ ਕਦਮ ਚੁੱਕਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਸ (ਜੇਲ) ਨੂੰ ਇਸ ਸੰਬੰਧ ਵਿਚ ਇਕ ਵਿਆਪਕ ਮਤਾ ਤਿਆਰ ਕਰਨ ਦੇ ਹੁਕਮ ਦਿੱਤੇ ਹਨ, ਜਿਸ ਨੂੰ ਏ. ਡੀ. ਜੀ. ਪੀ. (ਜੇਲ) ਰਾਹੀਂ ਗ੍ਰਹਿ ਵਿਭਾਗ ਨੂੰ ਭੇਜ ਕੇ ਮੁੱਖ ਮੰਤਰੀ ਦੀ ਇਜਾਜ਼ਤ ਲਈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੀ 70ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੈਦੀਆਂ ਦੀ ਸਜ਼ਾ ਵਿਚ ਇਕ ਸਾਲ ਦੀ ਮੁਆਫੀ ਦੇਣ ਨਾਲ ਇਕ ਚੰਗਾ ਮਾਹੌਲ ਸੂਬੇ ਵਿਚ ਪੈਦਾ ਹੋਵੇਗਾ ਅਤੇ ਇਸ ਦਾ ਲਾਭ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਜੇਲਾਂ ਵਿਚ ਚੰਗਾ ਵਤੀਰਾ ਦਿਖਾਉਣ ਵਾਲੇ ਕੈਦੀਆਂ ਨੂੰ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਉਕਤ ਤੋਹਫਾ ਮਿਲਣਾ ਚਾਹੀਦਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਗੁਰਦਾਸਪੁਰ ਵਿਚ ਆਯੋਜਿਤ ਕੀਤੇ ਜਾ ਰਹੇ ਸੂਬਾ ਪੱਧਰੀ ਸਮਾਗਮ ਵਿਚ ਕੌਮੀ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਦਫਤਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਗੁਰਦਾਸਪੁਰ ਤੋਂ ਸਿੱਧਾ ਹੈਲੀਕਾਪਟਰ ਰਾਹੀਂ ਚੰਡੀਗੜ੍ਹ ਆ ਜਾਣਗੇ। ਗੁਰਦਾਸਪੁਰ ਵਿਚ ਉਨ੍ਹਾਂ ਦਾ ਜ਼ਿਆਦਾ ਦੇਰ ਰੁਕਣ ਦਾ ਪ੍ਰੋਗਰਾਮ ਨਹੀਂ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁਰਦਾਸਪੁਰ ਆਉਣ ਨੂੰ ਦੇਖਦੇ ਹੋਏ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਸਰਹੱਦੀ ਖੇਤਰ ਹੋਣ ਕਾਰਨ ਸੁਰੱਖਿਆ ਪ੍ਰਬੰਧਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸੀਆਂ ਦਾ ਮੰਨਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਗੁਰਦਾਸਪੁਰ ਆਉਣ ਨਾਲ ਕਾਂਗਰਸੀਆਂ ਦਾ ਮਨੋਬਲ ਉੱਚਾ ਹੋਵੇਗਾ।
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ ਨੂੰ ਲੈ ਕੇ ਜਲਦੀ ਹੀ ਚੋਣ ਕਮਿਸ਼ਨ ਵਲੋਂ ਉਪ-ਚੋਣ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਣਾ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਦਾ ਗੁਰਦਾਸਪੁਰ ਦੌਰਾ ਕਾਂਗਰਸ ਦੇ ਚੋਣ ਬਿਗਲ ਨੂੰ ਵੀ ਵਜਾ ਦੇਵੇਗਾ।
